ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਟਰੱਸਟ ਦੀ ਮੀਟਿੰਗ
ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਨਵੰਬਰ
ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਟਰੱਸਟ ਦੀ ਮੀਟਿੰਗ ਅੱਜ ਇਥੇ ਹੋਈ ਜਿਸ ਵਿੱਚ ਵੱਖ ਵੱਖ ਮਸਲਿਆਂ ’ਤੇ ਵਿਚਾਰ -ਵਟਾਂਦਰੇ ਤੋਂ ਇਲਾਵਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਅਤੇ ਮਹਾ ਸਭਾ ਦੇ ਬਾਨੀ ਪ੍ਰਧਾਨ ਕਰਨਲ ਜੇਐੱਸ ਬਰਾੜ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਨ ਦਾ ਫ਼ੈਸਲਾ ਵੀ ਲਿਆ ਗਿਆ। ਸ਼ਹੀਦ ਬਾਬਾ ਭਾਨ ਸਿੰਘ ਟਰੱਸਟ ਦੇ ਜਨਰਲ ਸਕੱਤਰ ਜਸਵੰਤ ਜ਼ੀਰਖ ਨੇ ਦੱਸਿਆ ਕਿ ਬੀਤੇ ਦਿਨੀਂ ਵਿਛੋੜਾ ਦੇ ਗਏ ਕਰਨਲ ਬਰਾੜ ਦੀਆਂ ਸਮਾਜ ਪ੍ਰਤੀ ਨਿਭਾਈਆਂ ਦਲੇਰਾਨਾ ਗਤੀਵਿਧੀਆਂ ਅਤੇ ਅਹਿਮ ਸੇਵਾਵਾਂ ਨੂੰ ਯਾਦ ਰੱਖਦਿਆਂ ਸ਼ਹੀਦ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟਰੱਸਟ, ਮਹਾ ਸਭਾ ਲੁਧਿਆਣਾ ਅਤੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਵੱਲੋਂ 6 ਨਵੰਬਰ ਨੂੰ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ। ਸ਼ਰਧਾਂਜਲੀ ਸਮਾਗਮ ਵਿੱਚ ਇਨਕਲਾਬੀ, ਜਮਹੂਰੀ, ਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਸਮੇਤ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਨੁਮਾਇੰਦੇ ਵੀ ਪੁੱਜਣਗੇ। ਸਮਾਗਮ ਦੌਰਾਨ ਕਰਨਲ ਬਰਾੜ ਵੱਲੋਂ ਨਿਭਾਏ ਲੋਕ ਪੱਖੀ ਰੋਲ ਬਾਰੇ ਵਿਸਥਾਰ ਨਾਲ ਚਰਚਾ ਕਰਦਿਆਂ ਉਨ੍ਹਾਂ ਵੱਲੋਂ ਵਿੱਢੇ ਕੰਮਾਂ ਅਤੇ ਵਿਚਾਰਾਂ ਨੂੰ ਅੱਗੇ ਟੋਰਨ ਦੇ ਯਤਨਾ ਦਾ ਜਿੰਮਾ ਲਿਆ ਜਾਵੇਗਾ।
ਕਰਨਲ ਬਰਾੜ ਨਮਿੱਤ ਭੋਗ ਭਲਕੇ
ਕਰਨਲ ਜਗਦੀਸ਼ ਸਿੰਘ ਬਰਾੜ ਜੋ ਪਿੱਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿੱਤ ਰੱਖੇ ਗਏ ਪਾਠ ਦਾ ਭੋਗ 3 ਨਵੰਬਰ ਨੂੰ ਪਾਇਆ ਜਾਵੇਗਾ। ਫੌਜ ਵਿੱਚੋਂ ਸੇਵਾ ਮੁਕਤੀ ਮਗਰੋਂ ਉਨ੍ਹਾਂ ਸਮਾਜ ’ਚੋਂ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ, ਧੱਕੇਸ਼ਾਹੀ, ਪਬਲਿਕ ਥਾਵਾਂ ਦੇ ਨਾਜ਼ਾਇਜ਼ ਕਬਜ਼ੇ ਖਤਮ ਕਰਨ ਲਈ ਦ੍ਰਿੜਤਾ ਨਾਲ ਮੁਹਿੰਮ ਚਲਾਉਣ ਦੀ ਅਗਵਾਈ ਕੀਤੀ।