ਇਲੈਕਟ੍ਰੀਸਿਟੀ ਐਂਪਲਾਈਜ਼ ਫੈਡਰੇਸ਼ਨ ਦੇ ਉੱਤਰ ਭਾਰਤੀ ਹਲਕਿਆਂ ਦੀ ਮੀਟਿੰਗ
ਕੁਲਦੀਪ ਸਿੰਘ
ਚੰਡੀਗੜ੍ਹ, 17 ਦਸੰਬਰ
ਇਲੈਕਟ੍ਰੀਸਿਟੀ ਐਂਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ (5569) ਦੇ ਉੱਤਰ ਭਾਰਤੀ ਹਲਕਿਆਂ ਦੀ ਮੀਟਿੰਗ ਚੰਡੀਗੜ੍ਹ ਵਿੱਚ ਹੋਈ, ਜਿਸ ਵਿੱਚ ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਅਗਲੇ ਪੜਾਅ ਦੀ ਯੋਜਨਾਬੱਧ ਕਾਰਵਾਈ ਲਈ ਠੋਸ ਯੋਜਨਾਵਾਂ ਉਲੀਕੀਆਂ ਗਈਆਂ। ਮੀਟਿੰਗ ਵਿੱਚ ਈਈਐੱਫਆਈ ਦੇ ਜਨਰਲ ਸਕੱਤਰ ਪ੍ਰਸ਼ਾਂਤ ਐੱਨ ਚੌਧਰੀ ਅਤੇ ਮੀਤ ਪ੍ਰਧਾਨ ਸੁਭਾਸ਼ ਲਾਂਬਾ ਸਮੇਤ ਸੁਰੇਸ਼ ਰਾਠੀ, ਗੋਪਾਲ ਦੱਤ ਜੋਸ਼ੀ, ਰਤਨ ਸਿੰਘ, ਹਰਪਾਲ ਸਿੰਘ, ਹੀਰਾ ਲਾਲ ਵਰਮਾ, ਕੁਲਵਿੰਦਰ ਸਿੰਘ ਢਿੱਲੋਂ, ਅਮਰੀਕ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਅਬਦੁਲ ਨਾਜ਼ਰ, ਮੁਹੰਮਦ ਇਕਬਾਲ ਅਤੇ ਉੱਤਰੀ ਖੇਤਰ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੇਵਾਵਾਂ ਨੂੰ ਆਪਣੇ ਨੇੜਲੇ ਕਾਰਪੋਰੇਟ ਭਾਈਵਾਲਾਂ ਨੂੰ ਸੌਂਪਣ ਨੂੰ ਯਕੀਨੀ ਬਣਾਉਣ ਲਈ ਬਿਜਲੀ ਖੇਤਰ ਵਿੱਚ ਕਈ ਲੋਕ ਵਿਰੋਧੀ ਸੁਧਾਰਾਂ ਨੂੰ ਲਾਗੂ ਕਰ ਰਹੀ ਹੈ। ਸਰਕਾਰ ਵੱਲੋਂ ਬਿਜਲੀਕਰਨ ਦੀ ਪ੍ਰਕਿਰਿਆ ਨੂੰ ਪਿੱਛੇ ਛੱਡ ਦਿੱਤਾ ਜਾਵੇਗਾ ਅਤੇ ਲੱਖਾਂ ਬਿਜਲੀ ਕਰਮਚਾਰੀ ਨੌਕਰੀ ਤੋਂ ਬਾਹਰ ਹੋ ਜਾਣਗੇ। ਦੂਜੇ ਪਾਸੇ ਕਿਸਾਨਾਂ ਨਾਲ ਕੀਤੇ ਲਿਖਤੀ ਵਾਅਦਿਆਂ ਦੀ ਉਲੰਘਣਾ ਕਰਦਿਆਂ ਸਰਕਾਰ ਬਿਜਲੀ (ਸੋਧ) ਬਿੱਲ ਮੁੜ ਸੰਸਦ ’ਚ ਪਾਸ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਜੇਕਰ ਇਹ ਬਿੱਲ ਐਕਟ ’ਚ ਬਦਲ ਜਾਂਦਾ ਹੈ ਤਾਂ ਕਿਸਾਨਾਂ ਅਤੇ ਗਰੀਬ ਖਪਤਕਾਰਾਂ ਲਈ ਸਾਰੀਆਂ ਕਰਾਸ ਸਬਸਿਡੀਆਂ ਖਤਮ ਹੋ ਜਾਣਗੀਆਂ ਅਤੇ ਵੰਡ ਅਤੇ ਜਨਤਕ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਮੁਨਾਫ਼ੇ ਵਾਲੇ ਸੈਕਟਰ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰ ਦਿੱਤੇ ਜਾਣਗੇ।