For the best experience, open
https://m.punjabitribuneonline.com
on your mobile browser.
Advertisement

ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਵਾਈਆਂ ‘ਮੁੱਕੀਆਂ’

07:41 AM Jun 14, 2024 IST
ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਵਾਈਆਂ ‘ਮੁੱਕੀਆਂ’
ਮੋਗਾ ਦੇ ਸਿਵਲ ਹਸਪਤਾਲ ਵਿੱਚ ਪਰਚੀ ਲਈ ਕਤਾਰ ਵਿੱਚ ਲੱਗੇ ਲੋਕ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਜੂਨ
ਲੋਕ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਘਾਟ ਕਾਰਨ ਖੱਜਲ ਹੋ ਰਹੇ ਹਨ ਪਰ ਸਰਕਾਰ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੀ। ਅਜਿਹੇ ਵਿਚ ਲੋਕਾਂ ਨੂੰ ਬਾਹਰੋਂ ਮਹਿੰਗੀਆਂ ਦਵਾਈਆਂ ਖਰੀਦਣੀਆਂ ਪੈ ਰਹੀਆਂ ਹਨ। ਇਥੇ ਜ਼ਿਲ੍ਹਾ ਪੱਧਰੀ 100 ਬੈੱਡਾਂ ਵਾਲੇ ਸਰਕਾਰੀ ਹਸਪਤਾਲ ਵਿੱਚ ਦਵਾਈਆਂ ਦੀ ਕਮੀ ਕਾਰਨ ਗਰੀਬ ਮਰੀਜ਼ਾਂ ਦੀ ਇਕ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਿੱਚ ਵੱਡੀ ਗਿਣਤੀ ਮਰੀਜ਼ ਸਥਾਨਕ ਸਰਕਾਰੀ ਹਸਪਤਾਲ ਵਿਚੋਂ ਦਵਾਈਆਂ ਨਾ ਮਿਲਣ ਕਾਰਨ ਬਾਹਰੋਂ ਮਹਿੰਗੇ ਮੁੱਲ ਦੀਆਂ ਦਵਾਈਆਂ ਖਰੀਦਣ ਦੀ ਗੱਲ ਆਖ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਇਸ ਸਾਲ ਹੀ ਯੋਜਨਾ ਲਾਗੂ ਕੀਤੀ ਹੈ ਕਿ ਜਿਹੜੀ ਦਵਾਈ ਹਸਪਤਾਲ ਵਿੱਚ ਉਪਲਬਧ ਨਹੀਂ ਹੋਵੇਗੀ ਉਹ ਸਿਹਤ ਵਿਭਾਗ ਖੁਦ ਮਰੀਜ਼ਾਂ ਨੂੰ ਮੁਹੱਈਆ ਕਰਵਾਉਣ ਦਾ ਪਾਬੰਦ ਹੈ। ਜੇ ਮਰੀਜ਼ ਐਕਸਰਾ ਬਾਹਰੋਂ ਕਰਵਾਉਂਦਾ ਹੈ ਤਾਂ ਉਸ ਦੀ ਅਦਾਇਗੀ ਸਿਹਤ ਵਿਭਾਗ ਕਰੇਗਾ ਪਰ ਇਥੇ ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ‘ਹੱਥ ਖੜ੍ਹੇ’ ਕੀਤੇ ਜਾ ਰਹੇ ਹਨ। ਗਰੀਬ ਮਰੀਜ਼ ਡਾਕਟਰਾਂ ਵੱਲੋਂ ਲਿਖੀ ਜਾਂਦੀ ਪਰਚੀ ’ਤੇ ਬਾਜ਼ਾਰ ’ਚੋਂ ਮਹਿੰਗੇ ਭਾਅ ਦੀਆਂ ਦਵਾਈਆਂ ਲੈਣ ਲਈ ਮਜਬੂਰ ਹਨ। ਆਲਮ ਇਹ ਹੈ ਕਿ ਸਰਕਾਰੀ ਹਸਪਤਾਲ ’ਚੋਂ ਦਵਾਈਆਂ ਨਾ ਮਿਲਣ ਅਤੇ ਪੈਸੇ ਦੀ ਕਮੀ ਕਾਰਨ ਕਈ ਗਰੀਬ ਮਰੀਜ਼ ਬਿਨਾਂ ਦਵਾਈ ਲਏ ਹੀ ਘਰਾਂ ਨੂੰ ਪਰਤਣ ਲਈ ਮਜਬੂਰ ਹਨ। ਇਥੇ ਹਸਪਤਾਲ ਵਿਚ ਰੋਜ਼ਾਨਾ 800 ਤੋਂ 1200 ਮਰੀਜ਼ ਓਪੀਡੀ ’ਚ ਆਪਣੇ ਇਲਾਜ ਲਈ ਆਉਂਦੇ ਹਨ। ਇਸ ਹਸਪਤਾਲ ਦਾ ਜੱਚਾ ਬੱਚਾ ਵਾਰਡ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਮੁਕਾਬਲੇ ਔਰਤਾਂ ਦੇ ਜਣੇਪੇ ’ਚ ਵੀ ਮੋਹਰੀ ਜ਼ਿਲ੍ਹਿਆਂ ’ਚ ਸ਼ੁਮਾਰ ਹੈ।
ਇਥੇ ਆਏ ਮਰੀਜ਼ਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਘੰਟਿਆਂਬੱਧੀ ਕਤਾਰ ਵਿਚ ਲੱਗ ਕੇ ਪਰਚੀ ਹਾਸਲ ਕੀਤੀ ਅਤੇ ਫਿਰ ਕਈ ਘੰਟੇ ਡਾਕਟਰਾਂ ਕੋਲ ਲੱਗ ਗਏ। ਡਾਕਟਰ ਜਾਂਚ ਕਰਕੇ ਸਰਕਾਰੀ ਹਸਪਤਾਲ ਦੀ ਪਰਚੀ ’ਤੇ ਦਵਾਈ ਲਿਖ ਕੇ ਦਿੰਦੇ ਹਨ ਪਰ ਹਸਪਤਾਲ ’ਚ ਬਣੇ ਮੁਫ਼ਤ ਡਰੱਗ ਸਟੋਰ ਤੋਂ ਕੋਰਾ ਜਵਾਬ ਮਿਲ ਰਿਹਾ ਹੈ। ਮਰੀਜ਼ਾਂ ਮੁਤਬਕ ਉਹ ਬਾਹਰੋਂ 500 ਤੋਂ 1000 ਰੁਪਏ ਤੱਕ ਦੀ ਦਵਾਈ ਖਰੀਦ ਕੇ ਲਿਆਏ ਹਨ। ਸਿਵਲ ਹਸਪਤਾਲ ’ਚ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਗੋਲੀਆਂ ਤੱਕ ਨਹੀਂ ਹਨ। ਸਿਹਤ ਅਧਿਕਾਰੀ ਕਹਿੰਦੇ ਹਨ ਕਿ ਜਦੋਂ ਵੀ ਉੱਚ ਅਧਿਕਾਰੀਆਂ ਨੂੰ ਦਵਾਈਆਂ ਦੀ ਕਮੀ ਬਾਰੇ ਲਿਖਿਆ ਜਾਂਦਾ ਹੈ ਤਾਂ ਜਵਾਬ ਮਿਲਦਾ ਹੈ ਕਿ ‘ਫੰਡਾਂ ਦੀ ਘਾਟ’ ਹੈ।

Advertisement

ਮਾਮਲੇ ਦੀ ਜਾਂਚ ਕਰਵਾਈ ਜਾਵੇਗੀ: ਸਿਵਲ ਸਰਜਨ

ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਨੇ ਕਿਹਾ ਅਜਿਹੀ ਕੋਈ ਸਮੱਸਿਆ ਨਹੀਂ ਪਰ ਫ਼ਿਰ ਵੀ ਮਰੀਜ਼ਾਂ ਨੂੰ ਦਵਾਈਆਂ ਨਾ ਮਿਲਣ ਦੀ ਪੜਤਾਲ ਕਰਵਾਉਣਗੇ। ਸਿਵਲ ਹਸਪਤਾਲ ਦੇ ਫ਼ਰਮਾਸਿਸਟ ਵਿਜੇ ਕੁਮਾਰ ਨੇ ਕੁਝ ਦਵਾਈਆਂ ਦੀ ਘਾਟ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਸਰਕਾਰ ਨੂੰ ਡਿਮਾਂਡ ਭੇਜੀ ਗਈ ਹੈ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਪ੍ਰੀਤ ਸਿੰਘ ਬਰਾੜ ਨੇ ਫੋਨ ਨਹੀਂ ਚੁੱਕਿਆ। ਉਨ੍ਹਾਂ ਨੂੰ ਮੈਸੇਜ ਵੀ ਕੀਤਾ ਗਿਆ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।

Advertisement
Author Image

sukhwinder singh

View all posts

Advertisement
Advertisement
×