ਸ਼ਤਾਬਦੀ ਸਮਾਗਮਾਂ ਸਬੰਧੀ ਐੱਸਡੀਐੱਮ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਨਾਲ ਮੀਟਿੰਗ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 27 ਜੁਲਾਈ
ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਮਨਾਈ ਜਾ ਰਹੀ 450 ਸਾਲਾ ਸ਼ਤਾਬਦੀ ਮੌਕੇ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆ ਐੱਸਡੀਐੱਮ ਸਚਿਨ ਪਾਠਕ ਖਡੂਰ ਸਾਹਿਬ ਵੱਲੋਂ ਅੱਜ ਗੁਰਦੁਆਰਾ ਬਾਉਲੀ ਸਾਹਿਬ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਐੱਸਡੀਐਮ ਸਚਿਨ ਪਾਠਕ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਤਾਬਦੀ ਸਮਾਗਮਾਂ ਸਬੰਧੀ ਉਲੀਕੇ ਪ੍ਰੋਗਰਾਮਾਂ ਦੀ ਜਾਣਕਾਰੀ ਲਈ ਗਈ ਅਤੇ ਸੰਗਤ ਦੀ ਆਮਦ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਲੌੜੀਦੇ ਯੋਗ ਪ੍ਰਬੰਧ ਕਰਨ ਦਾ ਵਿਸ਼ਵਾਸ ਦੁਆਇਆ ਗਿਆ। ਇਸ ਮੌਕੇ ਅਡੀਸ਼ਨਲ ਮੈਨੇਜਰ ਅਵਤਾਰ ਸਿੰਘ ਪਿੰਦੀ, ਅਕਾਊਂਟੈਂਟ ਸੁਖਦੇਵ ਸਿੰਘ ਮੱਲਮੋਹਰੀ ਵੱਲੋਂ ਐੱਸਡੀਐੱਮ ਦਾ ਸਨਮਾਨ ਕੀਤਾ ਗਿਆ। ਸ੍ਰੀ ਪਾਠਕ ਨੇ ਕਿਹਾ ਕਿ ਇਸ ਸਬੰਧੀ ਰੂਟ ਪਲਾਨ ਤਿਆਰ ਕਰਕੇ ਸੰਗਤ ਦੇ ਗੁਰੂ ਘਰ ਆਉਣ ਅਤੇ ਜਾਣ ਲਈ ਵੱਖ-ਵੱਖ ਡਿੱਪੂਆਂ ਰਾਹੀਂ ਬੱਸਾ ਮੁਹੱਈਆ ਕਰਵਾਈਆਂ ਜਾਣਗੀਆਂ। ਹੋਰ ਪ੍ਰਬੰਧਾਂ ਦੇ ਨਾਲ ਇਸ ਤੋਂ ਵਿਲਾਵਾ ਸਰਕਾਰ ਵੱਲੋਂ ਹਰ ਸਰਕਾਰੀ ਸਕੂਲ ਵਿੱਚ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਜਾਣੂੰ ਕਰਵਾਉਣ ਲਈ ਮਹੀਨੇ ਦੀਆਂ ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੌਕੇ ਹੈੱਡ ਗ੍ਰੰਥੀ ਗੁਰਮੁੱਖ ਸਿੰਘ, ਜੈਮਲ ਸਿੰਘ, ਜਸਵਿੰਦਰ ਸਿੰਘ ਮੌਜੂਦ ਸਨ।