ਚੰਡੀਗੜ੍ਹ ਵਿਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਕਿਸਾਨ ਆਗੂਆਂ ਦਰਮਿਆਨ ਬੈਠਕ ਖ਼ਤਮ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਫਰਵਰੀ
ਇਥੇ ਸੈਕਟਰ 26 ਵਿਚ ‘ਮਗਸਿਪਾ’ ਵਿਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਕਿਸਾਨ ਆਗੂਆਂ ਦਰਮਿਆਨ ਪੌਣੇ ਤਿੰਨ ਘੰਟੇ ਦੇ ਕਰੀਬ ਚੱਲੀ ਬੈਠਕ ਖ਼ਤਮ ਹੋ ਗਈ ਹੈ। ਦੂਜੇ ਗੇੜ ਦੀ ਬੈਠਕ ਹੁਣ 22 ਫਰਵਰੀ ਨੂੰ ਹੋਵੇਗੀ। ਕਿਸਾਨਾਂ ਦੀ ਨੁਮਾਇੰਦਗੀ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਦੋ ਦਰਜਨ ਤੋਂ ਵੱਧ ਆਗੂ ਕਰ ਰਹੇ ਸਨ। ਬੈਠਕ ਦੌਰਾਨ ਕੇਂਦਰੀ ਮੰਤਰੀ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ ਕੀਤੀ ਗਈ। ਮੀਟਿੰਗ ’’ਚੋਂ ਬਾਹਰ ਆੲੈ ਡੱਲੇਵਾਲ ਨੈ ਕਿਹਾ ਕਿ 22 ਫਰਵਰੀ ਨੂੰ ਹੋਣ ਵਾਲੀ ਬੈਠਕ ਵਿਚ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਦੋ ਹੋਰ ਮੰਤਰੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਦੀ ਬੈਠਕ ਚੰਗੇ ਮਾਹੌਲ ਵਿਚ ਹੋਈ।
ਇਸ ਬੈਠਕ ਲਈ ਖਨੌਰੀ (ਢਾਬੀ ਗੁਜਰਾਂ) ਬਾਰਡਰ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਵਿਸ਼ੇਸ਼ ਤੌਰ ’ਤੇ ਐਂਬੂਲੈਂਸ ਵਿਚ ਲਿਆਂਦਾ ਗਿਆ ਸੀ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ, ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ, ਡੀਜੀਪੀ ਗੌਰਵ ਯਾਦਵ ਆਦਿ ਵੀ ਬੈਠਕ ਵਿਚ ਮੌਜੂਦ ਸਨ। ਭਾਵੇਂ ਇਸ ਮੀਟਿੰਗ ਤੋਂ ਕਿਸੇ ਫੈਸਲਾਕੁਨ ਨਤੀਜੇ ਦੀ ਉਮੀਦ ਨਹੀਂ ਸੀ ਪਰ ਇਸ ਨਾਲ ਇੱਕ ਵਾਰ ਫਿਰ ਦੋਵਾਂ ਧਿਰਾਂ ਵਿਚਕਾਰ ਸਾਰੀਆਂ ਫਸਲਾਂ ਲਈ ਗਾਰੰਟੀਸ਼ੁਦਾ ਘੱਟੋ-ਘੱਟ ਸਮਰਥਨ ਮੁੱਲ ਦੇ ਮੁੱਦੇ ’ਤੇ ਕਿਸੇ ਸਾਂਝੇ ਆਧਾਰ ’ਤੇ ਪਹੁੰਚਣ ਲਈ ਗੱਲਬਾਤ ਦਾ ਰਾਹ ਪੱਧਰਾ ਹੋਣ ਦੀ ਉਮੀਦ ਹੈ।

ਕਿਸਾਨ ਆਗੂ ਦਸ ਮੰਗਾਂ ਲੈ ਕੇ ਆਏ ਸਨ, ਜਿਨ੍ਹਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਲਈ ਕਾਨੂੰਨੀ ਗਾਰੰਟੀ, ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨਾ; ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਕਰਜ਼ਾ ਮੁਆਫ਼ੀ, ਕਿਸਾਨਾਂ ਅਤੇ ਮਜ਼ਦੂਰਾਂ ਲਈ ਪੈਨਸ਼ਨ ਸਕੀਮ; 2020-21 ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਿਸਾਨਾਂ ਵਿਰੁੱਧ ਦਰਜ ਕੇਸਾਂ ਨੂੰ ਰੱਦ ਕਰਨਾ ਅਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਮਰਨ ਵਾਲੇ ਕਿਸਾਨਾਂ ਦੇ ਰਿਸ਼ਤੇਦਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਸ਼ਾਮਲ ਹੈ।
ਚੇਤੇ ਰਹੇ ਕਿ ਤਿੰਨ ਕੇਂਦਰੀ ਮੰਤਰੀਆਂ ਅਰਜੁਨ ਮੁੰਡਾ, ਪਿਊਸ਼ ਗੋਇਲ ਤੇ ਨਿਤਿਆਨੰਦ ਰਾਏ ਨੇ ਪਿਛਲੇ ਸਾਲ 18 ਫਰਵਰੀ ਨੂੰ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਸੀ। ਕਿਸਾਨਾਂ ਨੇ ਉਦੋਂ ਪੰਜ ਸਾਲਾਂ ਲਈ ਦਾਲਾਂ, ਮੱਕੀ ਤੇ ਨਰਮੇ ਦੀ ਫਸਲ ਐੱਮਐੱਸਪੀ ’ਤੇ ਖਰੀਦਣ ਸਬੰਧੀ ਕੇਂਦਰ ਸਰਕਾਰ ਦੀ ਤਜਵੀਜ਼ ਰੱਦ ਕਰ ਦਿੱਤੀ ਸੀ।