ਮੋਰਿੰਡਾ ਹਸਪਤਾਲ ’ਚ ਪਾਣੀ ਭਰਨ ਕਾਰਨ ਖ਼ਰਾਬ ਹੋਈਆਂ ਦਵਾਈਆਂ
ਪੱਤਰ ਪ੍ਰੇਰਕ
ਮੋਰਿੰਡਾ 16 ਜੁਲਾਈ
ਇੱਥੋਂ ਦੇ ਸਰਕਾਰੀ ਹਸਪਤਾਲ ਦੇ ਐੱਸਐੱਮਓ ਨੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਪਿਛਲੇ ਦਨਿੀਂ ਪਏ ਭਾਰੀ ਮੀਂਹ ਕਾਰਨ ਹਸਪਤਾਲ ਵਿੱਚ 4-5 ਫੁੱਟ ਪਾਣੀ ਭਰ ਜਾਣ ਕਾਰਨ ਹਸਪਤਾਲ ਦੇ ਫਰਨੀਚਰ, ਦਵਾਈਆਂ, ਮਸ਼ੀਨਾਂ, ਮਰੀਜ਼ਾਂ ਦੇ ਬੈੱਡ ਅਤੇ ਕਈ ਥਾਵਾਂ ਤੋਂ ਚਾਰਦੀਵਾਰੀ ਡਿੱਗਣ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 50 ਲੱਖ ਰੁਪਏ ਦੇਣ ਦੀ ਮੰਗ ਕੀਤੀ ਹੈ।
ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਹਸਪਤਾਲ ’ਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਹਸਪਤਾਲ ਲਈ ਫੰਡ ਜਾਰੀ ਕਰਵਾਉਣਗੇ |
ਸਰਕਾਰੀ ਹਸਪਤਾਲ (ਸੀਐੱਚਸੀ) ਮੋਰਿੰਡਾ ਸ਼ਹਿਰ ਦੇ ਨਾਲ-ਨਾਲ ਆਲੇ-ਦੁਆਲੇ ਦੇ 30 ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਇਕਲੌਤਾ ਸਰਕਾਰੀ ਹਸਪਤਾਲ ਹੈ। ਛੇ ਦਨਿਾਂ ਬਾਅਦ ਵੀ ਓਪੀਡੀ ਵਿੱਚੋਂ ਪਾਣੀ ਬਾਹਰ ਨਹੀਂ ਨਿਕਲਿਆ। ਦੱਸਣਯੋਗ ਹੈ ਕਿ
ਇੱਥੇ ਰੋਜ਼ਾਨਾ 150 ਤੋਂ 200 ਮਰੀਜ਼ ਇਲਾਜ ਲਈ ਆ ਰਹੇ ਹਨ ਪਰ ਹਸਪਤਾਲ ਵਿੱਚ ਪਾਣੀ ਭਰ ਜਾਣ ਕਾਰਨ ਸਾਰੀਆਂ ਦਵਾਈਆਂ ਖ਼ਰਾਬ ਹੋ ਗਈਆਂ ਹਨ ਅਤੇ ਐਮਰਜੈਂਸੀ ਲਈ ਰੱਖੇ ਟੀਕੇ ਵੀ ਪਾਣੀ ਦੀ ਮਾਰ ਤੋਂ ਬਚ ਨਹੀਂ ਸਕੇ। ਅਜਿਹੀ ਸਥਿਤੀ ਵਿੱਚ ਮਰੀਜ਼ਾਂ ਨੂੰ ਬਨਿਾਂ ਇਲਾਜ ਦੇ ਵਾਪਸ ਭੇਜਣਾ ਪੈ ਰਿਹਾ ਹੈ। ਹਸਪਤਾਲ ਦੇ ਐੱਸਐੱਮਓ ਡਾ. ਪਰਵਿੰਦਰ ਜੀਤ ਸਿੰਘ ਨੇ ਮੰਗ ਕੀਤੀ ਕਿ ਸੰਸਥਾ ਨੂੰ ਮੁੱਖ ਮੰਤਰੀ ਰਾਹਤ ਫੰਡ ਤਹਿਤ ਘੱਟੋ-ਘੱਟ 50 ਲੱਖ ਰੁਪਏ ਦੀ ਰਾਸ਼ੀ ਉਪਲਬਧ ਕਰਵਾਈ ਜਾਵੇ ਤਾਂ ਜੋ ਮਰੀਜ਼ਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਚਮਕੌਰ ਸਾਹਬਿ (ਨਿੱਜੀ ਪੱਤਰ ਪ੍ਰੇਰਕ): ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਸਬਾ ਬੇਲਾ, ਬਹਿਰਾਮਪੁਰ ਬੇਟ, ਪਿੰਡ ਮੱਕੋਵਾਲ ਅਤੇ ਸਿੰਘ ਭਗਵੰਤਪੁਰਾ ਦਾ ਦੌਰਾ ਕਰਦਿਆਂ ਹੜ੍ਹ ਪੀੜਤਾਂ ਨੂੰ ਪੰਜਾਬ ਸਰਕਾਰ ਵੱਲੋਂ ਜਲਦੀ ਗਿਰਦਾਵਰੀ ਕਰਵਾਕੇ ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਪਿੰਡ ਸਿੰਘ ਭਗਵੰਤਪੁਰ ਵਿੱਚ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਿਆ।
ਵਿਧਾਇਕ ਰਾਏ ਨੇ ਸਰਹਿੰਦ ਸ਼ਹਿਰ ਦੇ ਹੜ੍ਹ ਪੀੜਤਾਂ ਦੀਆਂ ਮੁਸ਼ਕਲਾਂ ਸੁਣੀਆਂ
ਫਤਹਿਗੜ੍ਹ ਸਾਹਬਿ (ਨਿੱਜੀ ਪੱਤਰ ਪ੍ਰੇਰਕ): ਵਿਧਾਇਕ ਲਖਵੀਰ ਸਿੰਘ ਰਾਏ ਨੇ ਅੱਜ ਸਰਹਿੰਦ ਸ਼ਹਿਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਅਤੇ ਪੀੜਤਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਪਾਣੀ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ। ਤਰੇੜਾਂ ਆਉਣ ਕਾਰਨ ਜ਼ਿਆਦਾਤਰ ਮਕਾਨਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ, ਇਸ ਲਈ ਉਹ ਪੰਜਾਬ ਸਰਕਾਰ ਤੋਂ ਇਨ੍ਹਾਂ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਹਰ ਮੁਸ਼ਕਿਲ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਕੋਈ ਪਰਿਵਾਰ ਖਾਣਾ ਬਣਾਉਣ ਤੋਂ ਅਸਮਰੱਥ ਹੈ, ਉਹ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ।ਇਸੇ ਦੌਰਾਨ ਸੌਂਢਾ ਹੈੱਡ ਦੇ ਨੇੜੇ ਸਾਈਫਨਾਂ ਦੀ ਸਫਾਈ ਦਾ ਕਾਰਜ ਫ਼ਤਹਿਗੜ੍ਹ ਸਾਹਬਿ ਹਲਕੇ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ। ਗੁਰਸਤਿੰਦਰ ਸਿੰਘ ਜੱਲਾ ਨੇ ਦੱਸਿਆ ਕਿ ਹਾਲੇ ਵੀ ਖੇਤਾਂ ਵਿੱਚ ਪਾਣੀ ਖੜ੍ਹਾ ਹੈ ਅਤੇ ਸਾਈਫ਼ਨ ਬੰਦ ਹੋਣ ਕਾਰਨ ਨਿਕਾਸੀ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ। ਹਲਕਾ ਵਿਧਾਇਕ ਦੇ ਯਤਨਾਂ ਸਦਕਾ ਸਾਈਫਨ ਦੀ ਸਫ਼ਾਈ ਲਈ ਅੰਮ੍ਰਿਤਸਰ ਤੋਂ ਮਸ਼ੀਨ ਮੰਗਵਾਈ ਗਈ, ਜਿਸ ਲਈ ਸਰਕਾਰ ਵੱਲੋਂ ਦੋ ਲੱਖ ਰੁਪਏ ਦਾ ਫੰਡ ਵੀ ਜਾਰੀ ਕੀਤਾ ਗਿਆ।
ਕੰਗ ਵੱਲੋਂ ਪਾਣੀ ’ਚ ਹੜ੍ਹੀਆਂ ਪੁਲੀਆਂ ਦਾ ਜਾਇਜ਼ਾ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਸਾਬਕਾ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਖਰੜ ਤੋਂ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਨੇ ਨਗਰ ਕੌਂਸਲ ਨਵਾਂ ਗਾਉਂ ਅਧੀਨ ਪੈਂਦੀ ਸਿੰਘਾ ਦੇਵੀ ਕਲੋਨੀ ਸਮੇਤ ਪਿੰਡ ਤੀੜਾ, ਝਾਮਪੁਰ, ਪਲਹੇੜੀ, ਕਾਨੇ ਦਾ ਵਾੜਾ, ਬਹਾਲਪੁਰ ਟੱਪਰੀਆਂ ਅਤੇ ਜੈਯੰਤੀ ਮਾਜਰੀ ਵਿੱਚ ਪੈਂਦੀਆਂ ਨਦੀਆਂ ’ਤੇ ਬਣੇ ਸਾਇਫਨਾਂ ਦੀਆਂ ਪੁਲੀਆਂ ਦਾ ਮੁਆਇਨਾ ਕਰਦਿਆਂ ਅਤੇ ਹੜ੍ਹ ਪੀੜਤਾਂ ਦੀਆਂ ਮੁਸ਼ਕਲਾਂ ਸੁਣੀਆਂ। ਲੋਕਾਂ ਨੇ ਦੱਸਿਆ ਕਿ ਨਗਰ ਕੌਂਸਲ ਨਵਾਂ ਗਾਉਂ ਅਧੀਨ ਪੈਂਦੇ ਪਿੰਡਾਂ ਛੋਟੀ ਕਰੌਰਾਂ, ਨਾਡਾ, ਕਾਂਸਲ ਸਮੇਤ ਅਤੇ ਵੱਖ-ਵੱਖ ਕਲੋਨੀਆਂ ਵਿੱਚ ਸਾਫ਼-ਸਫ਼ਾਈ ਤੇ ਸੀਵਰੇਜ ਸਿਸਟਮ ਦਾ ਮਾੜਾ ਹਾਲ ਹੈ ਅਤੇ ਸੜਕਾਂ ਦੀ ਭੱਦੀ ਹਾਲਤ ਕਾਰਨ ਲੋਕ ਦੁਖੀ ਹਨ।
ਬਲਬੀਰ ਸਿੱਧੂ ਵੱਲੋਂ ਚੱਪੜਚਿੜੀ ਦਾ ਦੌਰਾ
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਲਬੀਰ ਸਿੰਘ ਸਿੱਧੂ ਨੇ ਪਿਛਲੇ ਦਨਿੀਂ ਹੋਈ ਭਾਰੀ ਬਾਰਸ਼ ਦੇ ਪਾਣੀ ਤੋਂ ਪ੍ਰਭਾਵਿਤ ਮੁਹਾਲੀ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨੇ ਮੁਹਾਲੀ ਨੇੜਲੇ ਇਤਿਹਾਸਕ ਪਿੰਡ ਚੱਪੜਚਿੜੀ ਖ਼ੁਰਦ ਵਿੱਚ ਜ਼ਮੀਨੀ ਪੱਧਰ ’ਤੇ ਲੋਕਾਂ ਦਾ ਹਾਲ-ਚਾਲ ਜਾਣਿਆ। ਪਿੰਡ ਦੀ ਪੰਚਾਇਤ ਮੈਂਬਰ ਨਤਾਸ਼ਾ ਦਾ ਮਕਾਨ ਡਿੱਗ ਕਾਰਨ ਮਹਿਲਾ ਪੰਚ ਦੀ ਬਾਂਹ ਟੁੱਟ ਗਈ ਸੀ ਅਤੇ ਉਸ ਦੀ ਚਾਰ ਸਾਲ ਦੀ ਧੀ ਦੀਆਂ ਦੋਵੇਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ ਸਨ। ਇਸ ਤੋਂ ਇਲਾਵਾ ਵੱਡੀ ਧੀ ਦੇ ਸਿਰ ਵਿੱਚ ਸੱਟ ਲੱਗੀ ਅਤੇ ਭਤੀਜੇ ਗੁਰਦੇਵ ਸਿੰਘ ਦੇ ਵੀ ਫਰੈਕਚਰ ਹੋ ਗਿਆ ਸੀ।
ਮੁਆਵਜ਼ੇ ਲਈ ਜਲਦੀ ਰਿਪੋਰਟ ਤਿਆਰ ਕਰਾਂਗੇ: ਕੁਲਵੰਤ ਸਿੰਘ
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ਨੇੜਲੇ ਪਿੰਡ ਰੁੜਕਾ, ਮੋਟੇਮਾਜਰਾ, ਨਗਾਰੀਂ ਸਮੇਤ ਹੋਰਨਾਂ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਦਾ ਹਾਲ ਜਾਣਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਹੜ੍ਹਾਂ ਕਾਰਨ ਟੁੱਟੀਆਂ ਸੜਕਾਂ ਦੀ ਫ਼ੌਰੀ ਮੁਰੰਮਤ ਕੀਤੀ ਜਾਵੇ ਤਾਂ ਜੋ ਆਵਾਜਾਈ ਬਹਾਲ ਹੋ ਸਕੇ। ਉਨ੍ਹਾਂ ਪਿੰਡਾਂ ਵਿੱਚ ਬਿਜਲੀ-ਪਾਣੀ ਦੀ ਸਪਲਾਈ, ਲੰਗਰ ਅਤੇ ਮੈਡੀਕਲ ਸੇਵਾਵਾਂ ਦੇਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨੁਕਸਾਨ ਦੀ ਭਰਪਾਈ ਲਈ ਜਲਦੀ ਹੀ ਮੁੱਖ ਮੰਤਰੀ ਨੂੰ ਰਿਪੋਰਟ ਤਿਆਰ ਕਰਕੇ ਭੇਜੀ ਜਾਵੇਗੀ।