ਰੱਖਿਆ ਲੋੜਾਂ ਦੀ ਪੂਰਤੀ
ਮੋਦੀ ਸਰਕਾਰ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਅਤੇ ਘਰੋਗੀ ਉਤਪਾਦਨ ’ਤੇ ਲਗਾਤਾਰ ਜ਼ੋਰ ਦਿੰਦੀ ਰਹੀ ਹੈ ਪਰ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਭਾਰਤ ਅਜੇ ਵੀ ਦੂਜੇ ਦੇਸ਼ਾਂ ਤੋਂ ਹਥਿਆਰ ਖਰੀਦਣ ਦੇ ਲਿਹਾਜ਼ ਤੋਂ ਦੁਨੀਆ ਦਾ ਸਭ ਤੋਂ ਵੱਡਾ ਦਰਾਮਦਕਾਰ ਬਣਿਆ ਹੋਇਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਬੰਗਲੂਰੂ ਵਿਖੇ ਭਾਰਤ ਦੀ ਹਵਾਈ ਸ਼ਕਤੀ ਦੀ ਨੁਮਾਇਸ਼ ਏਅਰੋ ਇੰਡੀਆ-2025 ਵਿੱਚ ਆਖਿਆ ਹੈ ਕਿ ਵਿਸ਼ਵ ਸੁਰੱਖਿਆ ਦੇ ਉੱਭਰ ਰਹੇ ਮੰਜ਼ਰ ਦੀ ਇਹ ਮੰਗ ਹੈ ਕਿ ਨਵੀਨ ਪਹੁੰਚਾਂ ਅਪਣਾਈਆਂ ਜਾਣ ਅਤੇ ਹੋਰ ਜ਼ਿਆਦਾ ਮਜ਼ਬੂਤ ਭਿਆਲੀਆਂ ਪਾਈਆਂ ਜਾਣ ਪਰ ਸਵਾਲ ਉੱਠਦਾ ਹੈ ਕਿ ਕੀ ਇਨ੍ਹਾਂ ਰਣਨੀਤਕ ਭਿਆਲੀਆਂ ਨਾਲ ਭਾਰਤ ਨੂੰ ਰੱਖਿਆ ਖੋਜ, ਵਿਕਾਸ ਅਤੇ ਨਵੀਨਤਾ ਦੀ ਵਿਸ਼ਵ ਸ਼ਕਤੀ ਬਣ ਕੇ ਉੱਭਰਨ ਵਿੱਚ ਕੋਈ ਮਦਦ ਮਿਲ ਰਹੀ ਹੈ? ਜਾਂ ਫਿਰ ਕੀ ਭਾਰਤ ਹਥਿਆਰ ਬਣਾਉਣ ਵਾਲੇ ਮੁਲਕਾਂ ’ਤੇ ਹੋਰ ਜ਼ਿਆਦਾ ਨਿਰਭਰ ਹੋ ਰਿਹਾ ਹੈ? ਕੇਂਦਰ ਸਰਕਾਰ ਅਤੇ ਰੱਖਿਆ ਬਲਾਂ ਦੇ ਸਿਰਮੌਰ ਅਧਿਕਾਰੀਆਂ ਨੂੰ ਖੁੱਲ੍ਹੇ ਮਨ ਨਾਲ ਇਨ੍ਹਾਂ ਸਵਾਲਾਂ ਨੂੰ ਮੁਖ਼ਾਤਿਬ ਹੋਣ ਦੀ ਲੋੜ ਹੈ।
ਇਸ ਦੌਰਾਨ ਹਲਕੇ ਲੜਾਕੂ ਜਹਾਜ਼ ਤੇਜਸ ਨੂੰ ਤਿਆਰ ਕਰਨ ਵਿੱਚ ਹੋ ਰਹੀ ਦੇਰੀ ਦੇ ਮੱਦੇਨਜ਼ਰ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਮਾਰਸ਼ਲ ਏਪੀ ਸਿੰਘ ਦਾ ਬਿਆਨ ਵੀ ਚਿੰਤਾ ਵਿੱਚ ਪਾਉਣ ਵਾਲਾ ਹੈ ਜਿਸ ਵਿੱਚ ਉਨ੍ਹਾਂ ਨੂੰ ਰੱਖਿਆ ਉਤਪਾਦਨ ਖੇਤਰ ਦੀ ਦੇਸ਼ ਦੇ ਸਭ ਤੋਂ ਵੱਡੇ ਜਨਤਕ ਅਦਾਰੇ ਹਿੰਦੋਸਤਾਨ ਏਅਰਨੌਟਿਕਸ ਲਿਮਟਿਡ (ਐੱਚਏਐੱਲ) ਦੀ ਕਾਬਲੀਅਤ ’ਤੇ ਭਰੋਸਾ ਨਹੀਂ ਹੈ ਕਿ ਇਹ ਸੈਨਾ ਦੀਆਂ ਅਹਿਮ ਲੋੜਾਂ ਦੀ ਪੂਰਤੀ ਕਰ ਸਕੇਗੀ। ਸਰਕਾਰ ਹਥਿਆਰਾਂ ਅਤੇ ਫ਼ੌਜੀ ਸਾਜ਼ੋ-ਸਾਮਾਨ ਲਈ ਵਿਦੇਸ਼ੀ ਨਿਰਭਰਤਾ ਨੂੰ ਘਟਾਉਣ ਅਤੇ ਬਰਾਮਦਾਂ ਨੂੰ ਹੱਲਾਸ਼ੇਰੀ ਦੇਣ ’ਤੇ ਬਹੁਤ ਜ਼ੋਰ ਦਿੰਦੀ ਰਹੀ ਸੀ ਪਰ ਹੁਣ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ’ਤੇ ਜਾ ਰਹੇ ਹਨ ਤਾਂ ਦੇਖਣਾ ਹੋਵੇਗਾ ਕਿ ਉਹ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ’ਤੇ ਰੱਖਿਆ ਸਾਜ਼ੋ-ਸਮਾਨ ਖਰੀਦਣ ਦੇ ਦਬਾਅ ਨੂੰ ਕਿਸ ਹੱਦ ਤੱਕ ਝੱਲ ਸਕਣਗੇ। ਟਰੰਪ ਨੇ ਕਿਹਾ ਸੀ ਕਿ ਉਹ ਭਾਰਤ ਨਾਲ ਵਾਜਿਬ ਵਪਾਰਕ ਸਬੰਧ ਬਣਾਉਣਾ ਚਾਹੁੰਦੇ ਹਨ ਅਤੇ ਨਾਲ ਹੀ ਉਨ੍ਹਾਂ ਅਮਰੀਕਾ ਨੂੰ ਸਟੀਲ ਤੇ ਐਲੁਮੀਨੀਅਮ ਦੀਆਂ ਦਰਾਮਦਾਂ ਉੱਪਰ ਟੈਕਸ ਵਧਾਉਣ ਦੀ ਧਮਕੀ ਵੀ ਦਿੱਤੀ ਹੋਈ ਹੈ; ਜੇ ਉਹ ਅਜਿਹਾ ਕਰਦੇ ਹਨ ਤਾਂ ਇਸ ਨਾਲ ਭਾਰਤੀ ਕੰਪਨੀਆਂ ਨੂੰ ਨੁਕਸਾਨ ਹੋ ਸਕਦਾ ਹੈ। ਭਾਰਤ ਬਖ਼ਤਰਬੰਦ ਵਾਹਨਾਂ ਅਤੇ ਲੜਾਕੂ ਜਹਾਜ਼ਾਂ ਦੇ ਇੰਜਣਾਂ ਦਾ ਮਿਲ ਕੇ ਉਤਪਾਦਨ ਕਰਨ ਦਾ ਉਤਸੁਕ ਹੈ ਪਰ ਇਸ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਇਹ ਸੌਦੇ ਪੂਰੀ ਤਰ੍ਹਾਂ ਅਮਰੀਕਾ ਦੇ ਪੱਖ ਵਿੱਚ ਨਾ ਝੁਕ ਜਾਣ।
ਯੂਕਰੇਨ ਜੰਗ ਕਾਰਨ ਭਾਰਤ ਨੂੰ ਆਪਣੀਆਂ ਰੱਖਿਆ ਸਾਜ਼ੋ-ਸਾਮਾਨ ਦੀ ਪੂਰਤੀ ਲਈ ਰੂਸ ਦੀ ਥਾਂ ਕਈ ਯੂਰੋਪੀਅਨ ਦੇਸ਼ਾਂ ਦਾ ਰੁਖ਼ ਕਰਨਾ ਪਿਆ ਹੈ। ਘਰੋਗੀ ਉਤਪਾਦਨ ਨੂੰ ਤੇਜ਼ ਕਰਨ ਲਈ ਤਕਨਾਲੋਜੀ ਦਾ ਤਬਾਦਲਾ ਬਹੁਤ ਜ਼ਰੂਰੀ ਹੈ ਪਰ ਕੁਝ ਪੱਛਮੀ ਕੰਪਨੀਆਂ ਨੇ ਇਸ ਵਿੱਚ ਬਹੁਤੀ ਰੁਚੀ ਨਹੀਂ ਦਿਖਾਈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਲੈ-ਦੇ ਦੇ ਰਿਸ਼ਤਿਆਂ ਵਿੱਚ ਵਿਸ਼ਵਾਸ ਨਹੀਂ ਰੱਖਦਾ ਪਰ ਭਾਰਤ ਦੇ ਕੁਝ ਮੋਹਰੀ ਰੱਖਿਆ ਭਿਆਲਾਂ ਬਾਰੇ ਇਹ ਗੱਲ ਭਰੋਸੇ ਨਾਲ ਨਹੀਂ ਕਹੀ ਜਾ ਸਕਦੀ। ਭਾਰਤ ਨੂੰ ਆਪਣੇ ਰਣਨੀਤਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਘਰੋਗੀ ਸਮੱਰਥਾਵਾਂ ਅਤੇ ਵੱਡੀਆਂ ਸ਼ਕਤੀਆਂ ਨਾਲ ਸਾਂਝ ਭਿਆਲੀ ਵਿਚਕਾਰ ਤਵਾਜ਼ਨ ਬਿਠਾਉਣ ਦੀ ਲੋੜ ਹੈ।