For the best experience, open
https://m.punjabitribuneonline.com
on your mobile browser.
Advertisement

ਹਰਫ਼ਾਂ ਨੂੰ ਮਿਲਦਿਆਂ

12:18 PM Dec 06, 2023 IST
ਹਰਫ਼ਾਂ ਨੂੰ ਮਿਲਦਿਆਂ
Advertisement

ਡਾ. ਗੁਰਬਖ਼ਸ਼ ਸਿੰਘ ਭੰਡਾਲ

Advertisement

ਹਰਫ਼ਾਂ ਦਾ ਵਸੀਹ ਸੰਸਾਰ ਹੈ। ਸਮੁੱਚੀਆਂ ਸੰਸਾਰਕ ਗਤੀਵਿਧੀਆਂ ਅਤੇ ਮਨੁੱਖੀ ਸਰੋਕਾਰ ਇਨ੍ਹਾਂ ਹਰਫ਼ਾਂ ਵਿੱਚੋਂ ਹੀ ਪੈਦਾ ਹੁੰਦੇ ਹਨ। ਹਰਫ਼ ਹੀ ਇਨ੍ਹਾਂ ਨੂੰ ਪਰਿਭਾਸ਼ਤ ਕਰਦੇ ਅਤੇ ਦਾਇਰਿਆਂ ਨੂੰ ਵਿਸਥਾਰਦੇ ਹਨ। ਮੈਂ ਅਕਸਰ ਹਰਫ਼ਾਂ ਨੂੰ ਮਿਲਦਾਂ ਹਾਂ। ਕਦੇ ਚੁੱਪ-ਚੁਪੀਤੇ, ਕਦੇ ਸੁੰਨ-ਸਮਾਧੀ ’ਚ ਅਤੇ ਕਦੇ ਉੱਚੀ ਉੱਚੀ ਚੀਖਦਿਆਂ। ਇਹ ਹਰਫ਼ ਹੀ ਹੁੰਦੇ ਹਨ ਜੋ ਮੇਰੇ ਭਾਵਾਂ ਨੂੰ ਜ਼ੁਬਾਨ ਦਿੰਦੇ ਹਨ। ਮੇਰੀਆਂ ਸੋਚਾਂ ਨੂੰ ਅੰਦਾਜ਼, ਸੁਪਨਿਆਂ ਨੂੰ ਪਰਵਾਜ਼ ਅਤੇ ਤਦਬੀਰਾਂ ਨੂੰ ਖ਼ਾਬ ਦਿੰਦੇ ਹਨ। ਇਸ ਵਿੱਚੋਂ ਹੀ ਤਕਦੀਰਾਂ ਨੇ ਮੇਰੇ ਮਸਤਕ ’ਤੇ ਆਪਣੇ ਨਕਸ਼ਾਂ ਦੀ ਨਿਸ਼ਾਨਦੇਹੀ ਕਰਨੀ ਹੁੰਦੀ ਹੈ।
ਹਰਫ਼ ਹੀ ਹੁੰਦੇ ਹਨ ਜਿਨ੍ਹਾਂ ਦੀ ਜੂਹ ਵਿੱਚ ਮੈਂ ਆਪਣੇ ਆਪ ਨੂੰ ਮਿਲਦਾ ਹਾਂ। ਸਵੈ-ਸੰਵਾਦ ਵੀ ਇਹੀ ਹਰਫ਼ ਉਲਥਾਉਂਦੇ ਅਤੇ ਮੇਰੇ ਅੰਤਰੀਵ ਨੂੰ ਫੈਲਣ ਦਾ ਹੁਨਰ ਅਤੇ ਹਾਸਲ ਮਿਲਦਾ ਹੈ। ਹਰਫ਼ ਹੀ ਹੁੰਦੇ ਹਨ ਜੋ ਅਛੋਪਲੇ ਜਿਹੇ ਕਲਮ ਦੀ ਨੋਕ ’ਤੇ ਆ ਬਹਿੰਦੇ ਅਤੇ ਫਿਰ ਹੌਲੀ ਹੌਲੀ ਸਫ਼ਿਆਂ ’ਤੇ ਫੈਲਦੇ, ਕਿਸੇ ਲਿਖਤ ਨੂੰ ਸਿਰਜਦੇ ਹਨ। ਇਸ ਲਿਖਤ ਦੀ ਤਾਸੀਰ ਵਿੱਚ ਹਰਫ਼ਾਂ ਦੀ ਸਭ ਤੋਂ ਜ਼ਿਆਦਾ ਅਹਿਮੀਅਤ ਹੈ। ਜਦ ਲਿਖਤ ਵਿੱਚ ਹਰਫ਼ ਕਿਸੇ ਖ਼ਾਸ ਰਿਦਮ ਵਿੱਚ ਹੁੰਦੇ ਤਾਂ ਇਹ ਮੌਲਦੇ, ਮਹਿਕਦੇ ਅਤੇ ਇਨ੍ਹਾਂ ਦੀ ਬਦੌਲਤ ਬਹੁਤ ਕੁਝ ਲਿਖਤ ਵਿੱਚ ਸਮਾ ਜਾਂਦਾ ਜਿਸ ਨੇ ਪਾਠਕ ਨੂੰ ਕਈ ਵਾਰ ਅਚੰਭਿਤ ਵੀ ਕਰਨਾ ਹੁੰਦਾ। ਕਈ ਵਾਰ ਤਾਂ ਮੈਂ ਵੀ ਹੈਰਾਨ ਹੁੰਦਾ ਕਿ ਕੀ ਇਹ ਮੇਰੇ ਹੀ ਹਰਫ਼ ਨੇ ਜਿਨ੍ਹਾਂ ਦੇ ਸੰਵਾਦ ਵਿੱਚੋਂ ਇਸ ਕਿਰਤ ਨੇ ਜਨਮ ਲਿਆ।
ਹਰਫ਼ ਹੀ ਹੁੰਦੇ ਹਨ ਜੋ ਤੁਹਾਡੇ ਸਬੰਧਾਂ ਦੀ ਨੀਂਹ ਹਨ। ਇਨ੍ਹਾਂ ਵਿਚਲੀ ਪਾਕੀਜ਼ਗੀ ਤੇ ਇਨ੍ਹਾਂ ਵਿਚਲੀ ਪਾਹੁਲ ਨੇ ਹੀ ਰਿਸ਼ਤਿਆਂ ਨੂੰ ਨਰੋਆਪਣ ਅਤੇ ਨਵੀਨਤਾ ਬਖ਼ਸ਼ਣੀ ਹੁੰਦੀ ਹੈ। ਹਰਫ਼ ਹੀ ਹੁੰਦੇ ਹਨ ਜਿਨ੍ਹਾਂ ਰਾਹੀਂ ਇਤਿਹਾਸ ਅਤੇ ਮਿਥਿਹਾਸ ਸਾਂਭਿਆ ਗਿਆ। ਆਦਿ-ਗ੍ਰੰਥ ਰਚੇ ਗਏ। ਇਹ ਹਰਫ਼ਾਂ ਦੀ ਹੀ ਕਰਤਾਰੀ ਸ਼ਕਤੀ ਹੈ ਜਿਸ ਨਾਲ ਸਾਡੇ ਬਜ਼ੁਰਗਾਂ ਦੀਆਂ ਸਿਆਣਪਾਂ ਨੂੰ ਅਗਲੀ ਪੀੜ੍ਹੀ ਨੇ ਸਮਝਿਆ ਅਤੇ ਇਨ੍ਹਾਂ ਸਮੁੱਤਾਂ ਵਿੱਚੋਂ ਹੀ ਜ਼ਿੰਦਗੀ ਨੂੰ ਨਵੇਂ ਅਰਥਾਂ ਦੀ ਤਸ਼ਬੀਹ ਦਿੱਤੀ। ਹਰਫ਼ ਹੀ ਹੁੰਦੇ ਹਨ ਜੋ ਕਿਸੇ ਨੂੰ ਲਿਖਤੀ ਇਮਤਿਹਾਨ ਵਿੱਚੋਂ ਮੋਹਰੀ ਵੀ ਬਣਾਉਂਦੇ ਹਨ, ਪਰ ਕਿਸੇ ਨੂੰ ਹੀਣ ਭਾਵਨਾ ਦਾ ਸ਼ਿਕਾਰ ਵੀ। ਹਰਫ਼ ਹੀ ਹੁੰਦੇ ਹਨ ਗਿਆਨ ਤੇ ਲਿਆਕਤ ਦਾ ਪੈਮਾਨਾ। ਪਤਾ ਲੱਗਦਾ ਕਿ ਬੰਦੇ ਨੇ ਕਿਹੜੇ ਹਰਫ਼ਾਂ ਰਾਹੀਂ ਖ਼ੁਦ ਨੂੰ ਪ੍ਰਗਟਾਇਆ? ਕਿਹੜੇ ਹਰਫ਼ਾਂ ਰਾਹੀਂ ਆਪਣੀ ਔਕਾਤ ਅਤੇ ਖ਼ਾਸੀਅਤ ਨੂੰ ਜੱਗ-ਜ਼ਾਹਰ ਕੀਤਾ।
ਹਰਫ਼ ਕੁਝ ਵੀ ਨਾ ਹੁੰਦਿਆਂ, ਬਹੁਤ ਕੁਝ ਹੁੰਦੇ ਕਿਉਂਕਿ ਹਰਫ਼ ਜਦ ਜੁੜਦੇ ਤਾਂ ਸ਼ਬਦ ਬਣਦੇ ਹਨ। ਇਹ ਸ਼ਬਦ ਹੀ ਹੁੰਦੇ ਹਨ ਜਿਨ੍ਹਾਂ ਵਿੱਚੋਂ ਕਿਸੇ ਲਿਖਤ ਜਾਂ ਵਿਅਕਤੀ ਨੇ ਆਪਣੇ ਆਪ ਨੂੰ ਜ਼ਾਹਰ ਕਰਨਾ ਹੁੰਦਾ ਹੈ। ਹਰਫ਼ ਨਾ ਹੁੰਦੇ ਤਾਂ ਕਿਵੇਂ ਬੰਦਾ ਲਿਖਤੀ ਰੂਪ ਵਿੱਚ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਦਾ? ਕਿਵੇਂ ਉਹ ਆਪਣੀਆਂ ਆਸਾਂ ਨੂੰ ਧਰਵਾਸ ਦਿੰਦਾ? ਕਿਵੇਂ ਆਪਣੇ ਵਿਸ਼ਵਾਸ ਨੂੰ ਹਥਿਆਰ ਬਣਾਉਂਦਾ? ਕਿਵੇਂ ਉਹ ਹਰਫ਼ਾਂ ਦੀ ਇਨਾਇਤ ਵਿੱਚੋਂ ਅਮੁੱਲ ਖ਼ਜ਼ਾਨਿਆਂ, ਅਮੀਰ ਵਿਰਾਸਤ ਅਤੇ ਸੱਭਿਆਚਾਰ ਦੇ ਸਨਮੁੱਖ ਹੁੰਦਾ। ਮਨੁੱਖੀ ਵਿਕਾਸ ਦੌਰਾਨ ਹੀ ਸੱਭਿਆਚਾਰ, ਸਾਹਿਤ ਅਤੇ ਵਿਰਾਸਤ ਹਰਫ਼ਾਂ ਰਾਹੀਂ ਹੀ ਅਗਲੇਰੀ ਨਸਲ ਤੀਕ ਪਹੁੰਚਦੀ। ਇਹ ਨਵੀਂ ਪੀੜ੍ਹੀ ਦਾ ਫ਼ਰਜ਼ ਹੁੰਦਾ ਹੈ ਕਿ ਉਸਨੇ ਆਪਣੀ ਵਸੀਅਤ ਰਾਹੀਂ ਵਿਰਾਸਤ ਨੂੰ ਅੱਗੇ ਕਿਵੇਂ ਤੋਰਨਾ ਹੈ?
ਇਹ ਹਰਫ਼ ਹੁੰਦੇ ਹਨ ਜਿਸ ਨਾਲ ਕਿਸੇ ਦਾ ਦੁੱਖ ਵੰਡਾਇਆ ਜਾ ਸਕਦਾ। ਕਿਸੇ ਦੇ ਹੰਝੂਆਂ ਨੂੰ ਪੂੰਝਿਆ ਜਾ ਸਕਦਾ। ਕਿਸੇ ਦੀ ਸਿਰੋਂ ਲੱਥੀ ਚੁੰਨੀ ਨੂੰ ਸਿਰ ’ਤੇ ਟਿਕਾ ਕੇ, ਅਜ਼ਮਤ ਨੂੰ ਨਵੇਂ ਅਰਥ ਦਿੱਤੇ ਜਾ ਸਕਦੇ। ਹਰਫ਼ਾਂ ਵਿੱਚ ਘੁਲੇ ਬੋਲ ਹੀ ਹੁੰਦੇ ਹਨ ਜੋ ਕਿਸੇ ਬੇਸਹਾਰਾ ਬਦਨਸੀਬ ਜਾਂ ਬੇਗਾਨੇ ਨੂੰ ਅਪਣੱਤ ਦਾ ਅਹਿਸਾਸ ਕਰਾਉਂਦੇ ਹਨ। ਗੁਰੂਆਂ, ਸੰਤਾਂ, ਮਹਾਪੁਰਖਾਂ, ਰਿਸ਼ੀਆਂ ਅਤੇ ਸਾਧੂ-ਸੰਤਾਂ ਦੇ ਹਰਫ਼ੀ ਪ੍ਰਵਚਨ ਹੀ ਹੁੰਦੇ ਜਿਨ੍ਹਾਂ ਨਾਲ ਮਾਯੂਸ ਅਤੇ ਉਦਾਸ ਵਿਅਕਤੀਆਂ ਨੂੰ ਜੀਵਨ ਦੀ ਸ਼ਾਮ ਵਿੱਚ ਵੀ ਸਰਘੀ ਨਜ਼ਰ ਆਉਂਦੀ। ਇਸ ਵਿੱਚੋਂ ਹੀ ਉਹ ਆਪਣੇ ਹਿੱਸੇ ਦੇ ਸੂਰਜ ਅਤੇ ਅੰਬਰ ਨੂੰ ਮਿਲਦੇ ਅਤੇ ਜ਼ਿੰਦਗੀ ਨੂੰ ਨਵਾਂਪਣ ਮਿਲਦਾ।
ਇਹ ਹਰਫ਼ ਹੀ ਹੁੰਦੇ ਹਨ ਜਿਨ੍ਹਾਂ ਨੇ ਬੰਦੇ ਨੂੰ ਇਨਸਾਨੀਅਤ ਦੇ ਰਾਹ ਤੋਰਨਾ ਹੁੰਦਾ। ਹੈਵਾਨੀਅਤ ਨੂੰ ਇਨਸਾਨੀਅਤ ਵਿੱਚ ਬਦਲਣਾ ਹੁੰਦਾ। ਕਿਆਮਤ ਨੂੰ ਰਹਿਮਤਾਂ ਦੇ ਰੂਪ ਵਿੱਚ ਦੇਖਣਾ ਹੁੰਦਾ। ਮਨੁੱਖ ਦਾ ਦ੍ਰਿਸ਼ਟੀਕੋਣ ਵੀ ਹਰਫ਼ਾਂ ਵਿੱਚੋਂ ਨਜ਼ਰ ਆਉਂਦਾ। ਇਸ ਰਾਹੀਂ ਅਸੀਂ ਮਨੁੱਖੀ ਫਿਤਰਤ ਨੂੰ ਪੜ੍ਹਦੇ ਅਤੇ ਫਿਰ ਉਸ ਅਨੁਸਾਰ ਸਮਾਜ ਵਿੱਚ ਵਿਚਰਦੇ ਹਾਂ। ਹਰਫ਼ ਦਾ ਵੀ ਅਜੀਬ ਹੀ ਸੰਸਾਰ ਹੈ। ਆਪਣੇ ਆਪ ’ਚ ਵਿਸਥਾਰ ਅਤੇ ਆਕਾਰ ਹੈ। ਹਰਫ਼ ਕਦੇ ਸੂਰਜ ਹੁੰਦੇ ਤੇ ਕਦੇ ਬਣਦੇ ਤਾਰੇ। ਕਦੇ ਇਹ ਦਰਿਆ ਦਾ ਵਹਿਣ ਤੇ ਕਦੇ ਸਮੁੰਦਰ ਖਾਰੇ। ਕਦੇ ਇਹ ਫੁੱਲਾਂ ਦੀ ਵਾਦੀ ਅਤੇ ਕਦੇ ਪੱਤੜਝ ਦੇ ਦੀਦਾਰੇ ਹਨ। ਕਦੇ ਇਹ ਮਾਸੂਮ ਹੁੰਦੇ ਤੇ ਕਦੇ ਕਦਾਈਂ ਇਹ ਅੱਖਰਦੇ ਹਨ। ਕਦੇ ਬੁੱਕਲ ਦਾ ਨਿੱਘ ਅਤੇ ਕਦੇ ਸ਼ਰੀਕ ਬਣ ਕੇ ਟੱਕਰਦੇ ਹਨ। ਕਦੇ ਇਹ ਨਿਮਰਤਾ ਦੇ ਪੁੰਜ ਅਤੇ ਕਦੇ ਨਫ਼ਰਤਾਂ ਦਾ ਪੈਗ਼ਾਮ ਹੁੰਦੇ ਹਨ। ਕਦੇ ਇਹ ਮਨ ਦੀ ਸਵੇਰ ਅਤੇ ਕਦੇ ਸਾਡੀ ਸੋਚ ਦੀ ਸ਼ਾਮ ਹੁੰਦੇ ਹਨ। ਕਦੇ ਇਹ ਮਿਲ ਕੇ ਬਹਿੰਦੇ ਤੇ ਕਦੇ ਇਕੱਲ ਹੰਢਾਉਂਦੇ। ਕਦੇ ਸੁਖਨ ਦੀ ਬਾਰਸ਼ ਅਤੇ ਕਦੇ ਦੁੱਖਾਂ ਦੀ ਬਾਤ ਪਾਉਂਦੇ। ਕਦੇ ਇਹ ਰੂਹ ਦਾ ਰੱਜ ਹੁੰਦੇ ਤੇ ਕਦੇ ਇਹ ਰੱਬ ਹੁੰਦੇ। ਕਦੇ ਇਹ ਤਨ ਦੀਆਂ ਲੀਰਾਂ ਤੇ ਕਦੇ ਇਹ ਤਨ ਦਾ ਕੱਜ਼ ਹੁੰਦੇ।
ਕਦੇ ਇਹ ਪੀੜਾਂ ਦੀ ਵੰਝਲੀ ਅਤੇ ਕਦੇ ਖ਼ੁਸ਼ੀ ਦਾ ਰਾਗ ਹੁੰਦੇ ਹਨ। ਕਦੇ ਇਹ ਚਿੱਤ ਦੀ ਵਿਲਕਣੀ ਅਤੇ ਕਦੇ ਅੰਤਰੀਵੀ ਨਾਦ ਹੁੰਦੇ ਹਨ। ਕਦੇ ਇਹ ਕੂੜ ਦਾ ਪੁਲੰਦਾ ਅਤੇ ਕਦੇ ਸਮਿਆਂ ਦਾ ਸੱਚ ਹੁੰਦੇ ਹਨ। ਕਦੇ ਇਹ ਹਿਰਖ਼ਾਂ ਦੀ ਭੱਠੀ ਅਤੇ ਕਦੇ ਰਾਹਾਂ ਦਾ ਕੱਚ ਹੁੰਦੇ ਹਨ। ਕਦੇ ਇਹ ਮਿਲਣ ਦਾ ਸਬੱਬ ਅਤੇ ਕਦੇ ਵਿੱਛੜਨ ਦੀ ਲੇਰ ਹੁੰਦੇ ਹਨ। ਕਦੇ ਇਹ ਸੰਦਲੀ ਸਮਿਆਂ ਦੀ ਸੱਥ ਅਤੇ ਕਦੇ ਅੱਖਾਂ ਵਿਚਲੀ ਗਹਿਰ ਹੁੰਦੇ ਹਨ। ਕਦੇ ਇਹ ਸਫ਼ਰ ਦਾ ਨਾਮ ਅਤੇ ਕਦੇ ਸਫ਼ਰ ’ਚ ਉੱਗੀਆਂ ਖਾਈਆਂ ਹੁੰਦੇ ਹਨ। ਕਦੇ ਪੈੜਾਂ ’ਚ ਚਾਨਣ ਦੀ ਬਾਰਸ਼ ਅਤੇ ਕਦੇ ’ਨੇਰਿਆਂ ਦੀਆਂ ਵਿਛਾਈਆਂ ਹੁੰਦੇ ਹਨ। ਹਰਫ਼ਾਂ ਦੇ ਬਹੁਤ ਸਾਰੇ ਰੰਗ ਅਤੇ ਰੂਪ ਹਨ। ਕਈ ਵਾਰ ਕੁਝ ਹਰਫ਼ ਮੜ੍ਹੇ ਜਾਂਦੇ, ਕਦੇ ਕੁਝ ਪੜ੍ਹੇ ਜਾਂਦੇ ਹਨ। ਕਦੇ ਕੁਝ ਹਰਫ਼ ਮਿਟਾਏ ਜਾਂਦੇ ਤੇ ਕੁਝ ਹਰਫ਼ ਲੁਕਾਏ ਜਾਂਦੇ ਹਨ। ਕੁਝ ਹਰਫ਼ ਦਬਕਾਏ ਜਾਂਦੇ ਹਨ। ਕਈ ਵਾਰ ਕੁਝ ਹਰਫ਼ਾਂ ਨੂੰ ਪਲੋਸਣਾ ਪੈਂਦਾ, ਲਾਡ ਲਡਾਉਣਾ ਪੈਂਦਾ ਤੇ ਪੁਚਕਾਰਨਾ ਪੈਂਦਾ ਹੈ। ਇਨ੍ਹਾਂ ਦੀ ਪੁਸ਼ਤਪਨਾਹੀ ਵਿੱਚੋਂ ਉਦੈ ਹੁੰਦੀ ਨਵੇਂ ਸ਼ਬਦਾਂ ਦੀ ਲਾਮਡੋਰੀ ਜੋ ਲਿਖਤ ਨੂੰ ਵਿਲੱਖਣਤਾ ਦਾ ਨਾਮ ਦਿੰਦੀ ਹੈ।
ਕੁਝ ਹਰਫ਼ਾਂ ਦੀ ਤਾਸੀਰ ਮਿੱਠੀ ਤੇ ਕੁਝ ਦੀ ਨਮਕੀਨ। ਕੁਝ ਦੀ ਕੁਸੈਲੀ ਅਤੇ ਕੁਝ ਦੀ ਖੱਟ-ਮਿੱਠੀ। ਕੁਝ ਦੀ ਤਿੱਖੜੀ ਅਤੇ ਕੁਝ ਦੀ ਫਿੱਕੜੀ। ਪਰ ਕਈ ਹਰਫ਼ ਸਵਾਦਹੀਣ। ਇਹ ਉਹੀ ਹਰਫ਼ ਹੁੰਦੇ ਹਨ ਜਿਸ ਵਿੱਚ ਸਾਰੇ ਸਵਾਦ ਹੀ ਮਿਲੇ ਹੁੰਦੇ ਹਨ। ਇਹ ਤਾਂ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਨ੍ਹਾਂ ਹਰਫ਼ਾਂ ਵਿੱਚੋਂ ਕਿਹੜੀ ਤਾਸੀਰ ਨੂੰ ਚਿੱਤਰਨਾ ਅਤੇ ਇਸ ਨੂੰ ਜੀਵੰਤ ਤਾਬੀਰ ਦੇਣੀ ਹੈ।
ਹਰਫ਼ ਕਤਲ ਵੀ ਕਰਦੇ ਹਨ ਅਤੇ ਸਾਹ ਵੀ ਬਣਦੇ। ਹਰਫ਼ ਬੇਇੱਜ਼ਤੀ ਵੀ ਕਰਵਾਉਂਦੇ ਹਨ, ਪਰ ਸਨਮਾਨ ਵੀ ਹੁੰਦੇ ਹਨ। ਹਰਫ਼ ਆਪਣਿਆਂ ਨੂੰ ਮਿਲਾਉਂਦੇ ਵੀ, ਪਰ ਕਦੇ ਕਦੇ ਇਹ ਦੂਰੀਆਂ ਵੀ ਵਧਾਉਂਦੇ ਹਨ। ਕਈ ਵਾਰ ਕੁਝ ਹਰਫ਼ ਕਬਰਾਂ ਦੀ ਨਿਸ਼ਾਨਦੇਹੀ ਹੁੰਦੇ ਹਨ। ਕੁਝ ਮਰਸੀਆ ਅਤੇ ਕੁਝ ਵਿਰਲਾਪ ਹੁੰਦੇ ਹਨ। ਕੁਝ ਲੇਰ ਅਤੇ ਕੁਝ ਬੰਨ੍ਹਾਇਆ ਹੋਇਆ ਧੀਰਜ ਹੁੰਦੇ ਹਨ। ਕਈ ਵਾਰ ਹਰਫ਼ਾਂ ਦੀ ਇਨਾਇਤ, ਜ਼ਿੰਦਗੀ ਦੇ ਦਰ ’ਤੇ ਅਜਿਹੀ ਦਸਤਕ ਦਿੰਦੀ ਕਿ ਹਰਫ਼ ਜੀਵਨਦਾਨੀ ਬਣ, ਜੀਵਨ ਨੂੰ ਨਵੇਂ ਅਰਥਾਂ ਨਾਲ ਜਿਊਣ ਦਾ ਸੰਦੇਸ਼ ਬਣ ਜਾਂਦੇ ਹਨ। ਇਹ ਹਰਫ਼ਾਂ ਦੀ ਕਾਇਨਾਤ ਦਾ ਕੇਹਾ ਕਮਾਲ ਹੈ ਕਿ ਕਈ ਵਾਰ ਮੇਰੇ ਪਾਠਕ ਹਰਫ਼ਾਂ ਦੀ ਸ਼ੁਕਰਗੁਜ਼ਾਰੀ ਵਿੱਚੋਂ ਹੀ ਜ਼ਿੰਦਗੀ ਦੀਆਂ ਬਖ਼ਸ਼ਿਸ਼ਾਂ ਨੂੰ ਮਾਨਣ ਲੱਗਦੇ ਅਤੇ ਉਨ੍ਹਾਂ ਲਈ ਜ਼ਿੰਦਗੀ ਨਰਕ ਨਹੀਂ ਸਗੋਂ ਨਿਆਮਤ ਬਣ ਜਾਂਦੀ ਹੈ।
ਮੈਂ ਅਕਸਰ ਹਰਫ਼ਾਂ ਨੂੰ ਬਹੁਤ ਹੀ ਤਾਮੀਜ਼, ਤਹੱਮਲ ਅਤੇ ਤਾਂਘ ਨਾਲ ਮਿਲਦਾ ਹਾਂ। ਇਨ੍ਹਾਂ ਦੀਆਂ ਪਰਤਾਂ ਫਰੋਲਦਾ ਹਾਂ। ਨਵੇਂ ਸ਼ਬਦਾਂ ਦੀ ਸਿਰਜਣਾ ਸੁੱਤੇ-ਸਿੱਧ ਹੀ ਹੋ ਜਾਂਦੀ ਹੈ ਜੋ ਸ਼ਬਦ ਭੰਡਾਰ ਬਣ ਜਾਂਦੇ ਹਨ। ਇਨ੍ਹਾਂ ਹਰਫ਼ਾਂ ਸਦਕਾ ਹੀ ਮੈਂ ਅਵਚੇਤਨ ਵਿੱਚ ਘਰ ਕਰੀਂ ਪਿੰਡ ਦੀ ਸ਼ਬਦਾਵਲੀ ਨੂੰ ਲਿਖਤਾਂ ਵਿੱਚ ਲਿਆਉਂਦਾ ਹਾਂ। ਉਸ ਸ਼ਬਦਾਵਲੀ ਨੂੰ ਸੰਭਾਲਣ ਦੇ ਯਤਨਾਂ ਵਿੱਚ ਹਾਂ ਜਿਸ ਰਾਹੀਂ ਸਾਡੇ ਬਜ਼ੁਰਗ ਆਪਣੇ ਖੇਤਾਂ, ਪਸ਼ੂਆਂ ਅਤੇ ਆਪਣਿਆਂ ਨੂੰ ਮੁਖ਼ਾਤਬ ਹੁੰਦੇ ਸਨ। ਇਨ੍ਹਾਂ ਵਿੱਚੋਂ ਹੀ ਅਸੀਂ ਉਨ੍ਹਾਂ ਦੀ ਜੀਵਨਸ਼ੈਲੀ ਦੇ ਰੁਬਰੂ ਹੋ ਕੇ ਬੀਤੇ ਦੀ ਨਿਸ਼ਾਨਦੇਹੀ ਕਰ ਸਕਦੇ ਹਾਂ।
ਹਰਫ਼ਾਂ ਦੀ ਜਦ ਬੋਲੀ ਲੱਗਦੀ ਹੈ, ਉਹ ਵਿਕਾਊ ਹੁੰਦੇ ਹਨ ਤਾਂ ਹਰਫ਼ ਮਰ ਜਾਂਦੇ ਹਨ। ਉਨ੍ਹਾਂ ਵਿਚਲੇ ਸ਼ਬਦ ਅਤੇ ਅਰਥਾਂ ਵਿੱਚ ਮਾਤਮ ਛਾ ਜਾਂਦਾ ਹੈ, ਪਰ ਸੁੱਚੇ ਸ਼ਬਦ ਕਦੇ ਵੀ ਨਹੀਂ ਵਿਕਦੇ ਭਾਵੇਂ ਉਨ੍ਹਾਂ ਦੀ ਕੋਈ ਵੀ ਕੀਮਤ ਲਾਈ ਜਾਵੇ। ਹਰਫ਼ ਚੁੱਭਦੇ ਵੀ ਹਨ, ਪੀੜਾ ਵੀ ਦਿੰਦੇ ਹਨ ਤੇ ਗ਼ਮ ਵੀ, ਪਰ ਇਹੀ ਹਰਫ਼ ਕਦੇ ਜ਼ਖ਼ਮ ਸਹਿਲਾਉਂਦੇ ਤੇ ਉਨ੍ਹਾਂ ’ਤੇ ਮੱਲ੍ਹਮ ਲਾ ਦਿੰਦੇ ਹਨ। ਹਰਫ਼ ਹੱਸਦੇ ਵੀ ਹਨ ਅਤੇ ਹਸਾਉਂਦੇ ਵੀ। ਰੋਂਦੇ ਵੀ ਅਤੇ ਰੁਆਉਂਦੇ ਵੀ। ਰੁੱਸਦੇ ਵੀ ਅਤੇ ਮਨਾਉਂਦੇ ਵੀ। ਘੂਰਦੇ ਵੀ ਅਤੇ ਸਮਝਾਉਂਦੇ ਵੀ ਹਨ। ਕੂਕਦੇ ਵੀ ਅਤੇ ਕੁਰਲਾਉਂਦੇ ਵੀ ਹਨ। ਹਰਫ਼ ਜਿਤਾਉਂਦੇ ਵੀ ਅਤੇ ਹਰਾਉਂਦੇ ਵੀ ਹਨ, ਪਰ ਕਦੇ ਕਦਾਈਂ ਹਰਫ਼ ਮਰਵਾ ਵੀ ਦਿੰਦੇ ਹਨ।
ਹਰਫ਼ ਚੁਲਬੁਲੇ ਵੀ ਹਨ ਤੇ ਨਖ਼ਰੀਲੇ ਵੀ। ਕੁਤਕੁੱਤਾਰੀਆਂ ਵੀ ਕੱਢਦੇ ਹਨ, ਖਿਝਾਉਂਦੇ ਵੀ। ਕਈ ਵਾਰ ਪਿਆਰ ਵੀ ਕਰਦੇ ਅਤੇ ਤੁਹਾਡੇ ਸਾਹਾਂ ਦਾ ਦਮ ਵੀ ਭਰਦੇ ਹਨ। ਇਹ ਹਰਫ਼ ਕਦੇ ਸੱਜਣਾਂ ਦੀ ਹਾਕ ਦਾ ਹੁੰਗਾਰਾ ਤੇ ਕਦੇ ਪਿਆਰ ਪੁੰਗਾਰਾ ਹੁੰਦੇ ਹਨ। ਕਦੇ ਮਿੱਠਾ ਜਿਹਾ ਲਾਰਾ ਅਤੇ ਕਦੇ ਰੋਂਦੇ ਲਈ ਮੋਢੇ ਜਿਹਾ ਸਹਾਰਾ ਬਣ ਜਾਂਦੇ ਹਨ।
ਸ਼ਬਦ ਸਿਰਫ਼ ਲਿਖੇ ਹੀ ਨਹੀਂ ਜਾਂਦੇ। ਇਹ ਅਤੁੱਲ, ਅਮੁੱਲ, ਅਜੀਬ, ਅਣਭੋਲ, ਅਦਭੁਤ, ਅੰਤਰੀਵੀ, ਅਗਾਜ਼ੀ, ਆਵੇਸ਼ੀ, ਅੰਦਾਜ਼ੀ ਤੇ ਅਮਰ ਵੀ ਹਨ। ਆਖਰੀ ਸ਼ਬਦ ਕੋਈ ਨਹੀਂ ਹੁੰਦਾ ਕਿਉਂਕਿ ਹਰਫ਼ਾਂ ਵਿੱਚੋਂ ਹੀ ਹੋਰ ਸ਼ਬਦ ਜਨਮਦੇ ਅਤੇ ਇਨ੍ਹਾਂ ਵਿੱਚੋਂ ਨਵੀਆਂ ਬੋਲਬਾਣੀਆਂ ਅਤੇ ਤਬਸਰਿਆਂ ਨੇ ਜਨਮ ਲੈਣਾ ਹੁੰਦਾ ਹੈ।
ਅਕਸਰ ਹੀ ਮੇਰੇ ਮਨ ਦੀ ਧਰਾਤਲ ’ਤੇ
ਸ਼ਬਦਾਂ ਦੇ ਬੀਜ ਪੁੰਗਰਦੇ
ਕੋਮਲ ਪੱਤੀਆਂ ਲਹਿਰਾਉਂਦੀਆਂ
ਲਗਰਾਂ ਫੁੱਟਦੀਆਂ
ਤੇ ਫੁੱਲਾਂ ਤੇ ਫ਼ਲਾਂ ਨਾਲ ਲਿਫੀਆਂ ਟਾਹਣੀਆਂ
ਕਿਸੇ ਕਲਮ-ਕਿਰਤ ਦਾ ਬਿਰਖ਼ ਬਣ
ਸਫ਼ਿਆਂ ਦੀ ਸੰਘਣੀ ਛਾਂ ਬਣ ਜਾਂਦੇ।
ਇਹ ਸ਼ਬਦ
ਮੈਨੂੰ ਜੀਵਨ-ਜਾਚ ਦੀ ਗੁੜਤੀ ਦਿੰਦੇ
ਕਿ ਕਿਵੇਂ
ਸੂਲਾਂ ਨਾਲ ਪੁੜੇ ਪੈਰਾਂ ਵਿੱਚ ਸਫ਼ਰ ਉਗਾਈਦਾ
ਰੱਕੜ ਲਈ ਬਾਰਸ਼-ਬੂੰਦਾਂ ਬਣੀਦਾ
ਬਰੇਤਿਆਂ ’ਚੋਂ ਪਾਣੀ ਸਿੰਮਣ ਲਾਈਦਾ
ਕੰਡਿਆਂ ਦੀ ਸੇਜ ਨੂੰ ਮਾਣੀਦਾ
ਜ਼ਖ਼ਮ ਦੀ ਚੀਸ ’ਚੋਂ ਚਾਅ ਪਨਪਦੇ
ਅੰਦਰਲੀ ਪੀੜ ਰਾਗ-ਨਾਦ ਬਣਦੀ
ਉਦਾਸੀ ਉਤਸ਼ਾਹ ਪੈਦਾ ਕਰਦੀ
ਤੇ ਜ਼ਿੰਦਗੀ ਜਸ਼ਨ ਬਣ ਜਾਂਦੀ।
ਇਹ ਪੁੰਗਰੇ ਹੋਏ ਸ਼ਬਦ ਮੇਰੇ ਲਈ
ਸਿਆਣਿਆਂ ਦੀਆਂ ਸੁਮੱਤਾਂ
ਫ਼ੱਕਰਾਂ ਦੀਆਂ ਰਹਿਮਤਾਂ
ਬਾਪ ਦੀ ਹੱਲਾਸ਼ੇਰੀ
ਮਾਂ ਦੀਆਂ ਦੁਆਵਾਂ
ਭੈਣਾਂ ਭਰਾਵਾਂ ਦਾ ਮੋਹ
ਤੇ ਸੱਜਣਾਂ ਦਾ ਮੋਢਾ ਬਣਦੇ
ਜਿੱਥੇ ਸਿਰ ਧਰ ਕੇ
ਦਿਲ ਦਾ ਦੁੱਖੜਾ ਸੁਣਾਉਂਦਾ
ਰੱਜ ਕੇ ਰੋ ਵੀ ਲੈਂਦਾ
ਅਤੇ ਖੂਬ ਹੱਸ ਵੀ ਲਈਦਾ।
ਇਹ ਸ਼ਬਦ
ਰਿਸ਼ਤਿਆਂ ਦੀ ਅਪਣੱਤ
ਸਬੰਧਾਂ ਦੀ ਖੁਸ਼ਬੂ
ਸਾਂਝਾਂ ਦੀ ਸਮਰਪਿਤਾ
ਤੇ ਮੋਹਵੰਤਿਆਂ ਦੀ ਦਿਲਲਗੀ ਬਣ
ਖ਼ਾਬਾਂ ਤੇ ਖ਼ਿਆਲਾਂ ਦਾ ਖ਼ਜ਼ਾਨਾ ਬਣ ਜਾਂਦੇ।
ਹਰਫ਼ ਗੁਪਤ ਵੀ ਹੁੰਦੇ ਹਨ ਅਤੇ ਪ੍ਰਤੱਖ ਵੀ। ਹਰਫ਼ਾਂ ਦਾ ਸਿਵਾ ਬਲਦਾ ਤਾਂ ਹਰਫ਼ ਤੜਫਦੇ ਹਨ। ਹਰਫ਼ ਨਹੀਂ ਚਾਹੁੰਦੇ ਕਿ ਕਿਸੇ ਦੀ ਹਿੱਕ ਵਿੱਚ ਕਬਰ ਉੱਗੇ। ਕਿਸੇ ਦੇ ਸਾਹਾਂ ਵਿੱਚ ਸਿਵੇ ਦਾ ਸੇਕ ਪੈਦਾ ਹੋਵੇ। ਕਿਸੇ ਦੀ ਚੁੱਪ ਵਿੱਚ ਬੋਲ ਖੁਦਕੁਸ਼ੀ ਕਰਨ। ਕਿਸੇ ਦੀ ਜ਼ੁਬਾਨ ਠਾਕੀ ਜਾਵੇ। ਸ਼ੋਰਗੁੱਲ ਵਿੱਚ ਮਾਤਮੀ ਚੁੱਪ ਦਾ ਵਾਸਾ ਹੋਵੇ। ਕਿਸੇ ਰਗ ਵਿੱਚ ਚੀਸ ਪੈਦਾ ਕੀਤੀ ਜਾਵੇ। ਕਿਸੇ ਦੇ ਜ਼ਖ਼ਮ ਉਚੇੜੇ ਜਾਣ ਜਾਂ ਕਿਸੇ ਦੇ ਨੈਣਾਂ ਵਿੱਚ ਸੁਪਨਿਆਂ ਦਾ ਮਾਤਮ ਉਗਾਇਆ ਜਾਵੇ। ਕਿਸੇ ਨੂੰ ਹੰਝੂਆਂ ਦਾ ਸਰਾਪ ਦਿੱਤਾ ਜਾਵੇ ਜਾਂ ਕਿਸੇ ਦੇ ਚਾਅ ਵਿੱਚ ਹਾਅ ਬੀਜੀ ਜਾਵੇ।
ਹਰਫ਼ ਤਾਂ ਚਾਹੁੰਦੇ ਕਿ ਉਨ੍ਹਾਂ ਵਿੱਚ ਮੁਹੱਬਤ ਦਾ ਚਸ਼ਮਾ ਫੁੱਟੇ। ਉਨ੍ਹਾਂ ਵਿੱਚ ਮਿਲਵਰਤਨ ਦੀ ਨੈਂਅ ਵਗਦੀ ਰਹੇ। ਹਰੇਕ ਮਸਤਕ ਵਿੱਚ ਸੁੱਚੇ ਵਿਚਾਰਾਂ ਦਾ ਚਿਰਾਗ ਬਲਦਾ ਰਹੇ। ਹਰ ਵਿਹੜੇ ਵਿੱਚ ਖੁਸ਼ੀਆਂ ਦੇ ਮੇਲੇ ਲੱਗਦੇ ਰਹਿਣ। ਹਰ ਘਰ ਨੂੰ ਘਰ ਹੋਣ ਦਾ ਨਾਜ਼ ਹੋਵੇ। ਹਰ ਵਿਹੜੇ ਵਿੱਚ ਘਰਵਾਲਿਆਂ ਦੀ ਰੌਣਕ ਰਹੇ ਅਤੇ ਹਰ ਚੁੱਲ੍ਹੇ ਵਿੱਚ ਤੌਣ ਪੱਕਦੀ ਰਹੇ। ਹਰ ਬਨੇਰੇ ’ਤੇ ਮੋਮਬੱਤੀਆਂ ਜਗਦੀਆਂ ਰਹਿਣ। ਹਰ ਰਾਤ ਤੋਂ ਬਾਅਦ ਸੂਰਜ ਪੋਲੇ ਪੱਬੀਂ ਪੌੜੀਆਂ ਤੋਂ ਉਤਰੇ ਅਤੇ ਘਰ ਨੂੰ ਸਰਘੀ ਨਾਲ ਭਰ ਦੇਵੇ।
ਇਹ ਹਰਫ਼ ਮੇਰੇ ਪਿੰਡ, ਮਾਪਿਆਂ ਅਤੇ ਬਜ਼ੁਰਗਾਂ ਦੀ ਸਭ ਤੋਂ ਕੀਮਤੀ ਦਾਤ, ਮੇਰੀ ਜਨਮ-ਜਾਤ, ਸੋਚ-ਸਰਗਮ ਵਿੱਚ ਉੱਗਦੀ ਪ੍ਰਭਾਤ ਅਤੇ ਮੇਰੀ ਲਿਖਤ ਲਈ ਇਨਾਇਤ। ਹਰਫ਼ਾਂ ਕਰਕੇ ਹੀ ਮੈਂ ਆਪਣੇ ਆਪ ਨੂੰ ਮਿਲਦਾਂ ਹਾਂ। ਇਹ ਮੇਰਾ ਖ਼ੁਦ ਨਾਲ ਰਚਾਇਆ ਸੰਵਾਦ ਹੀ ਹੁੰਦਾ ਜਿਹੜਾ ਮੇਰੀਆਂ ਲਿਖਤਾਂ ਰਾਹੀਂ ਲੋਕ ਮਨਾਂ ਵਿੱਚ ਨਿੱਕੜੀ ਜਿਹੀ ਪਛਾਣ ਬਣਾਉਣ ਦੇ ਕਾਬਲ ਹੋਇਆ। ਮੇਰੀ ਜੋਦੜੀ ਹੈ ਐ ਹਰਫ਼ੋ! ਤੁਸੀਂ ਮੇਰੇ ਦਰ ਖੜਕਾਉਂਦੇ ਰਹਿਣਾ। ਸ਼ਬਦਾਂ ਦੀ ਦਾਤ ਝੋਲੀ ਵਿੱਚ ਪਾਉਂਦੇ ਰਹਿਣਾ। ਮੇਰੇ ਸਮੁੱਚ ਨੂੰ ਉਲਥਾਉਂਦੇ ਰਹਿਣਾ। ਮੇਰੀਆਂ ਕਮੀਨਗੀਆਂ ਅਤੇ ਕੁਤਾਹੀਆਂ ਨੂੰ ਪ੍ਰਗਟਾਉਂਦੇ ਰਹਿਣਾ। ਮੇਰੇ ਮਨ ਦੀ ਮੈਲ਼ ਧੋਂਦੇ ਰਹਿਣਾ ਅਤੇ ਮੈਨੂੰ ਮੇਰੀ ਔਕਾਤ ਦਿਖਾਉਂਦੇ ਰਹਿਣਾ ਤਾਂ ਕਿ ਮੈਂ ਜ਼ਮੀਂ ਦਾ ਬੰਦਾ ਬਣ ਕੇ ਜ਼ਮੀਂ ਨਾਲ ਹੀ ਜੁੜਿਆ ਰਹਾਂ। ਮੈਨੂੰ ਅੰਬਰ ਨਹੀਂ ਚਾਹੀਦਾ। ਮੇਰੇ ਲਈ ਸਭ ਤੋਂ ਵੱਡੀ ਪ੍ਰਾਪਤੀ ਹੀ ਇਹੀ ਕਿ ਮੈਂ ਨੀਵਾਂ ਰਹਿ ਮਿੱਟੀ ਦੀ ਮਹਿਕ ਨੂੰ ਮਾਣਦਾ ਰਹਾਂ। ਉਹੀ ਮਹਿਕ ਮੈਂ ਆਪਣੀਆਂ ਲਿਖਤਾਂ ਰਾਹੀਂ ਪਾਠਕਾਂ ਦੇ ਸਨਮੁੱਖ ਕਰਦਾ ਰਹਾਂ।

Advertisement

ਸੰਪਰਕ: 216-556-2080

Advertisement
Author Image

sukhwinder singh

View all posts

Advertisement