ਰਤਵਾੜਾ ਸਾਹਿਬ ਦੇ ਗੁਰਮਤਿ ਸਮਾਗਮਾਂ ਸਬੰਧੀ ਮੀਟਿੰਗ
ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 13 ਅਕਤੂਬਰ
ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਰਤਵਾੜਾ ਵੱਲੋਂ ਅੱਜ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿੱਚ ਟਰੱਸਟੀਆਂ ਅਤੇ ਸੰਗਤ ਦੀ ਸਾਲਾਨਾ ਗੁਰਮਤਿ ਸਮਾਗਮਾਂ ਦੇ ਪ੍ਰਬੰਧਾਂ ਸਬੰਧੀ ਵਿਸ਼ੇਸ਼ ਮੀਟਿੰਗ ਹੋਈ। ਬਾਬਾ ਸੁਖਵਿੰਦਰ ਸਿੰਘ ਅਤੇ ਭਾਈ ਜਸਵੰਤ ਸਿੰਘ ਸਿਆਣ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਨਿਗਰਾਨੀ ਅਤੇ ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 30, 31ਅਕਤੂਬਰ ਅਤੇ 1, 2 ਨਵੰਬਰ ਨੂੰ ਸਾਲਾਨਾ ਗੁਰਮਤਿ ਰੂਹਾਨੀ ਸਮਾਗਮਾਂ ਦੌਰਾਨ ਢਾਡੀਆਂ ਅਤੇ ਰਾਗੀਆਂ ਵੱਲੋਂ ਸ਼ਬਦ ਕੀਰਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 27 ਤੋਂ ਲੈ ਕੇ 29 ਅਕਤੂਬਰ ਤੱਕ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕਰਨ ਮਗਰੋਂ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਅਪਰੇਸ਼ਨ ਕੀਤੇ ਜਾਣਗੇ ਅਤੇ ਟਰੱਸਟ ਵੱਲੋਂ ਮੁਫ਼ਤ ਦਵਾਈਆਂ ਮਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੰਗਤ ਨੇ ਵੱਖ-ਵੱਖ ਕੰਮਾਂ ਲਈ ਆਪੋ ਆਪਣੀਆਂ ਡਿਊਟੀਆਂ ਨਿਭਾਉਣ ਦੀ ਜ਼ਿੰਮੇਵਾਰੀ ਵੀ ਲੈ ਲਈ ਹੈ। ਉਨ੍ਹਾਂ ਕਿਹਾ ਕਿ ਸਮਾਗਮਾਂ ਦੌਰਾਨ ਪਹਿਲੀ ਨਵੰਬਰ ਨੂੰ ਅੰਮ੍ਰਿਤ ਸੰਚਾਰ ਤੋਂ ਇਲਾਵਾ ਦਸਤਾਰ ਅਤੇ ਗਤਕੇ ਦੇ ਮੁਕਾਬਲੇ ਹੋਣਗੇ।