ਕਣਕ ਦੀ ਖਰੀਦ ਸਬੰਧੀ ਅਧਿਕਾਰੀਆਂ ਤੇ ਵਪਾਰੀਆਂ ਦੀ ਮੀਟਿੰਗ
ਪੱਤਰ ਪ੍ਰੇਰਕ
ਰਤੀਆ, 2 ਅਪਰੈਲ
ਇੱਥੇ ਦਾਣਾ ਮੰਡੀ ਵਿੱਚ ਕਣਕ ਦੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਵਪਾਰ ਮੰਡਲ ਦੇ ਅਧਿਕਾਰੀਆਂ ਦੀ ਖਰੀਦ ਏਜੰਸੀ ਦੇ ਮੁਲਾਜ਼ਮਾਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਪ੍ਰਧਾਨ ਰੂਪ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਕੀਤੀ ਗਈ। ਮੀਟਿੰਗ ਵਿੱਚ ਮਾਰਕੀਟ ਕਮੇਟੀ ਦੇ ਸਕੱਤਰ ਨਰਿੰਦਰ ਕੁੰਡੂ, ਹੈਫੇਡ ਮੈਨੇਜਰ ਅਨੀਤਾ ਰਾਣੀ, ਵੇਅਰਹਾਊਸ ਮੈਨੇਜਰ ਸੋਮਵਰ ਸਿੰਘ, ਵਪਾਰ ਮੰਡਲ ਪ੍ਰਧਾਨ ਰੂਪ ਗਰਗ, ਉਪ ਪ੍ਰਧਾਨ ਮਨਦੀਪ ਸਿੰਘ, ਸਕੱਤਰ ਖੇਮਚੰਦ ਮੰਗਾ, ਖਜ਼ਾਨਚੀ ਗਗਨ ਜਿੰਦਲ, ਸਾਬਕਾ ਪ੍ਰਧਾਨ ਰਾਜੂ ਲਾਲੀ, ਸੋਨੂੰ ਜਿੰਦਲ, ਵਿਪਨ ਗੋਇਲ, ਸੰਜੇ ਮੋਦੀ, ਅਮਨ ਜੈਨ, ਸੁਖਦੀਪ ਗਰੇਵਾਲ, ਦਰਸ਼ਨ ਗਰਗ, ਕਾਕਾ ਰਾਜ, ਹੰਸ ਕੰਬੋਜ, ਹਰੀਸ਼ ਕੁਮਾਰ, ਡੀਪੀ ਗਰਗ, ਪ੍ਰਵੀਨ ਮਿੱਤਲ, ਸੁੰਦਰ ਪੂਨੀਆ, ਰਾਏ ਸਿੰਘ, ਸੂਰਾ ਅਤੇ ਹੋਰ ਵਪਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਰੂਪ ਗਰਗ ਨੇ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ।
ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਛੇਤੀ ਕੀਤਾ ਜਾਵੇ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਨਰਿੰਦਰ ਕੁੰਡੂ ਅਤੇ ਖਰੀਦ ਏਜੰਸੀ ਦੇ ਅਧਿਕਾਰੀਆਂ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਸੀਜ਼ਨ ਦੌਰਾਨ ਆਪਣੀ ਫਸਲ ਨੂੰ ਸੁਕਾ ਕੇ ਲਿਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਸਾਨਾਂ ਅਤੇ ਅਧਿਕਾਰੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ।