ਮੀਤ ਹੇਅਰ ਨੇ ਵਿਰੋਧੀਆਂ ਨੂੰ ਸਿਆਸੀ ਰਗੜੇ ਲਾਏ
ਬੀਰਬਲ ਰਿਸ਼ੀ
ਸ਼ੇਰਪੁਰ, 12 ਮਈ
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਆਪਣੀਆਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਸੁਖਪਾਲ ਖਹਿਰਾ, ਸਿਮਰਨਜੀਤ ਸਿੰਘ ਮਾਨ ਤੇ ਬਾਦਲਾਂ ਨੂੰ ਸਿਆਸੀ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਖਹਿਰਾ ਪਹਿਲਾਂ ਬਠਿੰਡਾ ਤੋਂ ਚੋਣ ਲੜਿਆ ਤਾਂ ਬਹੁਤ ਘੱਟ ਵੋਟਾਂ ਪੈਣ ਕਾਰਨ ਉਸ ਨੇ ਬਠਿੰਡਾ ਆ ਕੇ ਚੋਣ ਲੜਨ ਸਬੰਧੀ ਆਪਣੀ ਗਲਤੀ ਕਬੂਲੀ ਅਤੇ ਹੁਣ ਯਕੀਨਨ 4 ਜੂਨ ਨੂੰ ਚੋਣ ਹਾਰ ਜਾਣ ਮਗਰੋਂ ਉਹ ਸੰਗਰੂਰ ਤੋਂ ਚੋਣ ਲੜਨ ਦੀ ਗਲਤੀ ਕਬੂਲ ਕਰਨਗੇ। ਮੀਤ ਹੇਅਰ ਅੱਜ ਬਲਾਕ ਸ਼ੇਰਪੁਰ ਦੇ ਨੌ ਪਿੰਡਾਂ ਲਈ ਕਾਤਰੋਂ ਤੋਂ ਸ਼ੁਰੂ ਕੀਤੇ ਰੋਡ ਸ਼ੋਅ ਤੇ ਜਨਤਕ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਉਮੀਦਵਾਰ ਮੀਤ ਹੇਅਰ ਨੇ ਅੱਜ ਰੋਡ ਸ਼ੋਅ ਦੌਰਾਨ ਪਾਰਟੀ ਵਰਕਰਾਂ ਨਾਲ ਮੋਟਰਸਾਈਕਲ ਦੀ ਸਵਾਰੀ ਕੀਤੀ ਅਤੇ ਕਾਫਲੇ ’ਚ ਮੁੱਖ ਮੰਤਰੀ ਦੇ ਓਐਸਡੀ ਪ੍ਰੋਫੈਸਰ ਓਂਕਾਰ ਸਿੰਘ, ਦਫ਼ਤਰ ਇੰਚਾਰਜ ਅੰਮ੍ਰਿਤਪਾਲ ਬਰਾੜ, ਚੇਅਰਮੈਨ ਵੇਅਰਹਾਊਸ ਸਤਿੰਦਰ ਚੱਠਾ ਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਸੁਲਤਾਨਪੁਰ ਆਦਿ ਸ਼ੁਮਾਰ ਸਨ।
ਮੀਤ ਹੇਅਰ ਨੇ ਰੈਲੀਆਂ ਦੌਰਾਨ ਕਿਹਾ ਕਿ ਨੌਜਵਾਨਾਂ ਤੇ ਆਮ ਲੋਕਾਂ ਦੇ ਨਾਇਕ ਭਗਤ ਸਿੰਘ ਬਾਰੇ ਸਿਮਰਨਜੀਤ ਸਿੰਘ ਮਾਨ ਦੀ ਵਿਚਾਰਧਾਰਾ ਨਾਂਹਪੱਖੀ ਹੈ ਜਦੋਂ ਕਿ ਉਨ੍ਹਾਂ ਦੇ ਨਾਨੇ ਨੇ ਹਜ਼ਾਰਾਂ ਪੰਜਾਬੀਆਂ ਦੇ ਕਾਤਿਲ ਨੂੰ ਸਿਰੋਪਾਓ ਦਿੱਤਾ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਹਾਰ ਸਾਫ਼ ਦਿਖਾਈ ਦੇ ਰਹੀ ਹੈ ਜਿਸ ਕਰ ਕੇ ਉਨ੍ਹਾਂ ਖੁਦ ਚੋਣ ਲੜਨੀ ਮੁਨਾਸਿਫ ਨਹੀਂ ਸਮਝੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਭਾਰੀ ਵੋਟਾਂ ਨਾਲ ਜਿੱਤਣਗੇ। ਆਪ ਉਮੀਦਵਾਰ ਨੂੰ ਪਹਿਲੇ ਪਿੰਡ ਕਾਤਰੋਂ ਵਿਖੇ ਲੱਡੂਆਂ ਨਾਲ ਤੋਲਿਆ ਗਿਆ।