ਵਕਫ਼ ਬੋਰਡ ਦੇ ਸਕੂਲਾਂ ਤੇ ਕਾਲਜਾਂ ਵਿੱਚ ਸੁਧਾਰ ਲਈ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 8 ਅਗਸਤ
ਪੰਜਾਬ ਵਕਫ਼ ਬੋਰਡ ਦੇ ਅਧੀਨ ਚੱਲ ਰਹੇ ਕਾਲਜ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਕੂਲਾਂ ਦੇ ਸ਼ਾਖਾ ਮੁਖੀਆਂ ਦੀ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਏਡੀਜੀਪੀ ਕਮ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਐੱਮ.ਐੱਫ ਫਾਰੂਕੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਵਕਫ਼ ਬੋਰਡ ਦੇ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਬਿਹਤਰ ਕਰਨ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਸਕੂਲਾਂ ਵਿੱਚ ਸਿੱਖਿਆ ਕੌਂਸਲਾਂ ਦੀ ਕਾਰਗੁਜ਼ਾਰੀ ’ਚ ਸੁਧਾਰ ਲਿਆਉਣ ਅਤੇ ਸਕੂਲਾਂ ਦੀਆਂ ਮੰਗਾਂ ’ਤੇ ਵੀ ਗੱਲਬਾਤ ਹੋਈ। ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਐੱਮਐੱਫ ਫਾਰੂਕੀ ਨੇ ਦੱਸਿਆ ਕਿ ਬੋਰਡ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਯਤਨਸ਼ੀਲ ਹੈ ਜਿਨ੍ਹਾਂ ਸਕੂਲਾਂ-ਕਾਲਜਾਂ ਵਿੱਚ ਫਰਨੀਚਰ ਦੀ ਲੋੜ ਹੈ, ਉਥੇ ਜਲਦੀ ਹੀ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ, ਜਨਰੇਟਰ ਸੈੱਟ, ਸਮਾਰਟ ਕਲਾਸ ਰੂਮ, ਸੋਲਰ ਪੈਨਲ ਸਿਸਟਮ, ਫਾਇਰ ਸਿਸਟਮ ਵੀ ਅਪਗਰੇਡ ਕੀਤੇ ਜਾਣਗੇ। ਇਸ ਮੌਕੇ ਬੋਰਡ ਦੇ ਮੁੱਖ ਕਾਰਜਕਾਰੀ ਅਫ਼ਸਰ ਡਾ. ਮੁਹੰਮਦ ਅਸਲਮ ਸਮੇਤ ਪ੍ਰਿੰਸੀਪਲ ਡਾ. ਰਾਹਿਲਾ, ਪ੍ਰਿੰਸੀਪਲ ਮੁਹੰਮਦ ਜਾਵੇਦ ਤੇ ਪ੍ਰਿੰਸੀਪਲ ਸੀਮਾ ਕੁਮਾਰੀ ਆਦਿ ਹਾਜ਼ਰ ਸਨ।