ਮੀਤ ਹੇਅਰ ਨੇ 1.72 ਲੱਖ ਦੇ ਫਰਕ ਨਾਲ ਜਿੱਤੀ ਸੰਗਰੂਰ ਸੀਟ
ਗੁਰਦੀਪ ਸਿੰਘ ਲਾਲੀ/ਬੀਰਬਲ ਰਿਸ਼ੀ
ਸੰਗਰੂਰ/ਧੂਰੀ, 4 ਜੂਨ
ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਜਿੱਤ ਲਈ ਹੈ। ਮੀਤ ਹੇਅਰ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 1,72,560 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਮੀਤ ਹੇਅਰ ਨੇ ਲੋਕ ਸਭਾ ਦੀ ਪਲੇਠੀ ਚੋਣ ਜਿੱਤ ਕੇ ਜਿੱਥੇ ਪਾਰਟੀ ਦੀ 2022 ਦੀ ਜ਼ਿਮਨੀ ਚੋਣ ਵਿੱਚ ਹੋਈ ਹਾਰ ਦਾ ਬਦਲਾ ਲਿਆ ਹੈ ਉੱਥੇ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ’ਚ ਪੰਜਾਬ ਦੇ ਦੋ ਵੱਡੇ ਸਿਆਸੀ ਆਗੂਆਂ ਸਿਮਰਨਜੀਤ ਸਿੰਘ ਮਾਨ ਤੇ ਸੁਖਪਾਲ ਸਿੰਘ ਖਹਿਰਾ ਨੂੰ ਮਾਤ ਦੇ ਕੇ ‘ਆਪ’ ਦਾ ਗੜ੍ਹ ਬਚਾ ਲਿਆ ਹੈ। ਇੱਥੋਂ ਕੁੱਲ 23 ਉਮੀਦਵਾਰਾਂ ਵਿਚੋਂ 20 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ ਜਿਨ੍ਹਾਂ ’ਚ ਭਾਜਪਾ ਦੇ ਅਰਵਿੰਦ ਖੰਨਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾਂ ਵੀ ਸ਼ਾਮਲ ਹਨ।
ਚੋਣ ਰਿਟਰਨਿੰਗ ਅਫ਼ਸਰ ਜਤਿੰਦਰ ਜ਼ੋਰਵਾਲ ਨੇ ਨਤੀਜੇ ਦਾ ਐਲਾਨ ਕਰਦਿਆਂ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕੇ ’ਚ ਕੁੱਲ 15,56,601 ਵੋਟਾਂ ਵਿਚੋਂ 10,06,048 ਵੋਟਾਂ ਪਈਆਂ ਸਨ। ਹਲਕੇ ਦੇ ਚੋਣ ਮੈਦਾਨ ’ਚ ਕੁੱਲ 23 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ। ‘ਆਪ’ ਉਮੀਦਵਾਰ ਮੀਤ ਹੇਅਰ ਨੂੰ 3,64,085 ਵੋਟਾਂ ਮਿਲੀਆਂ ਜਦੋਂ ਕਿ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੇ 1,91,525 ਵੋਟਾਂ ਹਾਸਲ ਕੀਤੀਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ 1,87,246 ਵੋਟਾਂ ਪ੍ਰਾਪਤ ਕਰ ਕੇ ਤੀਜੇ ਸਥਾਨ ’ਤੇ ਰਹੇ। ਭਾਜਪਾ ਉਮੀਦਵਾਰ ਅਰਵਿੰਦ ਖੰਨਾ 1,28,253 ਵੋਟਾਂ ਲੈ ਕੇ ਚੌਥੇ ਸਥਾਨ ’ਤੇ ਰਹੇ ਜਦੋਂ ਕਿ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨੂੰ ਸਿਰਫ਼ 62,488 ਵੋਟਾਂ ਮਿਲੀਆਂ।