ਪੰਜਾਬ ਪੈਨਸ਼ਨਰਜ਼ ਮਹਾਂ ਸੰਘ ਦੇ ਮੈਂਬਰਾਂ ਦੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 10 ਜਨਵਰੀ
ਪੰਜਾਬ ਪੈਨਸ਼ਨਰਜ਼ ਮਹਾਂ ਸੰਘ ਦੇ ਮੈਂਬਰਾਂ ਦੀ ਮੀਟਿੰਗ ਸੰਘ ਦੇ ਪ੍ਰਧਾਨ ਲੈਕਚਰਾਰ ਧਰਮਪਾਲ ਸੋਖਲ ਦੀ ਪ੍ਰਧਾਨਗੀ ਹੇਠ ਹੋਈ। ਸੰਘ ਦੇ ਸੀਨੀਅਰ ਮੈਂਬਰ ਲੈਕਚਰਾਰ ਲਛਮਣ ਸਿੰਘ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਕੀਤੀ ਜਾ ਰਹੀ ਟਾਲ-ਮਟੋਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਇਹ ਦਾਅਵੇ ਕਰ ਰਹੀ ਹੈ ਕਿ ਸਰਕਾਰ ਕੋਲ ਕੋਈ ਫੰਡ ਦੀ ਘਾਟ ਨਹੀਂ ਹੈ ਪਰ ਦੂਜੇ ਪਾਸੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਕੇ ਇਹ ਦਰਸਾ ਰਹੀ ਹੈ ਕਿ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ। ਮੈਂਬਰਾਂ ਨੇ ਕਿਹਾ ਕਿ ਪੈਨਸ਼ਨਰ ਆਪਣੇ ਹੱਕ ਮੰਗ ਰਹੇ ਹਨ, ਉੱਥੇ ਹੀ ਮੰਗਾਂ ਦੀ ਪੂਰਤੀ ਨੂੰ ਉਡੀਕਦਿਆਂ ਕਰੀਬ 40 ਹਜ਼ਾਰ ਪੈਨਸ਼ਨਰਾਂ ਦਾ ਦੇਹਾਂਤ ਹੋ ਗਿਆ ਹੈ। ਸੰਘ ਦੇ ਪ੍ਰਧਾਨ ਲੈਕਚਰਾਰ ਧਰਮਪਾਲ ਸੋਖਲ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਹੱਕੀ ਮੰਗਾਂ ਤੁਰੰਤ ਲਾਗੂ ਨਾ ਕੀਤੀਆਂ ਗਈਆਂ ਤਾਂ ਉਹ ਪੰਜਾਬ ਸਰਕਾਰ ਪ੍ਰਤੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਕੈਪਟਨ ਹਰਪਾਲ ਸਿੰਘ, ਗੁਰਦਿਆਲ ਸਿੰਘ, ਸੁਰਿੰਦਰਜੀਤ ਵਰਮਾ, ਨੌਹਰੀਆ ਸਿੰਘ, ਕੈਪਟਨ ਗੁਰਦੇਵ ਸਿੰਘ, ਬਲਦੇਵ ਸਿੰਘ, ਜੋਗਿੰਦਰ ਸਿੰਘ, ਜਸਵੰਤ ਸਿੰਘ, ਹਰਚੰਦ ਸਿੰਘ ਅਤੇ ਨਿਰਮਲ ਸਿੰਘ ਹਾਜ਼ਰ ਸਨ।