ਡਰਾਈਵਰ ਅਤੇ ਟੈਕਨੀਕਲ ਐਂਪਲਾਈਜ਼ ਯੂਨੀਅਨ ਦੀ ਮੀਟਿੰਗ
ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਜੂਨ
ਪੰਜਾਬ ਸਰਕਾਰ ਡਰਾਈਵਰ ਅਤੇ ਟੈਕਨੀਕਲ ਐਂਪਲਾਈਜ਼ ਯੂਨੀਅਨ ਦੀ ਮੀਟਿੰਗ ਸੂਬਾ ਕਨਵੀਨਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਡਰਾਈਵਰਾਂ ਦੇ ਦੋ ਗਰੁੱਪਾਂ ਵਿੱਚੋਂ ਇੱਕ ਦੀ ਅਗਵਾਈ ਜਰਨੈਲ ਸਿੰਘ ਨਥਾਣਾ ਜਦਕਿ ਦੂਜੇ ਗਰੁੱਪ ਦੀ ਅਗਵਾਈ ਸੂਬਾ ਪ੍ਰਧਾਨ ਗੁਰਤੇਜ ਸਿੰਘ ਬਰਾੜ ਨੇ ਕੀਤੀ। ਉਨ੍ਹਾਂ ਗੁਰਤੇਜ ਸਿੰਘ ਬਰਾੜ ਦੀ ਅਗਵਾਈ ਹੇਠ ਇੱਕ ਝੰਡੇ ਥੱਲੇ ਇਕੱਠੇ ਕੰਮ ਕਰਨ ਦਾ ਫੈਸਲਾ ਕੀਤਾ।
ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਤੇਜ ਸਿੰਘ ਬਰਾੜ ਨੇ ਕਿਹਾ ਕਿ ਉਹ ਸ੍ਰੀ ਨਥਾਣਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕਰਦਾ ਹੈ ਅਤੇ ਸਰਕਾਰ ਤੋਂ ਮੰਗ ਕਰਦਾ ਹੈ ਕਿ ਜੋ ਗੱਡੀਆਂ ਆਊਟਸੋਰਸਿੰਗ ਏਜੰਸੀਆਂ ਤੋਂ ਲੈ ਰਹੀ ਹੈ, ਉਸ ਨੂੰ ਸਰਕਾਰ ਬੰਦ ਕਰੇ। ਇਨਾਂ ਗੱਡੀਆਂ ਕਾਰਨ ਸਰਕਾਰ ਦੇ ਖਜਾਨੇ ‘ਤੇ ਬਹੁਤ ਬੋਝ ਪੈ ਰਿਹਾ ਹੈ ਜੋ ਆਮ ਲੋਕਾਂ ਨੂੰ ਟੈਕਸ ਦੇ ਰੂਪ ਵਿੱਚ ਚੁਕਾਉਣਾ ਪੈਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਨਵੇਂ ਡਰਾਈਵਰਾਂ ਦੀ ਭਰਤੀ ਕੀਤੀ ਜਾਵੇ, ਨਵੀਆਂ ਗੱਡੀਆਂ ਖ੍ਰੀਦੀਆਂ ਜਾਣ। ਇਸ ਮੌਕੇ ਵੱਡੀ ਗਿਣਤੀ ‘ਚ ਪਹੁੰਚੇ ਡਰਾਈਵਰ ਸਾਥੀਆਂ ਨੇ ਜਰਨੈਲ ਸਿੰਘ ਨਥਾਣਾ, ਨਿਰਮਲ ਸਿੰਘ ਗਰੇਵਾਲ, ਕੁਲਵੰਤ ਸਿੰਘ ਢਿੱਲੋਂ, ਪਲਵਿੰਦਰ ਸਿੰਘ ਆਦਿ ਸਾਥੀਆਂ ਦਾ ਹਾਰ ਪਾ ਕੇ ਧੰਨਵਾਦ ਕੀਤਾ।