ਗੁੱਜਰ ਅਤੇ ਸ਼ੈਲੀ ਚੌਧਰੀ ਵੱਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 10 ਅਕਤੂਬਰ
ਨਰਾਇਣਗੜ੍ਹ ਵਿੱਚ ਕਾਂਗਰਸ ਦੇ ਨਵ-ਨਿਯੁਕਤ ਵਿਧਾਇਕ ਸ਼ੈਲੀ ਚੌਧਰੀ ਅਤੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਮ ਕਿਸ਼ਨ ਗੁੱਜਰ ਨੇ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸ਼ੈਲੀ ਚੌਧਰੀ ਨੂੰ ਦੂਜੀ ਵਾਰ ਵਿਧਾਇਕ ਬਣਾਉਣ ’ਤੇ ਹਲਕਾ ਵਾਸੀਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਨਰਾਇਣਗੜ੍ਹ ਦੀ ਤਰੱਕੀ ਕਰਨ ਲਈ ਯਤਨ ਜਾਰੀ ਰੱਖਣਗੇ।
ਵਿਧਾਇਕ ਸ਼ੈਲੀ ਚੌਧਰੀ ਨੇ ਪਹਿਲਾਂ ਹਲਕਾ ਵਾਸੀਆਂ ਦੇ ਅਸ਼ੀਰਵਾਦ ਲਈ ਧੰਨਵਾਦ ਕੀਤਾ। ਸੂਬੇ ਵਿੱਚ ਕਾਂਗਰਸ ਦੀ ਲਹਿਰ ਦੇ ਬਾਵਜੂਦ ਸਰਕਾਰ ਨਾ ਬਣਨ ਦੇ ਸਵਾਲ ’ਤੇ ਸ਼ੈਲੀ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ ਇਸ ਗੱਲ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਕਿ ਅਜਿਹਾ ਕਿਉਂ ਅਤੇ ਕਿਵੇਂ ਹੋਇਆ।
ਕਾਰਜਕਾਰੀ ਪ੍ਰਧਾਨ ਰਾਮ ਕਿਸ਼ਨ ਗੁੱਜਰ ਨੇ ਕਿਹਾ ਕਿ ਉਹ ਨਰਾਇਣਗੜ੍ਹ ਦੇ ਸਮੂਹ ਲੋਕਾਂ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਸ਼ੈਲੀ ਚੌਧਰੀ ਨੂੰ ਦੂਜੀ ਵਾਰ ਇੱਥੇ ਸੇਵਾ ਕਰਨ ਦਾ ਮੌਕਾ ਦਿੱਤਾ। ਨਰਾਇਣਗੜ੍ਹ ਲਈ ਸਾਡੀਆਂ ਕੋਸ਼ਿਸ਼ਾਂ ਅਤੇ ਸੰਘਰਸ਼ ਜਾਰੀ ਰਹੇਗਾ। ਜੋ ਅੱਜ ਦਾ ਮਾਹੌਲ ਹੈ ਅਤੇ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਨਰਾਇਣਗੜ੍ਹ ਤਰੱਕੀ ਦੀ ਰਾਹ ’ਤੇ ਚੱਲੇਗਾ। ਉਨ੍ਹਾਂ ਕਿਹਾ ਕਿ ਵਿਧਾਇਕ ਸ਼ੈਲੀ ਚੌਧਰੀ ਵੀ ਹਲਕੇ ਦੀਆਂ ਸਮਸਿਆਵਾਂ ਨੂੰ ਮੁੱਖ ਮੰਤਰੀ ਦੇ ਸਾਹਮਣੇ ਉਠਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਨਰਿੰਦਰ ਦੇਵ ਸ਼ਰਮਾ, ਅਮਿਤ ਵਾਲੀਆ, ਜਤਿੰਦਰ ਅਬਦੁੱਲਾ, ਦੇਸ਼ ਬੰਧੂ ਜਿੰਦਲ, ਰਵਿੰਦਰ ਸਿੰਘ, ਸੰਦੀਪ, ਗੁਰਵਿੰਦਰ ਬੇਰਖੇੜੀ, ਜੈ ਪਾਲ, ਡਾ. ਸੁਰੇਸ਼ ਧੀਮਾਨ, ਚਮਨ ਪੰਜਲਾਸਾ ਹਾਜ਼ਰ ਸਨ।