ਹਰੀਗੜ੍ਹ ’ਚ ਮੀਤ ਹੇਅਰ ਵੱਲੋਂ ਨਹਿਰੀ ਮੋਘੇ ਦਾ ਉਦਘਾਟਨ
ਪਰਸ਼ੋਤਮ ਬੱਲੀ
ਬਰਨਾਲਾ, 12 ਜਨਵਰੀ
ਪਿੰਡ ਹਰੀਗੜ੍ਹ ਵਿੱਚ ਮੇਨ ਕੋਟਲਾ ਬਰਾਂਚ ਨਹਿਰ ’ਚੋਂ ਮੋਘਾ ਕੱਢਣ ਨਾਲ ਪਿੰਡ ਵਾਸੀਆਂ ਦੀ ਚਿਰਕੋਣੀ ਮੰਗ ਅੱਜ ਪੂਰੀ ਹੋ ਗਈ ਤੇ ਹੁਣ ਪਿੰਡ ਹਰੀਗੜ੍ਹ ਅਤੇ ਬਡਬਰ ਦੇ ਕਰੀਬ 500 ਏਕੜ ਰਕਬੇ ਨੂੰ ਸਿੱਧਾ ਮੋਘੇ ’ਚੋਂ ਨਹਿਰੀ ਪਾਣੀ ਮਿਲੇਗਾ। ਇਹ ਗੱਲਾਂ ਅੱਜ ਸੰਸਦ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਹਰੀਗੜ੍ਹ ਵਿੱਚ ਨਹਿਰੀ ਮੋਘੇ ਦਾ ਉਦਘਾਟਨ ਕਰਨ ਮੌਕੇ ਕਹੀਆਂ। ਉਨ੍ਹਾਂ ਕਿਹਾ ਕਿ ਹਰੀਗੜ੍ਹ ’ਚੋਂ ਨਹਿਰ ਤਾਂ ਲੰਘਦੀ ਸੀ, ਪਰ ਖੇਤਾਂ ਨੂੰ ਸਿੱਧਾ ਨਹਿਰੀ ਪਾਣੀ ਨਹੀਂ ਮਿਲਦਾ ਸੀ ਤੇ ਅੱਜ ਮੋਘੇ ਦੇ ਉਦਘਾਟਨ ਨਾਲ ਪਿੰਡ ਵਾਸੀਆਂ ਦੀ ਦਹਾਕਿਆਂ ਦੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮੋਘੇ ਨਾਲ ਕਰੀਬ 200 ਏਕੜ ਅਜਿਹੇ ਰਕਬੇ ਨੂੰ ਪਾਣੀ ਮਿਲੇਗਾ ਜਿਸ ਨੂੰ ਕਦੇ ਵੀ ਨਹਿਰੀ ਪਾਣੀ ਨਸੀਬ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ ਜ਼ਮੀਨਦੋਜ਼ ਪਾਈਪ ਪਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਖੇਤ ਖੇਤ ਨਹਿਰੀ ਪਾਣੀ ਪਹੁੰਚਾਉਣ ਦਾ ਹੰਭਲਾ ਮਾਰਿਆ ਹੈ। ਮੀਤ ਹੇਅਰ ਨੇ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ਮਗਰੋਂ ਉਨ੍ਹਾਂ ਜਲ ਸਰੋਤ ਮੰਤਰੀ ਹੁੰਦਿਆਂ ਪਹਿਲਾਂ ਪਿੰਡ ਭੂਰੇ ਵਿੱਚ ਨਹਿਰੀ ਮੋਘਾ ਕਢਵਾਇਆ ਸੀ। ਪਿੰਡ ਵਾਸੀਆਂ ਨੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਰਪੰਚ ਗੁਰਜੰਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਅਤੇ ਸੰਸਦ ਮੈਂਬਰ ਮੀਤ ਹੇਅਰ ਦੇ ਯਤਨਾਂ ਨਾਲ ਦਹਾਕਿਆਂ ਦੀ ਮੰਗ ਪੂਰੀ ਹੋਈ ਹੈ।