ਸਹਾਇਕ ਕਰ ਕਮਿਸ਼ਨਰ ਵੱਲੋਂ ਚਾਰਟਰਡ ਅਕਾਊਂਟੈਂਟਸ ਸੁਸਾਇਟੀ ਨਾਲ ਮੀਟਿੰਗ
ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਨਵੰਬਰ
ਇਥੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ (ਏਈਟੀਸੀ) ਪੂਨਮ ਗਰਗ ਨੇ ਮੋਗਾ ਚਾਰਟਰਡ ਅਕਾਊਂਟੈਂਟਸ ਸੁਸਾਇਟੀ ਨਾਲ ਪੰਜਾਬ ਵਿਕਾਸ ਟੈਕਸ (ਪੀਐੱਸਡੀਟੀ) ਸਬੰਧੀ ਮੀਟਿੰਗ ਕਰ ਕੇ ਵਪਾਰੀ ਵਰਗ ਨੂੰ ਜਾਗਰੂਕ ਕੀਤਾ ਅਤੇ ਟੈਕਸ ਭਰਨ ’ਚ ਸਹਿਯੋਗ ਕਰਨ ਦੀ ਮੰਗ ਕੀਤੀ। ਪੂਨਮ ਗਰਗ ਨੇ ਕਿਹਾ ਕਿ ਪੰਜਾਬ ਵਿਕਾਸ ਟੈਕਸ ਦਾ ਮੁੱਖ ਉਦੇਸ ਰਾਜ ਦੇ ਵਿਕਾਸ ਕਾਰਜਾਂ ਲਈ ਆਰਥਿਕ ਸਾਧਨ ਇਕੱਠੇ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਟੈਕਸ ਮੁੱਖ ਤੌਰ ’ਤੇ ਉਨ੍ਹਾਂ ਨਾਗਰਿਕਾਂ ਜਾਂ ਵਪਾਰੀ ਵਰਗ ਤੋਂ ਲਿਆ ਜਾਂਦਾ ਹੈ ਜਿਨ੍ਹਾਂ ਦੀ ਆਮਦਨ ਨਿਰਧਾਰਿਤ ਸੀਮਾ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਆਮਦਨ ਕਰ ਦੀ ਨਿਰਧਾਰਤ ਸੀਮਾ 2.50 ਲੱਖ ਹੈ ਅਤੇ ਇਸ ਤੋਂ ਵੱਧ ਆਮਦਨ ਵਾਲੇ ਹਰ ਨਾਗਰਿਕ ਨੂੰ ਇਹ ਟੈਕਸ ਅਦਾ ਕਰਨਾ ਚਾਹੀਦਾ ਹੈ ਤਾਂ ਇਸ ਟੈਕਸ ਤੋਂ ਮਿਲੀ ਰਕਮ ਨੂੰ ਪੰਜਾਬ ਦੇ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ ਸੇਵਾਵਾਂ, ਅਤੇ ਹੋਰ ਵਿਕਾਸ ਪ੍ਰੋਜੈਕਟਾਂ ਵਿਚ ਲਗਾਈ ਜਾਂਦੀ ਹੈ। ਇਸ ਮੌਕੇ ਮੋਗਾ ਚਾਰਟਰਡ ਅਕਾਊਂਟੈਂਟਸ ਸੁਸਾਇਟੀ ਦੇ ਸਰਪ੍ਰਸਤ ਸੀਏ ਪ੍ਰੇਮ ਸਿੰਘਲ, ਪ੍ਰਧਾਨ ਸੀਏ ਅਸ਼ੋਕ ਅਗਰਵਾਲ, ਸਕੱਤਰ ਨਰਹਰੀ ਭੂਸ਼ਣ, ਜੁਆਇੰਟ ਸਕੱਤਰ ਪ੍ਰੀਤੀ ਗੁਪਤਾ, ਪਵਨ ਗੁਪਤਾ, ਰੋਹਿਤ ਸਿੰਘਲਾ, ਦੀਕਸ਼ਿਤ ਗਰਗ, ਵਿਸ਼ਾਲ ਮਿੱਤਲ ਅਤੇ ਵਿਵੇਕ ਗੁਪਤਾ (ਸਾਰੇ ਸੀਏ) ਨੇ ਭਰੋਸਾ ਦਿਵਾਇਆ ਕਿ ਸੁਸਾਇਟੀ ਪ੍ਰਸ਼ਾਸਨ ਨੂੰ ਹਰ ਪੱਧਰ ’ਤੇ ਸਹਿਯੋਗ ਦੇਵੇਗੀ ਅਤੇ ਵਾਪਰੀ ਵਰਗ ਤੋਂ ਇਲਾਵਾ ਨਿਰਧਾਰਤ ਆਮਦਨ ਹੱਦ ਤੋਂ ਵੱਧ ਵਾਲੇ ਨਾਗਰਿਕਾਂ ਨੂੰ ਵੀ ਜਾਗਰੂਕ ਕਰੇਗੀ।