ਸੈਕਟਰ-110 ਵਾਸੀਆਂ ਦੀ ਅਧਿਕਾਰੀ ਨਾਲ ਮੀਟਿੰਗ ਬੇਸਿੱਟਾ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 10 ਨਵੰਬਰ
ਰੈਂਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਸੈਕਟਰ-110 ਦੇ ਨੁਮਾਇੰਦਿਆਂ ਦੀ ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਨੀਰੂ ਕਟਿਆਲ ਨਾਲ ਮੀਟਿੰਗ ਹੋਈ ਜੋ ਕਿਸੇ ਨਤੀਜੇ ’ਤੇ ਨਹੀਂ ਪੁੱਜੀ। ਇਸ ਕਾਰਨ ਸੈਕਟਰ ਵਾਸੀਆਂ ਵਿੱਚ ਰੋਸ ਹੈ। ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ, ਜਸਵੀਰ ਸਿੰਘ ਗੜਾਂਗ, ਐੱਮਐੱਲ ਸ਼ਰਮਾ, ਗੁਰਬਚਨ ਸਿੰਘ ਮੰਡੇਰ, ਐਡਵੋਕੇਟ ਹਰਪਾਲ ਸਿੰਘ, ਗੌਰਵ ਗੋਇਲ ਅਤੇ ਅਸ਼ੋਕ ਡੋਗਰਾ ਨੇ ਕਿਹਾ ਕਿ ਮੀਟਿੰਗ ਦੌਰਾਨ ਅਧਿਕਾਰੀ ਸੈਕਟਰਾਂ ਵਿਚਲੀਆਂ ਖਾਮੀਆਂ ਤੇ ਕਥਿਤ ਧੋਖਾਧੜੀ ਦੇ ਬਾਵਜੂਦ ਬਿਲਡਰ ਦੀ ਰਹਿੰਦੀ ਇੱਕੋ-ਇੱਕ ਰਿਜ਼ਰਵ ਸਾਈਟ ਦਾ ਨਕਸ਼ਾ ਪਾਸ ਕਰਨ ਲਈ ਕਾਹਲੇ ਨਜ਼ਰ ਆਏ।
ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ (ਪੁੱਡਾ) ਮੰਤਰੀ ਹਰਦੀਪ ਸਿੰਘ ਮੁੰਡੀਆਂ ਤੋਂ ਮੰਗ ਕੀਤੀ ਕਿ ਬਿਲਡਰ ਅਤੇ ਅਧਿਕਾਰੀਆਂ ਦਾ ਗੱਠਜੋੜ ਤੋੜਨ ਲਈ ਨਿੱਜੀ ਦਖ਼ਲ ਦੇ ਕੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਮਨਮਾਨੀਆਂ ਕਰਨ ਤੋਂ ਰੋਕਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਸੈਕਟਰ ਵਾਸੀ ਸੰਘਰਸ਼ ਲਈ ਮਜਬੂਰ ਹੋਣਗੇ।
ਆਗੂਆਂ ਨੇ ਕਿਹਾ ਕਿ ਬਹੁਤ ਸਾਰੀਆਂ ਖ਼ਾਮੀਆਂ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ ਪੁੱਡਾ/ ਗਮਾਡਾ ਅਧਿਕਾਰੀ ਨੇ ਸਕੂਲ ਦੀ ਸਾਈਟ ਦੇ ਉੱਪਰੋਂ ਦੀ ਲੰਘਦੀ 66ਕੇਵੀ ਹਾਈਟੈਂਸ਼ਨ ਲਾਈਨ ਨੂੰ ਗ਼ਲਤ ਦੱਸ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।
ਸੈਕਟਰ ਵਾਸੀਆਂ ਨੇ ਮੰਗ ਕੀਤੀ ਕਿ ਬੇਨਿਯਮੀਆਂ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਟੀਡੀਆਈ ਬਿਲਡਰ ਦੀ ਰਹਿੰਦੀ ਇੱਕੋ-ਇੱਕ ਸਾਈਟ ਦਾ ਨਕਸ਼ਾ ਪਾਸ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰੈਵੇਨਿਊ ਰਸਤਿਆਂ ਵਿੱਚ ਪਾਸ ਕੀਤੀਆਂ ਸੜਕਾਂ ਪੱਕੀਆਂ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਅਧਿਕਾਰੀਆਂ ਨਾਲ ਮਿਲ ਕੇ ਬਿਲਡਰ ਨੇ ਕਮਿਊਨਿਟੀ ਸੈਂਟਰ ਦੀ ਰਿਜ਼ਰਵ ਸਾਈਟ ਉੱਤੇ ਹੀ ਕਲੱਬ ਪਾਸ ਕਰਵਾ ਲਿਆ ਗਿਆ ਜਦੋਂਕਿ ਇਸ ਮੰਤਵ ਲਈ ਕੋਈ ਥਾਂ ਰਾਖਵੀਂ ਨਹੀ ਰੱਖੀ ਗਈ।
ਬਿਲਡਰ ਨੂੰ ਨਿਯਮਾਂ ਮੁਤਾਬਕ ਕਾਰਵਾਈ ਲਈ ਕਿਹਾ: ਕਟਿਆਲ
ਪੁੱਡਾ ਦੇ ਮੁੱਖ ਪ੍ਰਸ਼ਾਸਕ ਅਤੇ ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਨੀਰੂ ਕਟਿਆਲ ਨੇ ਦੱਸਿਆ ਕਿ ਉਨ੍ਹਾਂ ਨੇ ਰੈਂਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਸੈਕਟਰ-110 ਦੇ ਨੁਮਾਇੰਦਿਆਂ ਦੀਆਂ ਮੁਸ਼ਕਲਾਂ ਸੁਣੀਆਂ ਹਨ। ਇਨ੍ਹਾਂ ’ਚੋਂ ਕਾਫ਼ੀ ਮਸਲੇ ਜਲਦੀ ਹੱਲ ਹੋਣ ਵਾਲੇ ਹਨ ਅਤੇ ਕਈਆਂ ਨੂੰ ਜ਼ਿਆਦਾ ਸਮਾਂ ਲੱਗ ਸਕਦਾ ਹੈ। ਮੀਟਿੰਗ ਵਿੱਚ ਸੜਕਾਂ ਅਤੇ ਹਾਈ ਟੈਂਸ਼ਨ ਤਾਰਾਂ ਦੇ ਮਸਲੇ ’ਤੇ ਵੀ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਬਿਲਡਰ ਨੂੰ ਨਿਯਮਾਂ ਮੁਤਾਬਕ ਕਾਰਵਾਈ ਲਈ ਕਿਹਾ ਗਿਆ ਹੈ।