ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਤਲੁਜ ਬਿਆਸ ਦੀ ਮਿਲਣੀ, ਦੋ ਵੇਈਆਂ ਅਤੇ ਬੁੱਢੀ ਬਿਆਸ

11:46 AM Oct 15, 2023 IST

ਜਤਿੰਦਰ ਮੌਹਰ
Advertisement

ਦਰਿਆਵਾਂ ਦੇ ਵਹਿਣ

ਵਿਗਿਆਨਕ ਖੋਜਾਂ ਮੁਤਾਬਿਕ ਸਤਲੁਜ ਅਤੇ ਬਿਆਸ ਅੱਠ ਹਜ਼ਾਰ ਸਾਲ ਪਹਿਲਾਂ ਮੌਜੂਦਾ ਵਹਿਣਾਂ ਵਿੱਚ ਪਹੁੰਚ ਚੁੱਕੇ ਸਨ। ਇਹਦੇ ਬਾਵਜੂਦ ਇਨ੍ਹਾਂ ਦੀ ਵਹਿਣ ਬਦਲੀ ਬਾਬਤ ਭਖਵੀਂ ਬਹਿਸ ਜਾਰੀ ਹੈ। ਦੋਵੇਂ ਦਰਿਆਵਾਂ ਦੇ ਨਵੇਂ-ਪੁਰਾਣੇ ਵਹਿਣਾਂ, ਉੱਚੇ ਟਿੱਬਿਆਂ ਦੀ ਲੰਬੀਆਂ ਕਤਾਰਾਂ, ਦੰਦਿਆਂ ਅਤੇ ਢਾਹਿਆਂ ਦੀ ਹੋਂਦ ਨੇ ਇਸ ਬਹਿਸ ਨੂੰ ਚੰਗਾ ਮਸਾਲਾ ਮੁਹੱਈਆ ਕਰਵਾਈ ਰੱਖਿਆ ਹੈ। ਇਸ਼ਾਰਿਆਂ ਅਤੇ ਅੰਦਾਜ਼ਿਆਂ ਨੇ ਦਿਲਚਸਪ ਕਹਾਣੀਆਂ ਨੂੰ ਜਨਮ ਦਿੱਤਾ। ਇਹ ਕਹਾਣੀਆਂ ਇਤਿਹਾਸ, ਮਿਥਿਹਾਸ, ਲੋਕਧਾਰਾ ਅਤੇ ਭੂਗੋਲਿਕ ਖੋਜਾਂ ਨਾਲ ਜੁੜਦੀਆਂ ਰਹੀਆਂ ਅਤੇ ਉਨ੍ਹਾਂ ਉੱਤੇ ਅਸਰਅੰਦਾਜ਼ ਰਹੀਆਂ ਹਨ।
ਸਤਲੁਜ ਅਤੇ ਬਿਆਸ ਦੀ ਮਿਲਣੀ ਮੌਜੂਦਾ ਹਰੀਕੇ ਪੱਤਣ ਉੱਤੇ ਹੁੰਦੀ ਹੈ। ਕੁਝ ਕਿਆਸ ਅਜਿਹੇ ਹਨ ਜਨਿ੍ਹਾਂ ਮੁਤਾਬਿਕ ਮਿਲਣੀ ਕੁਝ ਹੋਰ ਥਾਵਾਂ ਉੱਤੇ ਹੁੰਦੀ ਹੋਵੇਗੀ। ਲੋਕ ਰਵਾਇਤਾਂ ਅਤੇ ਮੁਗ਼ਲ ਸਮਿਆਂ ਦੀਆਂ ਲਿਖਤਾਂ ਇਨ੍ਹਾਂ ਕਿਆਸਾਂ ਦੀ ਬੁਨਿਆਦ ਹਨ। ਦੁੱਲੇ ਭੱਟੀ ਦੇ ਸਮਕਾਲੀ ਅਬੁਲ ਫ਼ਜ਼ਲ ਨੇ ਆਈਨ-ਏ-ਅਕਬਰੀ (1595) ਵਿੱਚ ਸਤਲੁਜ ਅਤੇ ਬਿਆਸ ਦੀ ਮਿਲਣੀ ‘ਬੂਹ ਦੇ ਪੱਤਣ’ ਕੋਲ ਦੱਸੀ ਹੈ। ਜ਼ਿਲ੍ਹਾ ਤਰਨਤਾਰਨ ਵਿੱਚ ਬੂਹ ਨਾਮ ਦਾ ਪਿੰਡ ਹਰੀਕੇ ਤੋਂ ਛੇ ਕਿਲੋਮੀਟਰ ਉੱਤਰ ਪੱਛਮ ਵਿੱਚ ਹੈ। ਮਖੂ ਵਾਲੇ ਪਾਸੇ ਪਿੰਡ ਬੂਹ (ਅਰਾਈਆਂ) ਹੈ ਜੋ ਜ਼ੀਰਾ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਮੁਤਾਬਿਕ ਬੇਚਿਰਾਗ ਪਿੰਡ ਹੈ। ਗੂਗਲ ਨਕਸ਼ਾ ਇਹਨੂੰ ਹਰੀਕੇ ਝੀਲ ਵਿੱਚ ਡੁੱਬਿਆ ਦਿਖਾਉਂਦਾ ਹੈ। ਤੀਜਾ ਬੂਹ (ਗੁੱਜਰਾਂ) ਹਰੀਕੇ ਝੀਲ ਦੇ ਦੱਖਣ-ਪੂਰਬ ਵਿੱਚ ਫਤਹਿਗੜ੍ਹ-ਪੰਜਤੂਰ ਸੜਕ ਉੱਤੇ ਹੈ। ਇਤਿਹਾਸਕਾਰ ਇਰਫ਼ਾਨ ਹਬੀਬ ਦੀ ਲਿਖਤ (1982) ਵਿੱਚ ਮਿਲਣੀ ਵਾਲਾ ਬੂਹ ਤਰਨਤਾਰਨ ਜ਼ਿਲ੍ਹੇ ਵਾਲਾ ਹੈ।
ਆਈਨ-ਏ-ਅਕਬਰੀ ਦਾ ਪਹਿਲਾ ਅੰਗਰੇਜ਼ੀ ਤਰਜਮਾ ਫ਼ਰਾਂਸਿਸ ਗਲੈਡਵਨਿ ਨੇ 1783-1786 ਵਿੱਚ ਕੀਤਾ ਸੀ। ਉਹਦੇ ਤਰਜਮੇ ਮੁਤਾਬਿਕ ਬੂਹ ਵਾਲੀ ਮਿਲਣੀ ਤੋਂ ਬਾਅਦ ਸਾਂਝੀ ਧਾਰਾ ਬਾਰਾਂ ਕੋਹ ਵਗਦੀ ਜਾਂਦੀ ਸੀ। ਫਿਰ ਚਾਰ ਵਹਿਣਾਂ ਵਿੱਚ ਵੰਡੀ ਜਾਂਦੀ ਸੀ। ਇਹ ਚਾਰ ਵਹਿਣ ਹਰ, ਹਰੀ, ਦੰਦ (ਦੰਦਾ) ਅਤੇ ਨੂਰਨੀ ਸਨ। ਦੋ ਸਾਲ ਬਾਅਦ ਜੇਮਜ਼ ਰੈਨਲ ਨੇ ਵੀ ਮਿਸਾਲੀ ਨਕਸ਼ੇ (1788) ਵਿੱਚ ਸਾਂਝੀ ਧਾਰਾ ਚਾਰ ਵਹਿਣਾਂ ਵਿੱਚ ਵੰਡਦੀ ਦਿਖਾ ਦਿੱਤੀ। ਕਨਿੰਘਮ (1871) ਨੇ ਤਾਂ ਸਤਲੁਜ ਦੀਆਂ ਚਾਰ ਬਰਸਾਤੀ ਨਹਿਰਾਂ ਨੂੰ ਆਈਨ-ਏ-ਅਕਬਰੀ ਦੇ ਵਹਿਣਾਂ ਵਜੋਂ ਪਛਾਣਨ ਦਾ ਦਾਅਵਾ ਪੇਸ਼ ਕਰ ਦਿੱਤਾ। ਐਚਐੱਸ ਜੈਰੇਟ ਨੇ 1891 ਵਿੱਚ ਖ਼ੁਲਾਸਾ ਕੀਤਾ ਕਿ ਅਬੁਲ ਫ਼ਜ਼ਲ ਨੇ ਸਾਂਝੀ ਧਾਰਾ ਦੇ ਚਾਰ ਵਹਿਣਾਂ ਵਿੱਚ ਵੰਡੇ ਜਾਣ ਬਾਬਤ ਕੁਝ ਨਹੀਂ ਲਿਖਿਆ। ਇਹ ਤਿੰਨ ਵੱਖਰੇ ਵੱਖਰੇ ਨਾਵਾਂ ਨਾਲ ਸੱਦੀ ਜਾਣ ਲੱਗਦੀ ਸੀ। ਹਰ ਅਤੇ ਹਰੀ ਇੱਕੋ ਨਾਮ ਹੈ ਜੋ ਬਹੁਤੀਆਂ ਲਿਖਤਾਂ ਵਿੱਚ ਹਰਿਹਾਰੀ ਜਾਂ ਹਰਿਆਰੀ ਲਿਖਿਆ ਮਿਲਦਾ ਹੈ। ਦੰਦ ਅਤੇ ਨੂਰਨੀ ਨੂੰ ਇਕੱਠਾ ਦੰਦਨੂਰਨੀ ਵੀ ਪੜ੍ਹਿਆ ਜਾ ਸਕਦਾ ਹੈ ਪਰ ਦੰਦਾ ਨਾਮ ਦਾ ਖਿੱਤਾ ਮਸ਼ਹੂਰ ਹੈ। ਜਿਹਨੂੰ ਲੋਕ ਸਤਲੁਜ ਦਾ ਪੁਰਾਣਾ ਵਹਿਣ ਕਹਿੰਦੇ ਹਨ। ਇਹ ਧਰਮਕੋਟ-ਮੁੱਦਕੀ-ਫ਼ਰੀਦਕੋਟ-ਮੁਕਤਸਰ-ਭਾਗਸਰ ਤੋਂ ਬਹਾਵਲਪੁਰ ਤੱਕ ਫੈਲਿਆ ਹੋਇਆ ਸੀ। ਇਸ ਕਰਕੇ ਦੰਦਾ, ਨੂਰਨੀ ਅਤੇ ਹਰਿਆਰੀ ਤਿੰਨ ਨਾਮ ਮੰਨੇ ਜਾ ਸਕਦੇ ਹਨ। ਰੈਵਰਟੀ (1892) ਨੇ ਸਾਂਝੀ ਧਾਰਾ ਦੇ ਨਾਮ ਮੱਛੂਵਾਹ, ਨੀਲੀ ਅਤੇ ਹਰਿਆਰੀ ਦੱਸੇ ਹਨ। ਜੇ ਨਾਵਾਂ ਦੀ ਫ਼ਹਿਰਿਸਤ ਜੁਗਰਾਫ਼ੀਏ ਮੁਤਾਬਿਕ ਦੇਖਣੀ ਹੋਵੇ ਤਾਂ ਹਰੀਕੇ ਤੋਂ ਫ਼ਿਰੋਜ਼ਪੁਰ ਦੇ ਵਿਚਕਾਰ ਸਾਂਝੀ ਧਾਰਾ ਨੂੰ ਮੱਛੂਵਾਹ ਅਤੇ ਨੈ ਕਹਿੰਦੇ ਸਨ। ਫ਼ਿਰੋਜ਼ਪੁਰ ਟੱਪ ਕੇ ਪਾਕਪਟਨ ਨੇੜੇ ਹਰਿਆਰੀ ਜਾਂ ਨੀਲੀ ਕਹਿੰਦੇ ਸਨ। ਕਬੂਲਾ ਤੋਂ ਅੱਗੇ ਸਤਲੁਜ ਦਾ ਕੋਈ ਵਹਿਣ ਇਹਦੇ ਵਿੱਚੋਂ ਨਿਕਲ ਕੇ ਦੁਬਾਰਾ ਸਤਲੁਜ ਵਿੱਚ ਮਿਲਦਾ ਸੀ। ਇਰਫ਼ਾਨ ਹਬੀਬ ਮੁਤਾਬਿਕ ਇਸੇ ਵਹਿਣ ਨੂੰ ਬਿਆਸ ਜਾਂ ਬਿਆਹ ਕਹਿੰਦੇ ਸਨ। ਇੱਥੇ ਸਾਂਝੀ ਧਾਰਾ ਦਾ ਨਾਮ ਘਾਰਾ ਹੋ ਜਾਂਦਾ ਸੀ। ਲੋਧਰਾ ਲੰਘਣ ਤੋਂ ਬਾਅਦ ਦਰਿਆ ਨੂੰ ਘੱਲੂਘਾਰਾ ਕਹਿੰਦੇ ਸਨ। ਘੱਲੂ ਕਿਸੇ ਕਿਸਾਨੀ ਕਬੀਲੇ ਦਾ ਨਾਮ ਸੀ ਜੋ ਬਹਾਵਲਪੁਰ ਅਤੇ ਮਿੱਠਨਕੋਟ ਦੇ ਵਿਚਾਲੇ ਆਬਾਦ ਸੀ। ਕਬੀਲੇ ਅਤੇ ਦਰਿਆ ਦੇ ਨਾਮ ਨੂੰ ਜੋੜ ਕੇ ਦਰਿਆ ਨੂੰ ਘੱਲੂਘਾਰਾ ਸੱਦਿਆ ਜਾਂਦਾ ਸੀ।
ਸੁਜਾਨ ਰਾਇ ਭੰਡਾਰੀ (ਖੁਲਾਸਤੁਤ ਤਵਾਰੀਖ਼, 1695) ਨੇ ਮਿਲਣੀ ਦੀ ਥਾਂ ਨੂੰ ਬੂਹ ਦੇ ਪੱਤਣ ਦੀ ਥਾਂ ਬੂਹ ਦਾ ਮੌਜਾ ਕਿਹਾ ਹੈ। ਇਸ ਮੌਜੇ ਨੇ ਕਈ ਭੁਲੇਖੇ ਪੈਦਾ ਕੀਤੇ। ਰੈਵਰਟੀ ਨੇ ਤਾਂ ਬੂਹ ਦੇ ਮੌਜੇ ਦਾ ਤਰਜਮਾ ਲੋਹ ਦੇ ਮੌਜੇ (ਲੋਹੀਆਂ ਖ਼ਾਸ, ਜ਼ਿਲ੍ਹਾ ਜਲੰਧਰ) ਦੇ ਰੂਪ ਵਿੱਚ ਕੀਤਾ ਹੈ। ਇਹਦੇ ਬਾਬਤ ਅੱਗੇ ਗੱਲ ਕਰਾਂਗੇ। ਭੰਡਾਰੀ ਮੁਤਾਬਿਕ ਸਾਂਝੀ ਧਾਰਾ ਦੋ ਵਹਿਣਾਂ ਵਿੱਚ ਵੰਡੀ ਜਾਂਦੀ ਸੀ। ਉੱਤਰੀ ਵਹਿਣ ਬਿਆਸ ਕਹਾਉਂਦਾ ਸੀ ਅਤੇ ਦੱਖਣੀ ਵਹਿਣ ਨੂੰ ਸਤਲੁਜ ਸੱਦਦੇ ਸਨ। ਕੁਝ ਕੋਹ ਅੱਗੇ ਜਾ ਕੇ ਦੋਵੇਂ ਫਿਰ ਇਕੱਠੇ ਹੋ ਜਾਂਦੇ ਹਨ। ਇਰਫ਼ਾਨ ਹਬੀਬ ਨੇ ਭੰਡਾਰੀ ਦੀ ਬਿਆਸ ਵਹਿਣ ਵਾਲੀ ਗੱਲ ਨੂੰ ਖਾਰਜ ਕੀਤਾ ਹੈ। ਉਹਦੇ ਮੁਤਾਬਿਕ 1695 ਤੱਕ ਬਿਆਸ ਦਾ ਕੋਈ ਵਹਿਣ ਸਰਗਰਮ ਨਹੀਂ ਸੀ। ਸਤਲੁਜ ਵਿੱਚੋਂ ਨਿਕਲ ਕੇ ਫਤਹਿਪੁਰ ਦੇ ਉੱਪਰ ਸਤਲੁਜ ਨਾਲ ਦੁਬਾਰਾ ਮਿਲਣ ਵਾਲੇ ਵਹਿਣ ਨੂੰ ਹੀ ਬਿਆਹ ਜਾਂ ਬਿਆਸ ਸੱਦਦੇ ਸਨ। 1984 ਅਤੇ ਮੌਜੂਦਾ ਗੂਗਲ ਨਕਸ਼ੇ ਵਿੱਚ ਹਰੀਕੇ ਤੋਂ ਤਕਰੀਬਨ 25 ਕਿਲੋਮੀਟਰ ਅੱਗੇ ਜਾ ਕੇ ਬੱਗੂਵਾਲਾ ਅਤੇ ਮਸਤੇ ਕੇ ਪਿੰਡਾਂ ਨੇੜੇ ਸਤਲੁਜ-ਬਿਆਸ ਦੀ ਸਾਂਝੀ ਧਾਰਾ ਵੱਖਰੇ ਵੱਖਰੇ ਵਹਿਣਾਂ ਵਿੱਚ ਵੰਡਦੀ ਦਿਸਦੀ ਹੈ। ਇਨ੍ਹਾਂ ਵਿੱਚੋਂ ਬਹੁਤੇ ਵਹਿਣ ਹੁਣ ਹੁਸੈਨੀਵਾਲਾ ਨੇੜੇ ਇਕੱਠੇ ਹੋ ਜਾਂਦੇ ਹਨ। ਹੋ ਸਕਦਾ ਹੈ ਕਿ ਪੁਰਾਣੇ ਅੰਦਾਜ਼ਿਆਂ ਦੀ ਬੁਨਿਆਦ ਇਨ੍ਹਾਂ ਵਹਿਣਾਂ ਉੱਤੇ ਟਿਕੀ ਹੋਵੇ।
ਰੈਵਰਟੀ (1892) ਦਾ ਲੋਹੀਆਂ ਵਾਲੇ ਮੌਜੇ ਬਾਬਤ ‘ਖ਼ੁਲਾਸਾ’ ਦਿਲਚਸਪ ਹੈ। ਖੁਲਾਸਤੁਤ-ਤਵਾਰੀਖ਼ (1695) ਅਤੇ ਕਿਸੇ ‘ਬੇਨਾਮ’ ਹਿੰਦੀ ਦੇ ਜ਼ਮੀਨੀ ਸਰਵੇਖਣ (1790) ਨੂੰ ਰੈਵਰਟੀ ਨੇ ਆਪਣੇ ਦਾਅਵੇ ਦੀ ਬੁਨਿਆਦ ਬਣਾਇਆ ਹੈ। ਸਰਵੇਖਣਕਾਰ ਦਾ ਨਾਮ ਉਹ ਲੁਕੋ ਲੈਂਦਾ ਹੈ। ਹਿੰਦੀ ਖੋਜੀਆਂ ਦੀ ਘਾਲਣਾ ਨੂੰ ਮਾਨਤਾ ਨਾ ਦੇਣ ਦੀ ਬਿਮਾਰੀ ਬਹੁਤੇ ਯੂਰਪੀਆਂ ਵਿੱਚ ਰਹੀ ਹੈ। ਦਿਲੀਪ ਕੇ. ਚੱਕਰਵਰਤੀ ਦਾ ਅੰਦਾਜ਼ਾ ਹੈ ਕਿ ‘ਬੇਨਾਮ’ ਹਿੰਦੀ ਖੋਜੀ ਮਸ਼ਹੂਰ ਸਰਵੇਖਣਕਾਰ ਮਿਰਜ਼ਾ ਮੁਗ਼ਲ ਬੇਗ ਸੀ। ਹਿੰਦੋਸਤਾਨ ਦੇ ਮੁੱਢਲੇ ਨਕਸ਼ੇ (1804) ਬਣਾਉਣ ਵਾਲਿਆਂ ਵਿੱਚ ਬੇਗ ਦਾ ਅਹਿਮ ਨਾਮ ਹੈ। ਇਰਫ਼ਾਨ ਹਬੀਬ ਨੇ ਰੈਵਰਟੀ ਦੀ ਲਿਖਤ ਦਾ ਹਵਾਲਾ ਦਿੰਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਉਹ ਬਟਾਲੇ ਨੂੰ ਪਟਿਆਲਾ ਬਣਾ ਦਿੰਦਾ ਹੈ ਪਰ ਪੰਜਾਬ ਦੇ ਭੂਗੋਲ ਅਤੇ ਵਹਿਣਾਂ ਬਾਬਤ ਉਹਦੀ ਕੁਝ ਜਾਣਕਾਰੀ ਅਹਿਮ ਮੰਨੀ ਜਾਂਦੀ ਹੈ।
ਰੈਵਰਟੀ ਮੁਤਾਬਿਕ ਸਤਲੁਜ-ਬਿਆਸ ਦੀ ਮਿਲਣੀ ਬੂਹ ਦੇ ਪੱਤਣ ਜਾਂ ਮੌਜੇ ਦੀ ਥਾਂ ਲੋਹ ਦੇ ਮੌਜਾ ਕੋਲ ਹੁੰਦੀ ਸੀ। ਲੋਹ ਨੂੰ ਉਹਨੇ ਲੋਹੀਆਂ ਖ਼ਾਸ (ਜ਼ਿਲ੍ਹਾ ਜਲੰਧਰ) ਦੇ ਰੂਪ ਵਿੱਚ ਪਛਾਣਿਆ ਹੈ। ਰੈਵਰਟੀ ਦਾ ਅੰਦਾਜ਼ਾ ਸਹੀ ਹੈ ਜਾਂ ਗਲਤ ਪਰ ਲੋਹ ਜਾਂ ਲੋਹੀਆਂ ਦੇ ਮੌਜੇ ਦੀ ਅਸਲੀ ਥਾਂ ਲੱਭਣਾ ਦਿਲਚਸਪ ਹੈ। ਲੱਗਦਾ ਹੈ ਕਿ ਇਹ ਮੌਜਾ ਗਿੱਦੜਪਿੰਡੀ (ਜ਼ਿਲ੍ਹਾ ਜਲੰਧਰ) ਦੇ ਨੇੜੇ ਕਰਾ ਸਾਬੂਵਾਲ ਅਤੇ ਕਰਾ ਰਾਮ ਸਿੰਘ ਪਿੰਡਾਂ ਦੇ ਵਿਚਕਾਰ ਮੀਰਾ ਸ਼ਾਹ ਹੁਸੈਨ ਦੀ ਥਾਂ ਹੋਵੇਗਾ ਜਿਹਨੂੰ ਰੋਜ਼ਾ ਕਹਿੰਦੇ ਹਨ। ਇੱਥੇ ਪੁਰਾਣੀ ਥੇਹ ਸੀ ਜਿਹੜੀ ਹੜੱਪਾ ਤਹਿਜ਼ੀਬ ਨਾਲ ਜੁੜੀ ਹੋਈ ਸੀ। ਦੋਵੇਂ ਦਰਿਆਵਾਂ ਦੀ ਮਿਲਣੀ ਇਸ ਰੋਜ਼ੇ ਦੇ ਕੋਲ ਹੁੰਦੀ ਹੋਵੇਗੀ। ਇਸ ਰੋਜ਼ੇ ਬਾਬਤ ਰੈਵਰਟੀ ਦਾ ਦੂਜਾ ਕਿਆਸ ਇਹ ਹੈ ਕਿ ਸਤਲੁਜ ਨਾਲ ਮਿਲਣੀ ਤੋਂ ਪਹਿਲਾਂ (1431 ਈਸਵੀ) ਬਿਆਸ ਇਸ ਰੋਜ਼ੇ ਕੋਲ ਦੋ ਵਹਿਣਾਂ ਵਿੱਚ ਵੰਡਿਆ ਜਾਂਦਾ ਸੀ। ਪੁਰਾਣੇ ਬਿਆਸ ਨਾਲੇ ਨੂੰ ਉਹ ਇਸ ਵਹਿਣ ਦੀ ਨਿਸ਼ਾਨੀ ਮੰਨਦਾ ਹੈ। ਇਹ ਨਾਲਾ ਕਸੂਰ-ਚੁਨੀਆਂ-ਸ਼ੇਰਗੜ੍ਹ-ਹੁਜਰਾ ਮੁਕੀਮ ਸ਼ਾਹ-ਦੀਪਾਲਪੁਰ ਹੁੰਦਾ ਹੋਇਆ ਹਰਿਆਰੀ ਵਹਿਣ ਨਾਲ ਮਿਲਦਾ ਸੀ।
ਜੈਰੇਟ (1891) ਮੁਤਾਬਿਕ ਬੂਹ ਦਾ ਪੱਤਣ ਬਰਤਾਨਵੀ ਪੰਜਾਬ ਦੇ ਨਕਸ਼ਿਆਂ ਵਿੱਚ ਬੌਪੁਰ ਜਾਂ ਬਾਉਪੁਰ ਵਜੋਂ ਦਰਜ ਹੈ। ਲੋਹੀਆਂ ਦੇ ਮੌਜੇ ਤੋਂ ਤਕਰੀਬਨ 20 ਕਿਲੋਮੀਟਰ ਉੱਤਰ-ਪੱਛਮ ਵਿੱਚ ਪਿੰਡ ਬੌਪੁਰ ਜਾਂ ਬਾਉਪੁਰ ਜਦੀਦ ਅਤੇ ਬੌਪੁਰ ਕਦੀਮ ਹਨ। ਜਦੀਦ ਮਤਲਬ ‘ਨਵਾਂ’ ਅਤੇ ਕਦੀਮ ਮਤਲਬ ‘ਪੁਰਾਣਾ’। ਬੌਪੁਰ ਜਦੀਦ-ਕਦੀਮ ਕੋਲ ਬਿਆਸ ਦਰਿਆ ਦੋ ਵਹਿਣਾਂ ਵਿੱਚ ਵੰਡਿਆ ਜਾਂਦਾ ਹੈ ਜੋ ਹੁਣ ਹਰੀਕੇ ਦੇ ਨੇੜੇ ਇਕੱਠੇ ਹੁੰਦੇ ਹਨ। ਮਾਝੇ ਵਾਲੇ ਪਾਸੇ ਬਿਆਸ ਦਾ ਸੁੱਕਾ ਵਹਿਣ ਮਰਾੜ-ਹਰੀਕੇ-ਬੂਹ-ਸਭਰਾ-ਸਿੱਤੋ ਨੌਆਬਾਦ-ਕਾਲੇਕੇ ਉਤਾੜ-ਤਲਵੰਡੀ ਸ਼ੋਭਾ ਸਿੰਘ-ਮਾਣੇਕੇ ਮੰਡ-ਬਹਾਦਰ ਨਗਰ-ਕੋਟਲੀ ਬਸਾਵਾ ਸਿੰਘ (ਹੜੱਪਾ ਤਹਿਜ਼ੀਬ ਦੀ ਥੇਹ)-ਗਜਲ-ਰੱਤੋਕੇ-ਮੀਆਂਵਾਲਾ ਤੋਂ ਕਸੂਰ ਹੁੰਦਾ ਹੋਇਆ ਅੱਗੇ ਉਸੇ ਲੰਬੀ ਪੱਟੀ ਦਾ ਹਿੱਸਾ ਲੱਗਦਾ ਹੈ ਜਿਹਨੂੰ ਬਿਆਸ ਦਾ ਪੁਰਾਣਾ ਤਲਾ (ਬੈੱਡ) ਕਿਹਾ ਜਾਂਦਾ ਹੈ। ਇਹ ਕਸੂਰ ਦੇ ਦੱਖਣ ਤੋਂ ਜਲਾਲਪੁਰ ਪੀਰਵਾਲਾ (ਮੁਲਤਾਨ) ਤੱਕ ਚਿੱਟੀ ਪੱਟੀ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਹਰੇ ਇਨਕਲਾਬ ਤੋਂ ਬਾਅਦ ਅਜਿਹੇ ਵਹਿਣ ਅਤੇ ਪੱਟੀਆਂ ਨਾਮਨਿਹਾਦ ਬਚੇ ਹਨ। ਬਿਆਸ ਅਤੇ ਸਤਲੁਜ ਦੇ ਵਹਿਣਾਂ ਅਤੇ ਤਲਿਆਂ ਬਾਬਤ ਭਰਮ ਭੁਲੇਖੇ ਦੂਰ ਕਰਨ ਲਈ ਬਚੇ-ਖੁਚੇ ਵਹਿਣਾਂ-ਪੱਟੀਆਂ ਨੂੰ ਨਵੇਂ ਸਿਰਿਉਂ ਪੜਤਾਲਿਆ ਜਾਣਾ ਚਾਹੀਦਾ ਹੈ।
ਰੈਵਰਟੀ ਕੋਲ ਲੋਹੀਆਂ ਵਾਲੀ ਮਿਲਣੀ ਸਿੱਧ ਕਰਨ ਲਈ ਹੋਰ ‘ਨਿਸ਼ਾਨੀ’ ਪਛਾਣਨ ਦਾ ਦਾਅਵਾ ਹੈ। ਉਹਨੇ ਇਹ ਨਿਸ਼ਾਨੀ ਰਾਹੋਂ ਕੋਲ ਤਕਰੀਬਨ ਦਸ ਕਿਲੋਮੀਟਰ ਲੰਬੀ ਝੀਲ ਰੂਪੀ ਵਹਿਣ ਦੇ ਰੂਪ ਵਿੱਚ ਪਛਾਣੀ ਹੈ ਜਿਹਨੂੰ ਸਤਲੁਜ ਦਾ ਪੁਰਾਣਾ ਤਲਾ (ਬੈੱਡ) ਕਹਿੰਦੇ ਸਨ। ਬਸਤਾਨੀ ਲਿਖਤਾਂ ਵਿੱਚ ਰਾਹੋਂ ਅਤੇ ਫਿਲੌਰ ਦੇ ਵੱਡੇ ਤਲਿਆਂ (ਝੀਲਾਂ) ਦਾ ਖ਼ਾਸ ਜ਼ਿਕਰ ਹੈ। ਫਿਲੌਰ ਨੇੜੇ ਤੇਹਿੰਗ ਅਤੇ ਥਲਾ ਪਿੰਡਾਂ ਕੋਲ ਵੱਡੀ ਝੀਲ ਅਤੇ ਦਲਦਲ ਸੀ। ਥਲਾ ਪਿੰਡ ਦਾ ਨਾਮ ਤਲੇ ਤੋਂ ਬਣਿਆ ਲੱਗਦਾ ਹੈ।
ਰੈਵਰਟੀ ਦਾ ਖ਼ਿਆਲ ਹੈ ਕਿ ਰਾਹੋਂ ਵਾਲਾ ਵਹਿਣ ਬੁਰਜ ਪੁਖਤਾ (ਫਿਲੌਰ) ਹੋ ਕੇ ਆਲੀਵਾਲ ਦੇ ਸਾਹਮਣਿਉਂ ਯਕਦਮ ਮੋੜ ਕੱਟ ਕੇ ਸ਼ਾਹਕੋਟ ਦੇ ਪੱਛਮ ਵਿੱਚ ਲੋਹੀਆਂ ਕੋਲ ਬਿਆਸ ਨਾਲ ਮਿਲਦਾ ਸੀ। ਇਹ ਵਹਿਣ ਬਿਆਸ ਨਾਲ ਮਿਲਦਾ ਸੀ ਜਾਂ ਨਹੀਂ ਪਰ 1984 ਦੇ ਗੂਗਲ ਨਕਸ਼ੇ ਵਿੱਚ ਤਕਰੀਬਨ ਇਹੀ ਵਹਿਣ ਰਾਹੋਂ ਤੋਂ ਪਰਜੀਆਂ ਕਲਾਂ ਤੱਕ ਮੱਧਮ ਜਿਹਾ ਦਿਸਦਾ ਹੈ। ਸਿੱਧਵਾਂ ਬੇਟ ਦੇ ਉੱਪਰ ਬਾਂਗੀਵਾਲ-ਪਰਜੀਆਂ ਕਲਾਂ-ਰੌਂਟ-ਬਾਜਵਾ ਖੁਰਦ-ਪੂਨੀਆਂ-ਕੱਕਰ ਕਲਾਂ ਤੋਂ ਲੋਹੀਆਂ ਦੇ ਮੌਜੇ ਵੱਲ ਜਾਂਦਾ ਸਾਫ਼ ਦਿਖਾਈ ਦਿੰਦਾ ਹੈ।
ਰੈਵਰਟੀ ਮੁਤਾਬਿਕ ਇਸ ਵਹਿਣ ਦਾ ਕੁਝ ਪਾਣੀ ਵਾਪਸ ਮੁੜ ਆਉਂਦਾ ਸੀ ਅਤੇ ਦੱਖਣ-ਪੱਛਮ ਵੱਲ ਪੁਰਾਣੇ ਵਹਿਣ ਦੰਦਾ ਜਾਂ ਦਰਿਆਇ-ਦੰਦਾ ਵਿੱਚ ਵਹਿਣ ਲੱਗਦਾ ਸੀ। ਫ਼ਿਰੋਜ਼ਪੁਰ ਦਾ ਗਜ਼ਟੀਅਰ (1915) ਨਵੀਂ ਜਾਣਕਾਰੀ ਦਿੰਦਾ ਹੈ ਕਿ ਸਤਲੁਜ ਜ਼ੀਰਾ ਤਹਿਸੀਲ ਦੇ ਪੱਛਮ ਵਿੱਚ ਕਿਤੇ ਬਿਆਸ ਨਾਲ ਮਿਲਦਾ ਸੀ। ਸਤਲੁਜ ਨੇ ਉੱਤਰ ਵੱਲ ਮੋੜ ਕੱਟ ਕੇ ਸ਼ਾਹਕੋਟ ਵੱਲ ਵਧਣਾ ਸ਼ੁਰੂ ਕਰ ਦਿੱਤਾ। ਕੁਝ ਪਾਣੀ ਆਰਜ਼ੀ ਤੌਰ ਉੱਤੇ ਆਪਣੇ ਪੁਰਾਣੇ ਤਲੇ (ਬੈੱਡ) ਦਰਿਆਇ-ਦੰਦਾ ਵਿੱਚ ਵਾਪਸ ਆ ਗਿਆ। ਇਹ ਪਾਣੀ ਦੋ-ਤਿੰਨ ਵਹਿਣਾਂ ਵਿੱਚ ਤਬਦੀਲ ਹੋ ਗਿਆ ਜਨਿ੍ਹਾਂ ਵਿੱਚੋਂ ਇੱਕ ਸੁੱਕਰ ਨੈਅ (ਧਰਮਕੋਟ-ਫ਼ਿਰੋਜ਼ਪੁਰ-ਮਮਦੋਟ) ਸੀ। ਸਤਲੁਜ ਦੇ ਪੁਰਾਣੇ ਦੰਦੇ ਜਾਂ ਲੁਧਿਆਣਾ-ਫ਼ਿਰੋਜ਼ਪੁਰ ਸੜਕ ਤੋਂ ਸਤਲੁਜ ਦੇ ਮੌਜੂਦਾ ਵਹਿਣ ਦੇ ਵਿਚਕਾਰਲਾ ਖਿੱਤਾ ਸੁੱਕਰ ਨੈ ਵਰਗੇ ਨਾਲਿਆਂ ਨੇ ਮੱਲਿਆ ਹੋਇਆ ਸੀ। 1960-72 ਵਿੱਚ ਅਮਰੀਕੀ ਜਾਸੂਸੀ ਉਪਗ੍ਰਹਿਆਂ ਵੱਲੋਂ ਖਿੱਚੀਆਂ ਤਸਵੀਰਾਂ ਵਿੱਚ ਇਹ ਦਲਦਲ ਅਤੇ ਵਹਿਣ ਸਾਫ਼ ਦੇਖੇ ਜਾ ਸਕਦੇ ਹਨ। ਸਮਰਾਲੇ ਦੇ ਉੱਤਰ ਤੋਂ ਰਾਹੋਂ ਦੇ ਵਿਚਕਾਰ ਇਹੀ ਨਜ਼ਾਰਾ ਸੀ। ਇਨ੍ਹਾਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਸਤਲੁਜ ਅਤੇ ਬਿਆਸ ਦਾ ਘੇਰਾ ਕਿੰਨਾ ਵਸੀਹ ਸੀ।
ਮੁੜ ਇਸ ਸਵਾਲ ਉੱਤੇ ਆਉਂਦੇ ਹਾਂ ਹੈ ਕਿ ਰੈਵਰਟੀ ‘ਬੂਹ’ ਨੂੰ ‘ਲੋਹ’ ਕਿਵੇਂ ਪੜ੍ਹ ਰਿਹਾ ਹੈ? ਜਦੋਂਕਿ ਖੁਲਾਸਤੁਤ ਤਵਾਰੀਖ਼ ਅਤੇ ਆਈਨ-ਏ-ਅਕਬਰੀ ਦੇ ਤਰਜਮਿਆਂ ਵਿੱਚ ਬੂਹ ਦਾ ਮੌਜਾ ਜਾਂ ਬੂਹ ਦਾ ਪੱਤਣ ਲਿਖਿਆ ਹੈ। ਲੋਹੀਆਂ ਦੇ ਮੌਜੇ ਦਾ ਕੋਈ ਜ਼ਿਕਰ ਨਹੀਂ ਹੈ। ਇੱਥੇ ਗਣੇਸ਼ ਦਾਸ ਵਡੇਰਾ ਰੈਵਰਟੀ ਦੀ ਮਦਦ ਲਈ ਆਉਂਦਾ ਹੈ। ਉਹਦੀ ਕਿਤਾਬ ‘ਚਾਰ ਬਾਗਿ ਪੰਜਾਬ’ (1855, ਸੰਪਾਦਕ: ਜੇ.ਐੱਸ. ਗਰੇਵਾਲ ਅਤੇ ਇੰਦੂ ਬੰਗਾ) ਵਿੱਚ ਬੂਹ ਜਾਂ ਹਰੀਕੇ ਦੀ ਥਾਂ ‘ਲੋਨ’ ਲਿਖਿਆ ਮਿਲਦਾ ਹੈ ਜੋ ਲੋਹ ਜਾਂ ਲੋਹੀਆਂ ਵੱਲ ਇਸ਼ਾਰਾ ਕਰਦਾ ਹੈ। ਮੂਲ ਲਿਖਤਾਂ ਦੇ ਵੱਖਰੇ ਵੱਖਰੇ ਤਰਜਮਿਆਂ ਨੇ ਵੱਖਰੀਆਂ ਵੱਖਰੀਆਂ ਕਹਾਣੀਆਂ ਅਤੇ ਅੰਦਾਜ਼ਿਆਂ ਨੂੰ ਜਨਮ ਦਿੱਤਾ ਹੈ।

Advertisement

ਦੋ ਵੇਈਆਂ, ਸੁੱਕਰ ਨੈ ਅਤੇ ਸਤਲੁਜ

ਕਾਲੀ ਵੇਈਂ, ਧੌਲੀ (ਚਿੱਟੀ) ਵੇਈਂ, ਸਤਲੁਜ ਅਤੇ ਬਿਆਸ ਦੇ ਆਪਸੀ ਸੰਬੰਧਾਂ ਨੂੰ ਸਮਝਣ ਲਈ ਚਾਰ ਵਹਿਣਾਂ ਜਾਂ ਨਹਿਰਾਂ ਨੂੰ ਜਾਣਨਾ ਲਾਜ਼ਮੀ ਹੈ। ਇਨ੍ਹਾਂ ਦੇ ਨਾਮ ਕਟੋਰਾ, ਖਾਨਵਾਹ, ਉੱਪਰਲਾ ਸੋਹਾਗ ਜਾਂ ਸੋਹਾਗ ਜਦੀਦ ਅਤੇ ਹੇਠਲਾ ਸੋਹਾਗ-ਪਾਰਾ ਜਾਂ ਪੁਰਾਣਾ ਸੋਹਾਗ ਹਨ। ਪੰਜਾਬ ਦੀਆਂ ਨਹਿਰੀ ਬਸਤੀਆਂ ਦੇ ਨਕਸ਼ੇ (1915) ਵਿੱਚ ਕਟੋਰਾ ਨਹਿਰ ਗੰਡਾ ਸਿੰਘ ਵਾਲਾ-ਹੁਸੈਨੀਵਾਲਾ ਦੇ ਨੇੜਿਉਂ ਸਤਲੁਜ ਵਿੱਚੋਂ ਨਿਕਲਦੀ ਸੀ। ਖਾਨਵਾਹ ਫ਼ਿਰੋਜ਼ਪੁਰ ਤੋਂ ਪੱਚੀ ਮੀਲ ਹੇਠਾਂ ਸਤਲੁਜ ਵਿੱਚੋਂ ਨਿਕਲਦਾ ਸੀ। ਉੱਪਰਲਾ ਸੋਹਾਗ ਖਾਨਵਾਹ ਤੋਂ ਛੇ-ਸੱਤ ਮੀਲ ਹੋਰ ਦੱਖਣ ਵਿੱਚ ਸੀ। ਹੇਠਲਾ ਸੋਹਾਗ ਉੱਪਰਲੇ ਸੋਹਾਗ ਤੋਂ ਹੋਰ ਵੀਹ ਮੀਲ ਹੇਠਾਂ ਸੀ। ਇਸ ਖਿੱਤੇ ਦੇ ਬਹੁਤੇ ਵਹਿਣ ਸੋਹਾਗ ਨਾਲ ਸੰਬੰਧਤ ਦੱਸੇ ਜਾਂਦੇ ਹਨ। ਗੋਰੇ ਬਸਤਾਨਾਂ ਦੀਆਂ ਆਬਾਦ ਕੀਤੀਆਂ ਨਹਿਰੀ ਬਸਤੀਆਂ ਵਿੱਚ ਸੋਹਾਗ-ਪਾਰਾ ਦਾ ਖ਼ਾਸ ਜ਼ਿਕਰ ਆਉਂਦਾ ਹੈ। ਮਸ਼ਹੂਰ ਹੈ ਕਿ 1767 ਵਿੱਚ ਪਾਕਪਟਨ ਦੇ ਦੀਵਾਨ ਨੇ ਨਕਈ ਮਿਸਲਦਾਰਾਂ ਨੂੰ ਕੁਤਬਵਾਲਾ ਕੋਲ ਹਰਾਇਆ ਸੀ। ਉਨ੍ਹਾਂ ਵਿੱਚੋਂ ਬਹੁਤੇ ਸੋਹਾਗ ਦੇ ਵਹਿਣਾਂ ਵਿੱਚ ਡੁੱਬ ਕੇ ਮਰੇ ਸਨ।ਲੋਕ ਰਵਾਇਤਾਂ ਅਤੇ ਬਸਤਾਨੀ ਲਿਖਤਾਂ ਵਿੱਚ ਇਨ੍ਹਾਂ ਨਹਿਰਾਂ ਬਾਬਤ ਦਿਲਚਸਪ ਕਹਾਣੀਆਂ ਹਨ ਜਨਿ੍ਹਾਂ ਵਿੱਚ ਕਟੋਰਾ, ਸੋਹਾਗ ਅਤੇ ਖਾਨਵਾਹ ਨਹਿਰਾਂ ਨੂੰ ਜਲੰਧਰ ਦੁਆਬੇ ਦੀਆਂ ਦੋ ਵੇਈਆਂ ਦੀ ਲਗਾਤਾਰਤਾ ਵਜੋਂ ਮੰਨਿਆ ਗਿਆ ਹੈ। ਖਾਨਵਾਹ ਨੂੰ ਕਾਲੀ ਵੇਈਂ ਦੀ ਲਗਾਤਾਰਤਾ ਕਹਿੰਦੇ ਸਨ ਅਤੇ ਸੋਹਾਗ ਧੌਲੀ ਵੇਂਈਂ ਦੀ ਲਗਾਤਾਰਤਾ ਵਜੋਂ ਮਸ਼ਹੂਰ ਸੀ। ਦੋਵੇਂ ਵੇਈਆਂ ਪਹਿਲਾਂ ਸਤਲੁਜ ਅਤੇ ਬਿਆਸ ਦੇ ਵਿਚਕਾਰੋਂ ਵਹਿੰਦੀਆਂ ਸਨ। ਜਦੋਂ ਸਤਲੁਜ ਅਤੇ ਬਿਆਸ ਵੱਖਰੇ ਵੱਖਰੇ ਵਗਦੇ ਸਨ। ਸਤਲੁਜ ਨੇ ਉੱਤਰ ਵੱਲ ਮੋੜ ਕੱਟ ਕੇ ਧੌਲੀ ਵੇਈਂ ਨੂੰ ਦੋ ਥਾਵਾਂ ਉੱਤੇ ਵੱਢ ਮਾਰਿਆ। ਹੇਠਲੇ ਹਿੱਸੇ ਵਿੱਚ ਸਤਲੁਜ ਨੇ ਧੌਲੀ ਵੇਈਂ ਨੂੰ ਲਾਲੂ ਗੁੱਦੜ (ਲਹਿੰਦਾ ਪੰਜਾਬ) ਕੋਲ ਵੱਢਿਆ ਹੋਵੇਗਾ। ਲਾਲੂ ਗੁੱਦੜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬੇ ਲਾਧੂਕਾ ਦੇ ਸਾਹਮਣੇ ਲਹਿੰਦੇ ਪੰਜਾਬ ਵਾਲੇ ਪਾਸੇ ਹੈ। ਹੇਠਲਾ ਸੋਹਾਗ ਲਾਲੂ ਗੁੱਦੜ ਦੇ ਕੋਲੋਂ ਸਤਲੁਜ ਵਿੱਚੋਂ ਨਿਕਲਦਾ ਸੀ। ਸੁੱਕਰ ਨੈ (ਧਰਮਕੋਟ-ਫ਼ਿਰੋਜ਼ਪੁਰ-ਮਮਦੋਟ) ਲਾਲੂ ਗੁੱਦੜ ਦੇ ਸਾਹਮਣੇ ਚੜ੍ਹਦੇ ਪੰਜਾਬ ਵਾਲੇ ਪਾਸੇ ਸਤਲੁਜ ਵਿੱਚ ਡਿੱਗਦੀ ਸੀ। ਇਹ ਨਦੀ ਵੇਈਂ ਅਤੇ ਸੋਹਾਗ ਵਹਿਣ ਦੀ ਆਪਸੀ ਕੜੀ ਬਣਦੀ ਹੈ। ਉਪਰਲੇ ਹਿੱਸੇ ਵਿੱਚ ਸਤਲੁਜ ਨੇ ਵੇਈਂ ਨੂੰ ਮੰਡਾਲੇ ਕੋਲ ਵੱਢ ਮਾਰਿਆ ਹੋਵੇਗਾ। ਧੌਲੀ ਵੇਈਂ ਕੋਟ ਈਸੇ ਖਾਂ ਦੇ ਉੱਤਰ-ਪੱਛਮ ਵਿੱਚ ਮੰਡਾਲਾ ਪਿੰਡ ਕੋਲ ਸਤਲੁਜ ਨਾਲ ਮਿਲਦੀ ਹੈ।ਰੈਵਰਟੀ ਸੋਹਾਗ ਦੀ ਥਾਂ ਕਟੋਰਾ ਨਹਿਰ ਨੂੰ ਧੌਲੀ ਵੇਈਂ ਦੀ ਲਗਾਤਾਰਤਾ ਮੰਨਦਾ ਹੈ। ਮੰਡਾਲੇ ਦੇ ਦੱਖਣ ਵਿੱਚ ਕਟੋਰਾ ਨਾਮ ਦਾ ਪਿੰਡ ਕੋਟ ਈਸੇ ਖਾਂ ਦੇ ਨੇੜੇ ਹੈ। ਕਟੋਰਾ ਨਾਮ ਦਾ ਦੂਜਾ ਪਿੰਡ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਆਰਿਫ਼ ਕੇ ਕੋਲ ਸਤਲੁਜ ਦੇ ਕੰਢੇ ਹੈ। ਇਸ ਪਿੰਡ ਦੇ ਪੱਛਮ ਵਿੱਚ ਸਤਲੁਜ ਦੇ ਲਹਿੰਦੇ ਪੰਜਾਬ ਵਾਲੇ ਪਾਸੇ ਨਹਿਰ ਦੇ ਨਿਸ਼ਾਨ ਬਾਕੀ ਹਨ। ਇਨ੍ਹਾਂ ਪਿੰਡਾਂ ਨਾਲ ਕਟੋਰਾ ਨਹਿਰ ਦੇ ਰਿਸ਼ਤੇ ਬਾਬਤ ਪੱਕੇ ਰੂਪ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ। ਕਟੋਰਾ ਨਹਿਰ ਅਤੇ ਸੁੱਕਰ ਨੈ ਦਾ ਨਾਤਾ ਸੰਬੰਧਤ ਇਲਾਕੇ ਨਾਲ ਹੈ। ਇਸ ਕਰਕੇ ਧੌਲੀ ਵੇਈਂ, ਸੁੱਕਰ ਨੈ, ਕਟੋਰਾ ਅਤੇ ਸੋਹਾਗ ਨਹਿਰਾਂ ਦਾ ਆਪਸੀ ਜੋੜ-ਤੋੜ ਲੱਭਿਆ ਜਾਂਦਾ ਹੈ।ਧੌਲੀ ਵੇਈਂ ਗੜਸ਼ੰਕਰ ਅਤੇ ਜਾਡਲਾ ਵੇਈਆਂ ਦੀ ਪਿੰਡ ਭੌਰੇ ਨੇੜੇ ਮਿਲਣੀ ਹੋਣ ਨਾਲ ਹੋਂਦ ਵਿੱਚ ਆਉਂਦੀ ਸੀ। ਦਿਲਚਸਪ ਹੈ ਕਿ ਨਵਾਂਸ਼ਹਿਰ, ਫਿਲੌਰ ਅਤੇ ਪੂਰਬੀ ਨਕੋਦਰ ਦੇ ਵਹਿਣ ਸਤਲੁਜ ਵਿੱਚ ਨਹੀਂ ਡਿੱਗਦੇ। ਉਹ ਉਲਟਾ ਉੱਤਰ-ਪੱਛਮ ਵੱਲ ਨੂੰ ਵਗਦੇ ਹੋਏ ਧੌਲੀ ਵੇਈਂ ਵਿੱਚ ਡਿੱਗਦੇ ਸਨ। 1853 ਦੇ ਨਕਸ਼ੇ ਵਿੱਚ ਰਾਹੋਂ ਕੋਲੋਂ ਵਹਿਣ ਨਵਾਂਸ਼ਹਿਰ-ਗੋਬਿੰਦਪੁਰ-ਪੰਡੋਰੀ-ਸੰਗਤਪੁਰ-ਸੀਕਰੀ-ਬੋਹਾਨੀ-ਖਜੂਰਲਾ ਕੋਲ ਧੌਲੀ ਵੇਈਂ ਨਾਲ ਮਿਲਦਾ ਦਿਖਾਇਆ ਗਿਆ ਹੈ। ਨਕਸ਼ਾ ਦੇਖ ਕੇ ਲੱਗਦਾ ਹੈ ਕਿ ਕੋਈ ਵਹਿਣ ਸਤਲੁਜ ਵਿੱਚੋਂ ਨਿਕਲ ਕੇ ਖਜੂਰਲੇ ਵੱਲ ਧੌਲੀ ਵੇਈਂ ਨਾਲ ਮਿਲਣ ਜਾ ਰਿਹਾ ਹੈ। ਦੇਖਣ ਵਾਲੇ ਨੂੰ ਲੱਗ ਸਕਦਾ ਹੈ ਕਿ ਇਹ ਵਹਿਣ ਸਤਲੁਜ ਦਾ ਪੁਰਾਣਾ ਵਹਿਣ ਹੋਵੇਗਾ ਜੋ ਰਾਹੋਂ-ਨਵਾਂਸ਼ਹਿਰ-ਫਗਵਾੜਾ ਜਾਂਦਾ ਹੋਵੇਗਾ। ਰੈਵਰਟੀ ਦਾ ਕਿਆਸ ਹੈ ਕਿ ਧੌਲੀ ਵੇਈਂ ਸਤਲੁਜ ਦਾ ਪੁਰਾਣਾ ਵਹਿਣ ਸੀ। ਰੈਵਰਟੀ ਦੀ ਲਿਖਤ ਤੋਂ ਅੰਦਾਜ਼ਾ ਤੋਂ ਲਾਇਆ ਜਾਂਦਾ ਹੈ ਕਿ ਧੌਲੀ ਵੇਈਂ ਦਾ ਕੇਂਦਰੀ ਅਤੇ ਹੇਠਲਾ ਹਿੱਸਾ (ਜਲੰਧਰ ਹਵੇਲੀ ਤੋਂ ਮੰਡਾਲੇ ਤੱਕ) ਸਤਲੁਜ ਦਾ ਪੁਰਾਣਾ ਵਹਿਣ ਰਿਹਾ ਹੋਵੇਗਾ। ਉਦੋਂ ਸਤਲੁਜ ਦਾ ਵਹਿਣ ਰੋਪੜ-ਰਾਹੋਂ-ਨਵਾਂਸ਼ਹਿਰ-ਫਗਵਾੜਾ-ਨਕੋਦਰ-ਗਿੱਦੜਪਿੰਡੀ ਹੋਵੇਗਾ। ਜਲੰਧਰ ਜ਼ਿਲ੍ਹੇ ਦੇ ਗਜ਼ਟੀਅਰ (1904) ਮੁਤਾਬਿਕ ਸਤਲੁਜ ਵਿੱਚ ਮਿਲਣ ਤੋਂ ਪਹਿਲਾਂ ਧੌਲੀ ਵੇਈਂ ਆਖ਼ਰੀ ਤਿੰਨ ਮੀਲ ਸਤਲੁਜ ਦੇ ਪੁਰਾਣੇ ਵਹਿਣ ਵਿੱਚ ਵਗਦੀ ਸੀ ਜਿੱਥੋਂ 1856 ਵਿੱਚ ਸਤਲੁਜ ਵਗਦਾ ਹੁੰਦਾ ਸੀ। ਹੁਣ ਵੀ ਹੜ੍ਹਾਂ ਵਿੱਚ ਸਤਲੁਜ ਦਾ ਪਾਣੀ ਇਸ ‘ਵਹਿਣ’ ਨੂੰ ਮੱਲ ਲੈਂਦਾ ਹੈ। ਇਸ ਤਰ੍ਹਾਂ ਧੌਲੀ ਵੇਈਂ ਲਿਖਤਾਂ ਵਿੱਚ ਸਤਲੁਜ ਦੇ ਪੁਰਾਣੇ ਵਹਿਣ ਦੇ ਕਿਆਸ ਵਜੋਂ ਵੀ ਦਰਜ ਹੁੰਦੀ ਹੈ।ਚੀਨੀ ਯਾਤਰੀ ਹਿਊਨਸਾਂਗ ਨੇ ਸੱਤਵੀਂ ਸਦੀ ਵਿੱਚ ਤਮਸ ਵਣ (ਹਨੇਰੇ ਜੰਗਲ) ਦੇ ਬੋਧੀ ਸਕੂਲ ਦਾ ਜ਼ਿਕਰ ਕੀਤਾ ਹੈ। ਤਮਸ ਵਣ ਦੋ ਵੇਈਆਂ ਦੇ ਵਿਚਕਾਰਲਾ ਅਤੇ ਕੰਢਿਆਂ ਵਾਲਾ ਇਲਾਕਾ ਹੋਵੇਗਾ ਜਿਹੜਾ ਸੁਲਤਾਨਪੁਰ ਲੋਧੀ, ਡੱਲਾ ਅਤੇ ਲੋਹੀਆਂ ਦੇ ਦੁਆਲੇ ਦਾ ਇਲਾਕਾ ਮੰਨਿਆ ਗਿਆ ਹੈ। ਬਿਆਸ, ਦੋਵੇਂ ਵੇਈਆਂ ਅਤੇ ਸਤਲੁਜ ਦੇ ਅਥਾਹ ਸਾਂਝੇ ਪਾਣੀ ਨੇ ਇਸ ਖਿੱਤੇ ਨੂੰ ਲਗਾਤਾਰ ਸਿੱਲ੍ਹੀ ਰਹਿਣ ਵਾਲੀ ਜੰਗਲੀ ਦਲਦਲ ਬਣਾ ਦਿੱਤਾ ਸੀ। ਧਾੜਵੀਆਂ ਤੋਂ ਬਚਣ ਲਈ ਜੰਗਲੀ ਦਲਦਲ ਦੇ ਧੁਰ ਅੰਦਰ ਗੁਫ਼ਾਵਾਂ, ਬੋਧੀ ਮਹਾਂਪੁਰਖਾਂ ਦੀਆਂ ਸਮਾਧਾਂ ਅਤੇ ਸਕੂਲ ਸਨ। ਸਕੂਲ ਵਿੱਚ ਦੋ ਸੌ ਫੁੱਟ ਉੱਚਾ ਅਸ਼ੋਕ ਦਾ ਬਣਾਇਆ ਸਤੂਪ ਪੁਰਾਣੇ ਬੁੱਧਾਂ ਦੀ ਨਿਸ਼ਾਨੀ ਸੀ। ਇੱਥੇ ਬੋਧੀ ਗੁਰੂਆਂ ਦੇ ਦੰਦਾਂ ਅਤੇ ਹੱਡੀਆਂ ਨੂੰ ਯਾਦਗਾਰਾਂ ਵਜੋਂ ਸੰਭਾਲਿਆ ਗਿਆ ਸੀ।ਬਿਆਸ ਦਾ ਪੁਰਾਣਾ ਤਲਾ, ਪੁਰਾਣਾ ਬਿਆਸ ਨਾਲਾ ਅਤੇ ਬੁੱਢੀ ਬਿਆਸਬਿਆਸ ਦਾ ਪੁਰਾਣਾ ਤਲਾ (ਬੈੱਡ) ਜਾਂ ਬੁੱਢੀ ਬਿਆਸ ਉਸ ਲੰਬੀ ਪੱਟੀ ਨੂੰ ਕਿਹਾ ਜਾਂਦਾ ਹੈ ਜਿਹਦੇ ਰਾਹੀਂ ਕਦੇ ਬਿਆਸ ਵਗਦਾ ਹੁੰਦਾ ਸੀ। ਜਦੋਂ ਉਹ ਆਜ਼ਾਦ ਵਗਦਾ ਹੋਇਆ ਚਨਾਬ ਨਾਲ ਮਿਲਦਾ ਸੀ। ਇਹ ਲੰਬੀ ਪੱਟੀ ਖੇਮਕਰਨ ਅਤੇ ਕਸੂਰ ਦੇ ਦੱਖਣ ਤੋਂ ਜਲਾਲਪੁਰ ਪੀਰਵਾਲਾ (ਮੁਲਤਾਨ) ਤੱਕ ਮੰਨੀ ਜਾਂਦੀ ਹੈ। ਗੂਗਲ ਨਕਸ਼ੇ ਵਿੱਚ ਇਸ ਪੱਟੀ ਦੇ ਨਿਸ਼ਾਨ ਬਾਕੀ ਹਨ। ਬਿਆਸ ਦਾ ਪੁਰਾਣਾ ਤਲਾ ਅਤੇ ਪੁਰਾਣਾ ਬਿਆਸ ਨਾਲਾ ਵੱਖਰੇ ਵੱਖਰੇ ਹਨ। ਪੁਰਾਣਾ ਬਿਆਸ ਨਾਲਾ, ਬਿਆਸ ਦੇ ਪੁਰਾਣੇ ਤਲੇ ਦੇ ਹੇਠ ਨਾਲੇ ਦੇ ਰੂਪ ਵਿੱਚ ਵਗਦਾ ਹੈ। ਇਸੇ ਤਰ੍ਹਾਂ ਦਰਿਆਇ-ਦੰਦਾ (ਧਰਮਕੋਟ-ਮੁਕਤਸਰ-ਬਹਾਵਲਪੁਰ) ਦੇ ਢਾਹੇ ਹੇਠ ਕਈ ਨਾਲਿਆਂ ਦਾ ਸਾਂਝਾ ਵਹਿਣ ਵਗਦਾ ਸੀ, ਜਿਵੇਂ ਮੋਗਾ ਅਤੇ ਡਗਰੂ ਨਾਲੇ। ਅਮਰੀਕੀ ਜਾਸੂਸੀ ਉਪਗ੍ਰਹਿਆਂ (1960-72) ਦੀਆਂ ਤਸਵੀਰਾਂ ਵਿੱਚ ਇਹ ਢਾਹੇ ਅਤੇ ਨਾਲੇ ਦੇਖੇ ਜਾ ਸਕਦੇ ਹਨ।ਪੁਰਾਣੇ ਬਿਆਸ ਦਾ ਖਿੱਤਾ ਉਜਾੜ ਜੰਗਲਾਂ ਅਤੇ ਮੈਦਾਨਾਂ ਦੀ ਧਰਤੀ ਵਜੋਂ ਮਸ਼ਹੂਰ ਸੀ। ਚੰਦਰਗੁਪਤ ਦੂਜਾ (376-415 ਈਸਵੀ) ਗਣਾਂ ਨੂੰ ਹਰਾਉਣ ਆਇਆ ਤਾਂ ਉਹਨੇ ਮੁਲਤਾਨ ਤੋਂ ਵਾਪਸ ਆਉਂਦਿਆਂ ਇਸ ਉਜਾੜ ਨੂੰ ਪਾਰ ਕੀਤਾ ਜਿਹਨੂੰ ਮਹਾਂਬਣ ਕਹਿੰਦੇ ਸਨ। ਉਹਨੇ ਨਾਬਰ ਗਣਾਂ ਨੂੰ ਹਰਾਉਣ ਲਈ ਮਹਾਂਬਣ ਦਾ ਕੁਝ ਹਿੱਸਾ ਫੂਕ ਦਿੱਤਾ। ਖੁਲਾਸਤੁਤ-ਤਵਾਰੀਖ਼ (1695) ਨੇ ਇਹਨੂੰ ਲੱਖੀ ਜੰਗਲ ਦਾ ਹਿੱਸਾ ਕਿਹਾ ਹੈ। ਇਸ ਖਿੱਤੇ ਨੂੰ ਸਤਲੁਜ, ਬਿਆਸ ਅਤੇ ਇਹਦੇ ਛੋਟੇ ਵਹਿਣਾਂ ਦੇ ਹੜ੍ਹਾਂ ਦਾ ਪਾਣੀ ਜੰਗਲ ਅਤੇ ਘਾਹ ਦੇ ਸੰਘਣੇ ਮੈਦਾਨਾਂ ਵਿੱਚ ਬਦਲ ਦਿੰਦਾ ਸੀ ਜੋ ਬਾਗੀਆਂ ਨੂੰ ਰੱਖਿਆ ਮੁਹੱਈਆ ਕਰਵਾਉਂਦਾ ਸੀ। ਕਿਸੇ ਸਮੇਂ ਮੱਲਾਂਵਾਲਾ (ਜ਼ੀਰਾ), ਦੀਪਾਲਪੁਰ, ਪਾਕਪਟਨ, ਸ਼ੇਰਗੜ੍ਹ, ਕਹਿਰੋੜ ਅਤੇ ਦੁਨੀਆਪੁਰ ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਦੁਆਬਾ ਦਾ ਹਿੱਸਾ ਮੰਨੇ ਜਾਂਦੇ ਸਨ।ਪੁਰਾਣੇ ਬਿਆਸ ਦੇ ਖਿੱਤੇ ਦੀ ਖ਼ੂਬਸੂਰਤੀ ਬਾਬਤ ਅੰਗਰੇਜ਼ ਅਫ਼ਸਰ (1855) ਦਾ ਬਿਆਨ ਅਹਿਮ ਹੈ। ਇਹਦੇ ਹਰੇ-ਭਰੇ ਅਤੇ ਰੁੱਖਾਂ ਲੱਦੇ ਮੈਦਾਨ ਦੇਖ ਕੇ ਅਫ਼ਸਰ ਦਾ ਕਹਿਣਾ ਸੀ ਕਿ ‘ਮੈਂ ਇੰਨੇ ਸੋਹਣੇ ਮੈਦਾਨ ਹਿੰਦੋਸਤਾਨ ਵਿੱਚ ਕਿਤੇ ਨਹੀਂ ਦੇਖੇ’। ਇਹ ਉਹਨੂੰ ਬਰਤਾਨਵੀ ਪਾਰਕਾਂ ਦੀ ਖ਼ੂਬਸੂਰਤੀ ਦਾ ਚੇਤਾ ਦਿਵਾਉਂਦੇ ਸਨ।ਅੱਜਕੱਲ੍ਹ ਪੁਰਾਣੇ ਬਿਆਸ ਦਾ ਖਿੱਤਾ ਆਲਮੀ ਥੇਹਖੋਜੀਆਂ ਦੀ ਨਜ਼ਰ ਚੜ੍ਹਿਆ ਹੋਇਆ ਹੈ। ਅਮਰੀਕੀ ਜਾਸੂਸੀ ਉਪਗ੍ਰਹਿਆਂ ਦੀਆਂ ਤਸਵੀਰਾਂ (1960-72) ਜਨਤਕ ਹੋਣ ਕਾਰਨ ਇਹ ਤਲਾ ਮੁੜ ਖ਼ਬਰਾਂ ਵਿੱਚ ਹੈ। ਇਹਦੇ ਕੰਢੇ ਕਈ ਹੜੱਪਾ ਥੇਹਾਂ ਦੀ ਨਿਸ਼ਾਨਦੇਹੀ ਹੋਈ ਹੈ। ਅਮਰੀਕੀ ਖੋਜੀ ਰੀਟਾ ਰਾਈਟ ਅਤੇ ਜੈਸੇ ਕਸਾਨਾ ਨੇ ਇਨ੍ਹਾਂ ਥੇਹਾਂ ਉੱਤੇ ਜ਼ਿਕਰਗੋਚਰਾ ਕੰਮ ਕੀਤਾ ਹੈ। ਉਨ੍ਹਾਂ ਨੇ ਪੁਰਾਣੇ ਬਿਆਸ ਦੀਆਂ ਕਦੀਮੀ ਨਹਿਰਾਂ ਅਤੇ ਵਹਿਣਾਂ ਦੀਆਂ ਨਿਸ਼ਾਨੀਆਂ ਨੂੰ ਉਘਾੜਿਆ ਹੈ। ਦਰਿਆਵਾਂ ਅਤੇ ਵਹਿਣਾਂ ਬਾਬਤ ਭਰਮ ਭੁਲੇਖੇ ਦੂਰ ਕਰਨ ਲਈ ਅਜਿਹੀ ਨਿੱਗਰ ਅਤੇ ਲਗਾਤਾਰ ਖੋਜ ਦੀ ਲੋੜ ਹੈ।ਈ-

ਮੇਲ: jatindermauhar@gmail.com

Advertisement