ਹਿੰਦ-ਪਾਕਿ ਮਿੱਤਰਤਾ ਮੇਲੇ ਦੀ ਤਿਆਰੀ ਸਬੰਧੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਜੁਲਾਈ
ਹਿੰਦ-ਪਾਕਿ ਮਿੱਤਰਤਾ ਅਤੇ ਭਾਈਚਾਰਕ ਸਾਂਝ ਦਾ ਹੋਕਾ ਦਿੰਦਾ ਫੋਕਲੋਰ ਰਿਸਰਚ ਅਕੈਡਮੀ ਦਾ ਸਾਲਾਨਾ ਮੇਲਾ 14 ਅਤੇ 15 ਅਗਸਤ ਨੂੰ ਹੋਵੇਗਾ। ਇਸ 28ਵੇਂ ਹਿੰਦ-ਪਾਕਿ ਮਿੱਤਰਤਾ ਮੇਲੇ ਦੀ ਤਿਆਰੀ ਸਬੰਧੀ ਨੇੜਲੇ ਕਸਬਾ ਸਿੱਧਵਾਂ ਬੇਟ ਦੇ ਪਿੰਡ ਸਲੇਮਪੁਰਾ ਵਿੱਚ ਮੀਟਿੰਗ ਹੋਈ। ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮੀਟਿੰਗ ’ਚ ਸ਼ਮੂਲੀਅਤ ਕੀਤੀ। ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ ਦੋ ਰੋਜ਼ਾ ਮੇਲਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਹੜੇ ਵਿੱਚ ਕਰਵਾਇਆ ਜਾਵੇਗਾ। 14-15 ਅਗਸਤ ਦੀ ਦਰਮਿਆਨੀ ਰਾਤ ਵਾਹਗਾ ਬਾਰਡਰ ‘ਤੇ ਮੋਮਬੱਤੀਆਂ ਜਗਾ ਕੇ ਦੋਵਾਂ ਮੁਲਕਾਂ ‘ਚ ਆਪਸੀ ਭਾਈਚਾਰਕ ਸਾਂਝ ਹੋਰ ਪੀਡੀ ਕਰਨ ਦਾ ਸੁਨੇਹਾ ਦਿੱਤਾ ਜਾਵੇਗਾ। ਪਾਕਿਸਤਾਨ ਵਿੱਚ ਵੀ ਹਿੰਦ-ਪਾਕਿ ਮਿੱਤਰਤਾ ਦੇ ਹਾਮੀ ਲੋਕ ਮੋਮਬੱਤੀਆਂ ਜਗਾਉਣਗੇ। ਸਰਹੱਦ ‘ਤੇ ਵੰਡ ਦੇ ਸ਼ਿਕਾਰ ਹੋਏ ਦਸ ਲੱਖ ਪੰਜਾਬੀਆਂ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਪ੍ਰਧਾਨ ਯਾਦਵ ਨੇ ਦੱਸਿਆ ਕਿ 14 ਅਗਸਤ ਨੂੰ ਭਾਰਤ ਤੇ ਪਾਕਿ ਵਿਚਕਾਰ ਭਾਈਚਾਰਕ ਸਾਂਝ ਵਿਸ਼ੇ ’ਤੇ ਸੈਮੀਨਾਰ ‘ਚ ਦੋਵਾਂ ਦੇਸ਼ਾਂ ਦੇ ਵਿਦਵਾਨ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਦਿਲਬਾਗ ਸਿੰਘ ਸਰਕਾਰੀਆ ਅਤੇ ਸਾਬਕਾ ਚੇਅਰਮੈਨ ਵਰਦੀਪ ਸਿੰਘ ਸਲੇਮਪੁਰਾ ਹਾਜ਼ਰ ਸਨ।