ਡੀਸੀ ਵੱਲੋਂ ਨਸ਼ਿਆਂ ਖ਼ਿਲਾਫ਼ ਮੀਟਿੰਗ
ਪੱਤਰ ਪ੍ਰੇਰਕ
ਅਬੋਹਰ, 28 ਜੂਨ
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਨਾਰਕੋ ਕੋਰਡੀਨੇਸ਼ਨ ਸੈਂਟਰ ਕਮੇਟੀ ਅਧੀਨ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਹੋਈ। ਬੈਠਕ ਦੌਰਾਨ ਕਮੇਟੀ ਵੱਲੋਂ ਨਸ਼ਿਆਂ ‘ਤੇ ਠੱਲ੍ਹ ਪਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਚਾਰ- ਵਟਾਂਦਰਾ ਕਰਨ ਦੇ ਨਾਲ-ਨਾਲ ਨਸ਼ਾ ਤਸਕਰਾਂ ਵਿਰੁੱਧ ਹੋਰ ਸਖਤ ਕਦਮ ਚੁੱਕਣ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਤੇ ਆਨਲਾਈਨ ਮਾਧਿਅਮ ਰਾਹੀਂ ਜੁੜੇ ਅਧਿਕਾਰੀਆਂ ਨੂੰ ਕਿਹਾ ਕਿ ਨਸ਼ੇ ਦੀ ਚੇਨ ਨੂੰ ਤੋੜਨ ਲਈ ਸਮੂਹ ਵਿਭਾਗਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਆਪਸੀ ਤਾਲਮੇਲ ਕਾਇਮ ਕਰਦਿਆਂ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਚਲਾਈ ਗਈ ਇਹ ਮੁਹਿੰਮ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਹਰੇਕ ਸਬੰਧਤ ਇੰਚਾਰਜ ਆਪੋ-ਆਪਣੀ ਭੂਮਿਕਾ ਪੂਰੀ ਤਨਦੇਹੀ ਨਾਲ ਨਿਭਾਏਗਾ।
ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋ-ਆਪਣੇ ਖੇਤਰ ਵਿਖੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪ੍ਰੇਰਿਤ ਕਰਨ ਅਤੇ ਵੱਧ ਤੋਂ ਵੱਧ ਜਾਗਰੂਕਤਾ ਸੈਮੀਨਾਰ ਲਗਾਏ ਜਾਣ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਸਰਹੱਦ ਦੇ ਨਾਲ-ਨਾਲ ਹੋਰ ਸੰਵੇਦਨਸ਼ੀਲ ਥਾਵਾਂ ‘ਤੇ ਵਿਸ਼ੇਸ਼ ਤੌਰ ਉੱਤੇ ਨਜ਼ਰ ਰੱਖੀ ਜਾਵੇ ਤਾਂ ਜੋ ਨਸ਼ੇ ਦੀ ਤਸਕਰੀ ਮੁਕੰਮਲ ਤੌਰ ‘ਤੇ ਬੰਦ ਹੋਵੇ ਜੇਕਰ ਨਸ਼ੇ ਦੀ ਸਪਲਾਈ ਰੁਕੇਗੀ ਤਾਂ ਨਸ਼ਿਆਂ ‘ਤੇ ਆਪੇ ਹੀ ਠੱਲ੍ਹ ਪਾਈ ਜਾ ਸਕੇਗੀ।