ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰਜ਼ ਦੀ ਮੀਟਿੰਗ
ਪੱਤਰ ਪ੍ਰੇਰਕ
ਐੱਸਏਐਸ ਨਗਰ (ਮੁਹਾਲੀ), 4 ਸਤੰਬਰ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਪ੍ਰਧਾਨਗੀ ਹੇਠ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਹੋਈ। ਇਸ ਮੌਕੇ ਵੱਖ-ਵੱਖ ਏਜੰਡਿਆਂ ’ਤੇ ਚਰਚਾ ਕਰਦਿਆਂ ਪ੍ਰਵਾਨਿਤ ਏਜੰਡਿਆਂ ਨੂੰ ਜਲਦੀ ਅਮਲੀ-ਜਾਮਾ ਪਹਿਨਾਉਣ ਦਾ ਫ਼ੈਸਲਾ ਲਿਆ ਗਿਆ।
ਚੇਅਰਮੈਨ ਬਰਸਟ ਨੇ ਦੱਸਿਆ ਕਿ ਗਰਾਮ ਪੰਚਾਇਤ ਮਹਿਮਦਪੁਰ ਵੱਲੋਂ ਪੰਜਾਬ ਮੰਡੀ ਬੋਰਡ ਨੂੰ ਮੰਡੀ ਬਣਾਉਣ ਲਈ 19 ਏਕੜ 6 ਕਨਾਲ ਜ਼ਮੀਨ ਦਾਨ ਵਜੋਂ ਦਿੱਤੀ ਗਈ ਸੀ। ਇੱਥੇੇ ਖ਼ਰੀਦ ਕੇਂਦਰ ਨੂੰ ਹੁਣ ਸਬ ਯਾਰਡ ਵਜੋਂ ਘੋਸ਼ਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੰਡੀਆਂ ਦੀ ਚਾਰ-ਦੀਵਾਰੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਮਹਿਤਪੁਰ ਅਤੇ ਜਲੰਧਰ ਦੀਆਂ ਮੰਡੀਆਂ ਵਿੱਚ ਨਵੇਂ ਏਟੀਐੱਮ ਲਗਾਏ ਗਏ ਹਨ ਅਤੇ ਜਲਦੀ ਹੀ ਹੋਰਨਾਂ ਮੰਡੀਆਂ ਵਿੱਚ ਇਹ ਸੁਵਿਧਾ ਦਿੱਤੀ ਜਾਵੇਗੀ। ਮੀਟਿੰਗ ਵਿੱਚ ਮੰਡੀ ਬੋਰਡ ਦੇ ਸਕੱਤਰ ਸ੍ਰੀਮਤੀ ਨੀਲਿਮਾ, ਵਿਸ਼ੇਸ਼ ਸਕੱਤਰ ਖੇਤੀ ਸੰਯਮ ਅਗਰਵਾਲ, ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਸਤਬੀਰ ਸਿੰਘ ਗੋਸਲ, ਉਪ ਸਕੱਤਰ ਜਸਮਿੰਦਰ ਸਿੰਘ, ਸੰਯੁਕਤ ਡਾਇਰੈਕਟਰ ਬਾਗਬਾਨੀ ਤੇਜਿੰਦਰ ਸਿੰਘ ਬਾਜਵਾ ਆਦਿ ਮੌਜੂਦ ਰਹੇ।
ਮੰਡੀਆਂ ਦੇ ਸ਼ੈੱਡਾਂ ਦੀ ਖੇਡਾਂ ਦੀ ਸਿਖਲਾਈ ਲਈ ਵਰਤੋਂ
ਪੰਜਾਬ ਮੰਡੀ ਬੋਰਡ ਵੱਲੋਂ ਆਫ਼ ਸੀਜ਼ਨ ਦੌਰਾਨ ਮੰਡੀਆਂ ਦੇ ਖਾਲੀ ਪਏ ਸ਼ੈੱਡਾਂ ਨੂੰ ਖੇਡਾਂ ਦੀ ਸਿਖਲਾਈ ਦੇਣ ਲਈ ਇਨਡੋਰ ਸਟੇਡੀਅਮ ਵਜੋਂ ਵਰਤਿਆ ਜਾ ਰਿਹਾ ਹੈ। ਚੇਅਰਮੈਨ ਨੇ ਦੱਸਿਆ ਕਿ ਰਾਮਪੁਰਾ ਫੂਲ ਵਿੱਚ ਸਕੈਟਿੰਗ, ਸੁਲਤਾਨਪੁਰ ਲੋਧੀ ਤੇ ਮਲੋਟ ਵਿੱਚ ਬਾਸਕਟਬਾਲ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਬੈਡਮਿੰਟਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੰਡੀਆਂ ਦੇ ਸ਼ੈੱਡਾਂ ਨੂੰ ਵਿਆਹਾਂ ਜਾਂ ਸਮਾਜਿਕ ਕਾਰਜਾਂ ਲਈ ਕਿਰਾਏ ’ਤੇ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ।