ਹਰਦੀਪ ਸਿੰਘ ਮੁੰਡੀਆਂ ਵੱਲੋਂ ਕਲੋਨਾਈਜ਼ਰਾਂ ਨਾਲ ਮੀਟਿੰਗ
ਆਤਿਸ਼ ਗੁਪਤਾ
ਚੰਡੀਗੜ੍ਹ, 14 ਅਕਤੂਬਰ
ਪੰਜਾਬ ਸਰਕਾਰ ਵੱਲੋਂ ਸ਼ਹਿਰੀਆਂ ਅਤੇ ਕਲੋਨਾਈਜ਼ਰਾਂ ਦੇ ਪੈਂਡਿੰਗ ਕੰਮਾਂ ਦੇ ਨਿਪਟਾਰੇ ਲਈ 16 ਅਕਤੂਬਰ ਨੂੰ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਕਲੋਨਾਈਜ਼ਰਾਂ ਦੇ ਘੱਟੋ-ਘੱਟ 50 ਕੇਸਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਇੱਥੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਕਲੋਨਾਈਨਜ਼ਰਾਂ ਦੀ ਕਨਫੈਡਰੇਸ਼ਨ ਨਾਲ ਮੀਟਿੰਗ ਦੌਰਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਲੋਨਾਈਜ਼ਰਾਂ ਤੇ ਸ਼ਹਿਰ ਵਾਸੀਆਂ ਦੇ ਕੰਮਾਂ ਦੀ ਪੈਂਡੇਸੀ ਬਿਲਕੁਲ ਖਤਮ ਕੀਤੀ ਜਾ ਰਹੀ ਹੈ। ਇਸੇ ਲਈ 16 ਅਕਤੂਬਰ ਤੋਂ ਬਾਅਦ ਨਵੰਬਰ ਦੇ ਅਖੀਰ ਵਿੱਚ ਇਕ ਹੋਰ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਪੈਂਡਿੰਗ ਕੇਸਾਂ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸ੍ਰੀ ਮੁੰਡੀਆਂ ਨੇ ਕਿਹਾ ਕਿ ਜੇਕਰ ਵਿਭਾਗ ਦੇ ਕਿਸੇ ਅਧਿਕਾਰੀ ਵਲੋਂ ਕਾਲੋਨਾਈਜ਼ਰਾਂ ਦੇ ਕੇਸਾਂ ਸਬੰਧੀ ਕਿਸੇ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਸਬੰਧੀ ਆਪਣੀ ਸ਼ਿਕਾਇਤ ਵਿਭਾਗ ਦੀ ਈਮੇਲ ’ਤੇ ਕੀਤੀ ਜਾਵੇ। ਇਹ ਸ਼ਿਕਾਇਤ ਸਿੱਧੀ ਵਿਭਾਗ ਦੇ ਸਕੱਤਰ ਵੱਲੋਂ ਦੇਖੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਣ-ਅਧਿਕਾਰਤ ਕਲੋਨੀਆਂ ਉੱਪਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ 18 ਤੋਂ 29 ਅਕਤੂਬਰ ਤੱਕ ਸਰਕਾਰੀ ਜਾਇਦਾਦਾਂ ਦੀ ਦੂਜੀ ਆਕਸ਼ਨ ਸ਼ੁਰੂ ਕੀਤੀ ਜਾ ਰਹੀ ਹੈ।
ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਕਿਹਾ ਕਿ ਵਿਭਾਗ ਦੇ ਜਨਤਕ ਕੰਮਾਂ ਲਈ ਹਰ ਮਹੀਨੇ ਕੰਮਾਂ ਦੀ ਕਲੀਅਰੈਂਸ ਲਈ ਕੈਂਪ ਲਗਾਏ ਜਾਣਗੇ। ਵਿਭਾਗ ਵਿੱਚ ਹੁਣ ਤੱਕ ਵੱਖ-ਵੱਖ ਤਰ੍ਹਾਂ ਦੇ 1000 ਕੇਸ ਪੈਂਡਿੰਗ ਸਨ, ਉਹ ਵਿਭਾਗ ਦੇ ਅਧਿਕਾਰੀਆਂ ਦੀ ਮਿਹਨਤ ਸਦਕਾ ਘਟ ਕੇ ਹੁਣ 100 ਰਹਿ ਗਏ ਹਨ ।