ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀ ਸਬੰਧੀ ਮੀਟਿੰਗ
ਪਾਲ ਸਿੰਘ ਨੌਲੀ
ਜਲੰਧਰ, 2 ਅਕਤੂਬਰ
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਮੇਲੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਕਮੇਟੀਆਂ ਦੀ ਮੀਟਿੰਗ ਕੀਤੀ ਗਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 7 ਨਵੰਬਰ ਸ਼ਾਮ 4 ਵਜੇ ਪੁਸਤਕ ਸਭਿਆਚਾਰ ਤੇ ਵਿਚਾਰ-ਚਰਚਾ ਅਤੇ ਚਿੱਤਰਕਲਾ ਪ੍ਰਦਰਸ਼ਨੀ ਦੇ ਉਦਘਾਟਨ ਨਾਲ ਸ਼ੁਰੂ ਹੋਣ ਵਾਲਾ ਮੇਲਾ ਕਾਰਪੋਰੇਟ ਅਤੇ ਫਾਸ਼ੀਵਾਦ ਵਿਰੁੱਧ ਸੰਘਰਸ਼ਾਂ ਨੂੰ ਸਮਰਪਿਤ ਹੋਵੇਗਾ। ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਗ਼ਦਰੀ ਬਾਬਿਆਂ ਦਾ ਮੇਲਾ ਆਵਾਮ ਦੀ ਪੀੜਾ, ਨਾਬਰੀ ਅਤੇ ਸੋਹਣੇ ਸਮਾਜ ਦੀ ਖਾਹਿਸ਼ ਦੀ ਤਰਜ਼ਮਾਨੀ ਕਰੇਗਾ। ਸਭਿਆਚਾਰਕ ਵਿੰਗ, ਮੇਲਾ ਤਿਆਰੀ ਕਮੇਟੀ, ਕੁਇੱਜ਼, ਗਾਇਨ, ਭਾਸ਼ਣ, ਪੇਂਟਿੰਗ ਮੁਕਾਬਲਾ, ਵਾਲੰਟੀਅਰ, ਪੁਸਤਕ ਪ੍ਰਦਰਸ਼ਨੀ ਕਮੇਟੀਆਂ ਤੇ ਮੇਲੇ ਨੂੰ ਨੇਪਰੇ ਚਾੜ੍ਹਨ ਲਈ ਯੋਗਦਾਨ ਪਾਉਣ ਵਾਲੀਆਂ ਸਭਿਆਚਾਰਕ ਵਿੰਗ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ। ਮੀਟਿੰਗ ’ਚ ਮੇਲੇ ਦੀ ਰੂਪਰੇਖਾ ਨੂੰ ਅਮਲੀਜਾਮਾ ਪਹਿਨਾਉਣ ਲਈ ਚਰਚਾ ਹੋਈ। ਮੇਲੇ ਦੇ ਦਿਨਾਂ ’ਚ ਹਾਲ ਅੰਦਰ ਸਿਰਜੇ ਜਾ ਰਹੇ ਕਾਂਸ਼ੀ ਰਾਮ ਮੜੌਲੀ ਨਗਰ, ਅਜੀਤ ਸਿੰਘ ਮੰਚ ਅਤੇ ‘ਜੁਲੀਅਸ ਫਿਊਚਕ ਪ੍ਰਦਰਸ਼ਨੀ’ ਨਾਲ ਇਹ ਮੇਲਾ ਇਤਿਹਾਸਕ ਵਿਰਾਸਤ ਦੀ ਅਤੀਤ ਨੂੰ ਅਜੋਕੇ ਸਮੇਂ ਅਤੇ ਆਉਣ ਵਾਲੇ ਕੱਲ੍ਹ ਨਾਲ ਜੋੜੇਗਾ। ਮੇਲੇ ’ਚ 8 ਨਵੰਬਰ ਨੂੰ ਕੁਇੱਜ਼, ਗਾਇਨ, ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਹੋਣਗੇ। ਚਰਚਾ ਵਿੱਚ ਮੁੱਖ ਵਕਤਾ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਅਤੇ ਅਪੂਰਵਾਨੰਦ, ਕਵੀ-ਦਰਬਾਰ, ਫ਼ਿਲਮ ਸ਼ੋਅ, ਸੰਜੇ ਕਾਕ ਤੇ ਆਨੰਦਵਟਵਰਧਨ ਦੇ ਵਿਚਾਰ ਸਾਂਝੇ ਹੋਣਗੇ। ਪੇਂਟਿੰਗ ਮੁਕਾਬਲਾ ਦੇ ਇਨਾਮ-ਸਨਮਾਨ ਵੰਡ ਮੌਕੇ ਵਿਦਿਆਰਥੀਆਂ ’ਚ ਵਿਗਿਆਨਕ ਸੋਚ ਬਾਰੇ ਵਿਚਾਰਾਂ ਅਤੇ ਬਾਲ ਕਲਾਕਾਰਾਂ ਵੱਲੋਂ ਜਲ੍ਹਿਆਂਵਾਲਾ ਬਾਗ਼ ਦੀ ਖ਼ੂਨੀ ਵਿਸਾਖੀ ਓਪੇਰੇ ਦੀ ਝਲਕ ਪੇਸ਼ ਕੀਤੀ ਜਾਏਗੀ। ਮੇਲੇ ਦੇ ਸਿਖਰਲੇ ਦਿਨ 9 ਨਵੰਬਰ ਸਵੇਰੇ 10 ਵਜੇ ਕਮੇਟੀ ਮੈਂਬਰ ਹਰਦੇਵ ਅਰਸ਼ੀ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣਗੇ। ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਵਿੱਚ ਲੱਗੀ ਵਰਕਸ਼ਾਪ ’ਚ ਤਿਆਰ ਕੀਤਾ ਅਮੋਲਕ ਸਿੰਘ ਦਾ ਲਿਖਿਆ, ਸੱਤਪਾਲ ਪਟਿਆਲਾ ਅਤੇ ਕਰਾਂਤੀਪਾਲ ਬਿਆਸ ਦੀ ਨਿਰਦੇਸ਼ਨਾ ’ਚ ਸੰਗੀਤ ਓਪੇਰਾ ਝੰਡੇ ਦਾ ਗੀਤ ਹੋਏਗਾ। ਗੀਤ-ਸੰਗੀਤ ਮਗਰੋਂ ‘ਖੇਤੀ ਅਤੇ ਪਾਣੀ ਸੰਕਟ’ ਉਪਰ ਕਮੇਟੀ ਦੇ ਪ੍ਰਤੀਨਿਧ ਵਿਚਾਰ-ਚਰਚਾ ਕਰਨਗੇ। ਸ਼ਾਮ 6:30 ਵਜੇ ਗੀਤਾਂ ਦੀ ਲੜੀ ਨਾਲ ਸ਼ੁਰੂ ਹੋਣ ਵਾਲੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਦਾ ਆਗਾਜ਼ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੇ ਸੁਨੇਹੇ ਨਾਲ ਹੋਏਗਾ। ਮੀਟਿੰਗ ’ਚ ਪਾਸ ਕੀਤੇ ਗਏ ਇੱਕ ਮਤੇ ’ਚ ਕੈਨੇਡੀਅਨ ਹਕੂਮਤ ਤੋਂ ਮੰਗ ਕੀਤੀ ਗਈ ਕਿ ਉਹ ਵਿਦਿਆਰਥੀਆਂ ਉਪਰ ਉਜਾੜੇ ਦੀ ਤਲਵਾਰ ਲਟਕਾਈ ਰੱਖਣ ਦੀ ਬਜਾਏ ਉਨ੍ਹਾਂ ਦੀਆਂ ਮੰਗਾਂ ਦੀ ਤੁਰੰਤ ਪੂਰਤੀ ਕਰੇ।