ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਮੀਟਿੰਗ
ਚੰਡੀਗੜ੍ਹ:
ਨੈਸ਼ਨਲ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਐਮ ਵੈਂਕਟੇਸ਼ਨ ਨੇ ਇੱਥੇ ਵੱਖ ਵੱਖ ਸਫ਼ਾਈ ਕਰਮਚਾਰੀ ਯੂਨੀਅਨਾਂ ਦੀਆਂ ਸਮੱਸਿਆਵਾਂ ਬਾਰੇ ਇੱਕ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਹੀ ਜ਼ਿਆਦਾਤਰ ਮੁੱਦਿਆਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ ਅਤੇ ਬਾਕੀਆਂ ਦੇ ਹੱਲ ਕਰਨ ਲਈ ਸਪੱਸ਼ਟ ਰੂਪ ਰੇਖਾ ਤਿਆਰ ਕੀਤੀ ਗਈ। ਨਿਗਮ ਦੇ ਠੇਕੇਦਾਰਾਂ ਵੱਲੋਂ ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਕਰਨ, ਬਿਹਤਰ ਸਾਜ਼ੋ-ਸਾਮਾਨ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ। ਚੇਅਰਮੈਨ ਨੇ ਸਫ਼ਾਈ ਕਰਮਚਾਰੀਆਂ ਦੀਆਂ ਮੰਗ ਦਾ ਸਮਰਥਨ ਕੀਤਾ। -ਖੇਤਰੀ ਪ੍ਰਤੀਨਿਧ
ਚੋਰੀ ਦੇ ਦੋਸ਼ ਹੇਠ ਤਿੰਨ ਕਾਬੂ
ਐੱਸਏਐੱਸ ਨਗਰ (ਮੁਹਾਲੀ):
ਮੁਹਾਲੀ ਪੁਲੀਸ ਨੇ ਝਪਟਮਾਰੀ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਮਨ ਖਾਨ ਅਤੇ ਸ਼ਵਨ ਖਾਨ ਦੋਵੇਂ ਵਾਸੀ ਪਿੰਡ ਸੋਹਾਣਾ ਵਜੋਂ ਹੋਈ ਹੈ। ਅੱਜ ਇੱਥੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਫੋਰਟਿਸ ਹਸਪਤਾਲ ਟੀ-ਪੁਆਇੰਟ ਨੇੜੇ ਨਾਕਾਬੰਦੀ ਦੌਰਾਨ ਸੈਂਟਰਲ ਥਾਣਾ ਫੇਜ਼-8 ਦੇ ਐੱਸਐੱਚਓ ਰੁਪਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅਮਨ ਖਾਨ ਨੂੰ ਖੋਹੇ ਮੋਬਾਈਲ ਫੋਨ ਸਣੇ ਕਾਬੂ ਕੀਤਾ। ਇਹ ਚੋਰੀ ਦੇ ਫੋਨ ਗੁਬਾਰੇ ਵੇਚਣ ਵਾਲੇ ਦੇਵੀ ਲਾਲ ਨੂੰ ਵੇਚ ਦਿੰਦੇ ਸਨ, ਉਸ ਨੂੰ ਵੀ ਪੁਲੀਸ ਨੇ ਕਾਬੂ ਕਰ ਲਿਆ ਹੈ। -ਪੱਤਰ ਪ੍ਰੇਰਕ
ਅਣਪਛਾਤੇ ਦੀ ਲਾਸ਼ ਬਰਾਮਦ
ਬਨੂੜ:
ਥਾਣਾ ਬਨੂੜ ਦੀ ਪੁਲੀਸ ਨੂੰ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਚੋਈ ਨੇੜਿਓਂ ਇਹ ਲਾਸ਼ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਅਧਿਕਾਰੀ ਏਐੱਸਆਈ ਮਹਿੰਦਰ ਸਿੰਘ ਧੋਨੀ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਦੋਂ ਉਸ ਦੀ ਪਛਾਣ ਕਰਨੀ ਚਾਹੀ ਤਾਂ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ 25 ਕੁ ਸਾਲ ਲਗਦੀ ਅਤੇ ਉਸ ਨੇ ਲਾਲ ਰੰਗ ਦੀ ਪੈਂਟ ਅਤੇ ਲਾਲ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ। ਉਸ ਦਾ ਕੱਦ ਪੰਜ ਫੁੱਟ ਛੇ ਇੰਚ ਅਤੇ ਰੰਗ ਸਾਂਵਲਾ ਹੈ। ਬਰਾਮਦ ਹੋਈ ਲਾਸ਼ ਨੂੰ ਪਛਾਣ ਵਾਸਤੇ 72 ਘੰਟਿਆਂ ਲਈ ਡੇਰਾਬਸੀ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ