ਫਾਇਰ ਬ੍ਰਿਗੇਡ ਮੁਲਾਜ਼ਮਾਂ ਵੱਲੋਂ ਮੀਟਿੰਗ
ਪੱਤਰ ਪ੍ਰੇਰਕ
ਯਮੁਨਾਨਗਰ, 4 ਸਤੰਬਰ
ਮਿਉਂਸਪਲ ਐਂਪਲਾਈਜ਼ ਯੂਨੀਅਨ ਹਰਿਆਣਾ ਸ਼ਾਖਾ ਅਤੇ ਫਾਇਰ ਬ੍ਰਿਗੇਡ ਐਂਪਲਾਈਜ਼ ਯੂਨੀਅਨ ਨੇ ਫਾਇਰ ਸਟੇਸ਼ਨ ਜਗਾਧਰੀ ਵਿੱਚ ਗੇਟ ਮੀਟਿੰਗ ਕੀਤੀ । ਬੈਠਕ ਦੀ ਪ੍ਰਧਾਨਗੀ ਬ੍ਰਾਂਚ ਹੈੱਡ ਵਰਿੰਦਰ ਧੀਮਾਨ, ਸੰਚਾਲਨ ਸ਼ਾਖਾ ਸਕੱਤਰ ਰਿੰਕੂ ਕੁਮਾਰ, ਫਾਇਰ ਸਟੇਟ ਆਰਗੇਨਾਈਜ਼ੇਸ਼ਨ ਸਕੱਤਰ ਸੰਤੋਸ਼ ਕੁਮਾਰ ਅਤੇ ਸੂਬਾ ਕਾਰਜਕਾਰਨੀ ਮੈਂਬਰ ਵਿਜੇਂਦਰ ਪਾਲ ਨੇ ਕੀਤਾ। ਕਰਮਚਾਰੀ ਯੂਨੀਅਨ ਆਗੂਆਂ ਨੇ ਕਿਹਾ ਕਿ ਫਾਇਰ ਸਟੇਸ਼ਨ ਯਮੁਨਾਨਗਰ ਦੇ ਯਮੁਨਾਨਗਰ ਅਤੇ ਜਗਾਧਰੀ ਦੇ ਅਧਿਕਾਰੀਆਂ ਦੀਆਂ ਮਨਮਾਨੀਆਂ ਕਾਰਨ ਗੁਲਾਬ ਨਗਰ, ਮਾਣਕਪੁਰ, ਛਛਰੌਲੀ, ਬਿਲਾਸਪੁਰ ਅਤੇ ਸਢੋਰਾ ਵਿੱਚ ਕੰਮ ਕਰਦੇ 40 ਦੇ ਕਰੀਬ ਕਰਮਚਾਰੀ 2 ਮਹੀਨਿਆਂ ਤੋਂ ਤਨਖਾਹ ਬਿਨਾਂ ਡਿਊਟੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਨਾਲ ਕਈ ਵਾਰ ਗੱਲਬਾਤ ਹੋਈ ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਧਿਕਾਰੀਆਂ ਨੇ ਕੋਈ ਠੋਸ ਭਰੋਸਾ ਨਹੀਂ ਦਿੱਤਾ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ । ਮੁਲਾਜ਼ਮਾਂ ਨੇ ਡਿਪਟੀ ਕਮਿਸ਼ਨਰ ਨੂੰ 10 ਸੂਤਰੀ ਮੰਗ ਪੱਤਰ ਅਤੇ ਅੰਦੋਲਨ ਦਾ ਨੋਟਿਸ ਵੀ ਦਿੱਤਾ ਹੈ ਪਰ ਪ੍ਰਸ਼ਾਸਨ ਨੂੰ ਮੁਲਾਜ਼ਮਾਂ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀ ਮੁੱਖ ਮੰਗ ਹੈ ਕਿ ਪਹਿਲੀ ਜੁਲਾਈ ਤੋਂ ਪੈਂਡਿੰਗ ਪਏ ਸੇਵਾਕਾਲ ਵਿਚ ਵਾਧਾ ਕੀਤਾ ਜਾਵੇ, 2 ਮਹੀਨਿਆਂ ਦੀ ਤਨਖ਼ਾਹ ਜਲਦੀ ਦਿੱਤੀ ਜਾਵੇ, ਛਛਰੌਲੀ ਅਤੇ ਬਿਲਾਸਪੁਰ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ 5 ਸਾਲਾਂ ਦੇ ਤਜਰਬੇ ਦੇ ਆਧਾਰ ’ਤੇ ਬਕਾਏ ਸਮੇਤ ਤਨਖ਼ਾਹ ਦਿੱਤੀ ਜਾਵੇ ਅਤੇ ਹੋਰ ਜਾਇਜ਼ ਮੰਗਾਂ ਦਾ ਜਲਦ ਹੱਲ ਕੀਤਾ ਜਾਵੇ । ਇਸ ਮੌਕੇ ਵਿੱਕੀ ਵਾਲੀਆ, ਅਭਿਸ਼ੇਕ, ਰਵਿੰਦਰ ਕੁਮਾਰ, ਦੇਸਰਾਜ, ਪਵਨ ਮਸੀਹ ਹਾਜ਼ਰ ਸਨ ।