ਅਧਿਆਪਕਾਂ ਵੱਲੋਂ ਸਿੱਖਿਆ ਅਧਿਕਾਰੀ ਨਾਲ ਮੀਟਿੰਗ
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਸਤੰਬਰ
ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਨੂੰ ਮਿਲਿਆ। ਇਸ ਸਬੰਧੀ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੰਗ ਪੱਤਰ ਰਾਹੀਂ ਬਿਜਲੀ ਦੇ ਬਿੱਲਾਂ ਅਤੇ ਖੇਡਾਂ ਦੀ ਪੇਮੈਂਟ ਕਰਨ, ਸਾਲ 2022, 2023 ਦੀਆਂ ਸਾਲਾਨਾ ਗੁਪਤ ਰਿਪੋਰਟਾਂ ਜਾਰੀ ਕਰਨ, ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਕਰਨ ਤੇ ਅਧਿਆਪਕਾਂ ਨੂੰ ਬੀਐੱਲਓ ਡਿਊਟੀ ਤੋਂ ਛੋਟ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਸਟੇਟ ਸਕੀਮ ਅਧੀਨ ਆਈਆਂ ਬਾਕੀ ਰਹਿੰਦੀਆਂ 15 ਪ੍ਰਤੀਸ਼ਤ ਗਰਾਂਟਾਂ ਛੇਤੀ ਜਾਰੀ ਕਰਨ, ਮੈਡੀਕਲ ਬਿੱਲਾਂ ਦਾ ਬਜਟ ਜਾਰੀ ਕਰਨ, 6635 ਈਟੀਟੀ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦੇਣ, 4161 ਮਾਸਟਰ ਕੇਡਰ ਦੀ ਭਰਤੀ ਦੀ ਹਾਜ਼ਰ ਹੋਣ ਦੀ ਮਿਤੀ ਪ੍ਰਾਣ ਕਾਰਡ ਉੱਪਰ ਅਪਡੇਟ ਕਰਨ ਤੇ ਸਫ਼ਾਈ ਸੇਵਕ ਅਤੇ ਸਕਿਉਰਿਟੀ ਗਾਰਡਾਂ ਦੀਆਂ ਤਨਖਾਹਾਂ ਜਾਰੀ ਕਰਨ ਸਬੰਧੀ ਗੱਲਬਾਤ ਵੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ, ਨਵਦੀਪ ਸਿੰਘ, ਸਤਿ ਕਰਤਾਰ ਸਿੰਘ, ਅੰਮ੍ਰਿਤ ਪਾਲ ਸਿੰਘ, ਅਵਤਾਰ ਸਿੰਘ ਖਾਲਸਾ, ਅਮਰਿੰਦਰ ਸਿੰਘ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਨਵਗੀਤ ਸਿੰਘ ਤੋਂ ਇਲਾਵਾ ਡੈਮੋਕਰੈਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ ਆਦਿ ਹਾਜ਼ਰ ਸਨ।