ਜਮਹੂਰੀ ਅਧਿਕਾਰ ਸਭਾ ਵੱਲੋਂ ਮੀਟਿੰਗ
ਪੱਤਰ ਪ੍ਰੇਰਕ
ਜਲੰਧਰ, 10 ਜੁਲਾਈ
ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਜਗਜੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਵਿੱਚ ਮੀਤ ਪ੍ਰਧਾਨ ਜਸਵਿੰਦਰ ਸਿੰਘ ਭੋਗਲ, ਵਿੱਤ ਸਕੱਤਰ ਮਾਸਟਰ ਕਰਨੈਲ ਸਿੰਘ, ਮਾਸਟਰ ਲਵਿੰਦਰ ਸਿੰਘ, ਪਰਮਜੀਤ ਕਡਿਆਣਾ, ਪਰਮਜੀਤ ਕਲਸੀ, ਸੈਲਸ ਅਤੇ ਮਾਸਟਰ ਗੁਰਮੀਤ ਸਿੰਘ ਕੋਟਲੀ ਨੇ ਭਾਗ ਲਿਆ। ਜ਼ਿਲ੍ਹਾ ਸਕੱਤਰ ਡਾ. ਮੰਗਤ ਰਾਏ ਨੇ ਦੱਸਿਆ ਕਿ ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪਹਿਲ ਕਦਮੀ ’ਤੇ ਪੰਜਾਬ ਦੀਆਂ ਜਨਤਕ ਤੇ ਜਮਹੂਰੀ ਜਥੇਬੰਦੀਆਂ ਦੀ 21 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕੀਤੀ ਜਾਣ ਵਾਲੀ ਸੂਬਾਈ ਕਨਵੈਨਸ਼ਨ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਉਨ੍ਹਾਂ ਕਿਹਾ ਕਿ 21 ਜੁਲਾਈ ਨੂੰ ਹੋਣ ਵਾਲੀ ਕਨਵੈਨਸ਼ਨ ਵਿੱਚ ਨਵੇਂ ਫ਼ੌਜਦਾਰੀ ਕਾਨੂੰਨਾਂ ਅਤੇ ਬੁੱਧੀਜੀਵੀਆਂ ਖ਼ਿਲਾਫ਼ ਕੇਂਦਰ ਦੀ ਕਾਰਵਾਈ ਸਬੰਧੀ ਅਗਲੇ ਸਾਂਝੇ ਸੰਘਰਸ਼ਾਂ ਦੀ ਰੂਪ-ਰੇਖਾ ਉਲੀਕ ਕੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਫਾਸੀਵਾਦੀ ਏਜੰਡੇ ਵਾਲੀ ਭਾਜਪਾ ਦੀ ਕੇਂਦਰੀ ਹਕੂਮਤ ਦਾ ਮੁਕਾਬਲਾ ਕਰਨ ਲਈ ਜ਼ਿਲ੍ਹੇ ਅੰਦਰ ਵਿਸ਼ਾਲ ਲਾਮਬੰਦੀ ਕਰਨ ਦਾ ਫ਼ੈਸਲਾ ਕੀਤਾ ਗਿਆ। ਵਿਸ਼ੇਸ਼ ਮਤੇ ਰਾਹੀਂ ਸਰਵਸੰਮਤੀ ਨਾਲ ਗੁਰਮੀਤ ਸਿੰਘ ਕੋਟਲੀ ਨੂੰ ਕਾਰਜਕਾਰੀ ਜ਼ਿਲ੍ਹਾ ਪ੍ਰੈੱਸ ਸਕੱਤਰ ਚੁਣਿਆ ਗਿਆ।