ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੇਂ ਵਜ਼ੀਰਾਂ ਦੇ ਮੈਡੀਕਲ ਖ਼ਰਚੇ ਘਟੇ; ਵਰ੍ਹਿਆਂ ਮਗਰੋਂ ਖ਼ਜ਼ਾਨੇ ਨੂੰ ਆਇਆ ਸਾਹ

06:40 AM Oct 01, 2024 IST

* ‘ਆਪ’ ਸਰਕਾਰ ਦੌਰਾਨ ਮੁੱਖ ਮੰਤਰੀ ਤੇ ਵਜ਼ੀਰਾਂ ਦਾ ਮੈਡੀਕਲ ਖ਼ਰਚਾ ਸਿਰਫ਼ ਪੌਣੇ ਦਸ ਲੱਖ ਰੁਪਏ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 30 ਸਤੰਬਰ
ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵਰ੍ਹਿਆਂ ਮਗਰੋਂ ਸਾਹ ਆਇਆ ਹੈ ਕਿਉਂਕਿ ਕੈਬਨਿਟ ਵਜ਼ੀਰਾਂ ਦੇ ਮੈਡੀਕਲ ਖ਼ਰਚਿਆਂ ’ਚ ਵੱਡੀ ਕਮੀ ਆਈ ਹੈ। ਬੇਸ਼ੱਕ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਇਲਾਜ ’ਤੇ ਵਿਰੋਧੀ ਸੁਰਾਂ ਉੱਠੀਆਂ ਹਨ ਪ੍ਰੰਤੂ ਮੈਡੀਕਲ ਖ਼ਰਚੇ ’ਚ ਭਾਰੀ ਕਟੌਤੀ ਦਰਜ ਕੀਤੀ ਗਈ ਹੈ। ‘ਆਪ’ ਸਰਕਾਰ ਦੇ ਬੀਤੇ ਢਾਈ ਸਾਲਾਂ ਦੌਰਾਨ ਮੁੱਖ ਮੰਤਰੀ ਅਤੇ ਵਜ਼ੀਰਾਂ ਦਾ ਮੈਡੀਕਲ ਖ਼ਰਚਾ ਸਿਰਫ਼ ਪੌਣੇ ਦਸ ਲੱਖ ਰੁਪਏ ਖ਼ਜ਼ਾਨੇ ’ਚੋਂ ਤਾਰਿਆ ਗਿਆ ਹੈ। ਵੱਡੀ ਗੱਲ ਇਹ ਕਿ ਮੁੱਖ ਮੰਤਰੀ ਤੋਂ ਇਲਾਵਾ ਸਿਰਫ਼ ਚਾਰ ਵਜ਼ੀਰਾਂ ਨੇ ਹੀ ਮੈਡੀਕਲ ਖ਼ਰਚਾ ਲਿਆ ਹੈ।
ਵੇਰਵਿਆਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਢਾਈ ਵਰ੍ਹਿਆਂ ’ਚ ਚਾਰ ਲੱਖ ਰੁਪਏ ਦਾ ਮੈਡੀਕਲ ਬਿੱਲ ਲਿਆ ਹੈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਪਹਿਲੇ ਨੰਬਰ ’ਤੇ ਹਨ ਜਿਨ੍ਹਾਂ 4.25 ਲੱਖ ਦਾ ਮੈਡੀਕਲ ਬਿੱਲ ਖ਼ਜ਼ਾਨੇ ’ਚੋਂ ਲਿਆ ਹੈ। ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ 1.10 ਲੱਖ ਅਤੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ 38 ਹਜ਼ਾਰ ਰੁਪਏ ਦਾ ਇਲਾਜ ਕਰਾਇਆ ਹੈ। ਸਾਬਕਾ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੈਡੀਕਲ ਬਿੱਲ ਵਜੋਂ 2500 ਰੁਪਏ ਵਸੂਲੇ ਹਨ। ਮੌਜੂਦਾ ਸਮੇਂ 15 ਕੈਬਨਿਟ ਮੰਤਰੀ ਹਨ ਅਤੇ ‘ਆਪ’ ਸਰਕਾਰ ਪਹਿਲਾਂ ਸੱਤ ਵਜ਼ੀਰਾਂ ਦੀ ਛੁੱਟੀ ਵੀ ਕਰ ਚੁੱਕੀ ਹੈ। ਮਤਲਬ ਇਹ ਕਿ ਡੇਢ ਦਰਜਨ ਵਜ਼ੀਰਾਂ ਨੇ ਕੋਈ ਮੈਡੀਕਲ ਖ਼ਰਚਾ ਨਹੀਂ ਲਿਆ ਹੈ। ਹਾਲੇ ਤੱਕ ‘ਆਪ’ ਸਰਕਾਰ ਦੇ ਕਿਸੇ ਵਿਧਾਇਕ ਜਾਂ ਵਜ਼ੀਰ ਨੇ ਆਪਣਾ ਇਲਾਜ ਵਿਦੇਸ਼ ’ਚੋਂ ਨਹੀਂ ਕਰਾਇਆ ਹੈ। ਕਈ ਵਜ਼ੀਰਾਂ ਨੇ ਦਲੀਲ ਦਿੱਤੀ ਕਿ ‘ਆਪ’ ਸਰਕਾਰ ’ਚ ਜ਼ਿਆਦਾ ਨੌਜਵਾਨ ਮੰਤਰੀ ਹਨ, ਜਿਸ ਕਰਕੇ ਮੈਡੀਕਲ ਖ਼ਰਚਾ ਬਹੁਤਾ ਨਹੀਂ ਹੈ। ਉਹ ਇਹ ਵੀ ਆਖਦੇ ਹਨ ਕਿ ਛੋਟੇ-ਛੋਟੇ ਬਿੱਲਾਂ ਦਾ ਖ਼ਰਚਾ ਉਹ ਪੱਲਿਓਂ ਹੀ ਕਰ ਲੈਂਦੇ ਹਨ।
ਪਿਛਾਂਹ ਝਾਤ ਮਾਰਦੇ ਹਨ ਤਾਂ ਤਤਕਾਲੀ ਸਰਕਾਰਾਂ ਦੇ ਮੁੱਖ ਮੰਤਰੀਆਂ ਅਤੇ ਵਜ਼ੀਰਾਂ ਨੇ ਇਲਾਜ ਲਈ ਵਿਦੇਸ਼ ਨੂੰ ਚੁਣਿਆ ਸੀ। ਬਾਦਲ ਪਰਿਵਾਰ ਨੇ ਸਭ ਤੋਂ ਵੱਧ ਮੈਡੀਕਲ ਖ਼ਰਚਾ ਲਿਆ। ਬਾਦਲ ਪਰਿਵਾਰ ਨੇ ਮਾਰਚ 1998 ਤੋਂ ਲੈ ਕੇ 20 ਫਰਵਰੀ, 2017 ਤੱਕ ਸਰਕਾਰੀ ਖ਼ਜ਼ਾਨੇ ’ਚੋਂ 4.98 ਕਰੋੜ ਰੁਪਏ ਮੈਡੀਕਲ ਬਿੱਲਾਂ ਦੇ ਲਏ ਹਨ। ਬਾਦਲ ਪਰਿਵਾਰ ਦੇ ਮੈਂਬਰਾਂ ਨੇ ਅਮਰੀਕਾ ’ਚੋਂ ਆਪਣਾ ਇਲਾਜ ਕਰਾਇਆ ਸੀ। ਮਰਹੂਮ ਮੁੱਖ ਮੰਤਰੀ ਬਾਦਲ ਨੇ ਤਾਂ ਕੰਨਾਂ ਤੋਂ ਸੁਣਨ ਵਾਲੀਆਂ ਦੋ ਮਸ਼ੀਨਾਂ ਦੇ ਵੀ 36 ਹਜ਼ਾਰ ਰੁਪਏ ਵਸੂਲੇ ਸਨ। ਦੂਜੇ ਨੰਬਰ ’ਤੇ ਸਾਬਕਾ ਮੁੱਖ ਮੰਤਰੀ ਮਰਹੂਮ ਹਰਚਰਨ ਸਿੰਘ ਬਰਾੜ ਦਾ ਪਰਿਵਾਰ ਆਉਂਦਾ ਹੈ ਜਿਨ੍ਹਾਂ ਦੇ ਮੈਂਬਰਾਂ ਦੇ ਇਲਾਜ ’ਤੇ ਖ਼ਜ਼ਾਨੇ ’ਚੋਂ 4.72 ਕਰੋੜ ਰੁਪਏ ਖ਼ਰਚੇ ਗਏ ਸਨ। ਬਰਾੜ ਪਰਿਵਾਰ ਦੇ ਮਰਹੂਮ ਕੰਵਰਜੀਤ ਸਿੰਘ ਬਰਾੜ, ਗੁਰਬਿੰਦਰ ਕੌਰ ਬਰਾੜ, ਬਬਲੀ ਬਰਾੜ ਅਤੇ ਕਰਨ ਕੌਰ ਦੇ ਇਲਾਜ ਦਾ ਮੈਡੀਕਲ ਖ਼ਰਚਾ ਸ਼ਾਮਲ ਹੈ। ਇਸ ਪਰਿਵਾਰ ਨੇ ਅਮਰੀਕਾ ’ਚੋਂ ਇਲਾਜ ਕਰਾਇਆ ਹੈ। ਸਰਕਾਰੀ ਖ਼ਜ਼ਾਨੇ ’ਚੋਂ ਤਤਕਾਲੀ ਵਜ਼ੀਰ ਸ਼ਰਨਜੀਤ ਸਿੰਘ ਢਿੱਲੋਂ ਨੇ 21.09 ਲੱਖ, ਤੇਜ ਪ੍ਰਕਾਸ਼ ਸਿੰਘ ਨੇ 29.60 ਲੱਖ ਅਤੇ ਵਿਧਾਇਕ ਰਣਜੀਤ ਸਿੰਘ ਤਲਵੰਡੀ ਨੇ 42.26 ਲੱਖ ਰੁਪਏ ਮੈਡੀਕਲ ਖ਼ਰਚੇ ਵਜੋਂ ਵਸੂਲ ਕੀਤੇ ਸਨ। ਇਨ੍ਹਾਂ ਤਿੰਨੋਂ ਆਗੂਆਂ ਨੇ ਅਮਰੀਕਾ ’ਚੋਂ ਇਲਾਜ ਕਰਾਇਆ ਸੀ। ਚੌਧਰੀ ਸਵਰਨਾ ਰਾਮ ਵੀ ਇਲਾਜ ਲਈ ਅਮਰੀਕਾ ਗਏ ਸਨ। ਸਿਹਤ ਵਿਭਾਗ ਨੇ ਵਿਦੇਸ਼ੀ ਇਲਾਜ ਬਾਰੇ ਕਈ ਮਨਜ਼ੂਰੀਆਂ ’ਚ ਸਪੱਸ਼ਟ ਕੀਤਾ ਸੀ ਕਿ ਇਲਾਜ ਦੇਸ਼ ਵਿਚ ਉਪਲੱਬਧ ਹੈ ਪ੍ਰੰਤੂ ਨਵੀਨਤਮ ਇਲਾਜ ਅਮਰੀਕਾ ਵਿਚ ਹੈ। ਇਸੇ ਤਰ੍ਹਾਂ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਤਨੀ ਦੇ ਮੁਹਾਲੀ ਦੇ ਫੋਰਟਿਸ ’ਚੋਂ ਹੋਏ ਇਲਾਜ ’ਤੇ 4.32 ਲੱਖ ਰੁਪਏ ਤਾਰੇ ਗਏ ਸਨ ਜਦੋਂ ਕਿ ਗੁਲਜ਼ਾਰ ਸਿੰਘ ਰਣੀਕੇ ਦੇ ਦਿੱਲੀ ਤੇ ਮੁੰਬਈ ਵਿਚ ਹੋਏ ਇਲਾਜ ’ਤੇ 3.23 ਲੱਖ ਰੁਪਏ ਦੇ ਮੈਡੀਕਲ ਬਿੱਲ ਦਿੱਤੇ ਗਏ ਸਨ। ਸਾਬਕਾ ਮੰਤਰੀ ਲਾਲ ਸਿੰਘ ਨੇ ਵੀ ਮੁਹਾਲੀ ਦੇ ਫੋਰਟਿਸ ’ਚੋਂ ਇਲਾਜ ਕਰਾਇਆ ਅਤੇ ਖ਼ਜ਼ਾਨੇ ’ਚੋਂ 3.20 ਲੱਖ ਦੇ ਬਿੱਲ ਵਸੂਲ ਕੀਤੇ ਸਨ। ਮਰਹੂਮ ਜਥੇਦਾਰ ਤੋਤਾ ਸਿੰਘ ਦੇ ਨੋਇਡਾ ’ਚ ਹੋਏ ਇਲਾਜ ’ਤੇ 3.26 ਲੱਖ ਖ਼ਰਚਾ ਆਇਆ ਸੀ ਜਦੋਂ ਕਿ ਤਤਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਪਤਨੀ ਦੇ ਮੈਕਸ ਹਸਪਤਾਲ, ਦਿੱਲੀ ਵਿਚ ਚੱਲੇ ਇਲਾਜ ਦਾ 2.06 ਲੱਖ ਦਾ ਖ਼ਰਚਾ ਖ਼ਜ਼ਾਨੇ ’ਚੋਂ ਤਾਰਿਆ ਗਿਆ ਸੀ। ਓ.ਪੀ. ਸੋਨੀ ਨੇ ਆਪਣੇ ਮਾਤਾ-ਪਿਤਾ ਦਾ ਇਲਾਜ ਮੁਹਾਲੀ ’ਚੋਂ ਕਰਾਇਆ ਹੈ ਜਿਸ ਦਾ ਮੈਡੀਕਲ ਬਿੱਲ 3.77 ਲੱਖ ਰੁਪਏ ਸਰਕਾਰ ਨੇ ਤਾਰਿਆ। ਤਤਕਾਲੀ ਮੰਤਰੀ ਬ੍ਰਹਮ ਮਹਿੰਦਰਾ ਨੇ ਵੀ ਆਪਣੇ ਇਲਾਜ ਦਾ ਪਹਿਲਾਂ 18 ਲੱਖ ਰੁਪਏ ਦਾ ਬਿੱਲ ਅਤੇ ਮੁੜ ਸੋਧ ਕੇ ਅੱਠ ਲੱਖ ਦਾ ਬਿੱਲ ਸਰਕਾਰ ਕੋਲ ਜਮ੍ਹਾ ਕਰਾਇਆ ਸੀ। ਕਰੋਨਾ ਸਮੇਂ ਗੁਰਪ੍ਰੀਤ ਸਿੰਘ ਕਾਂਗੜ ਦਾ ਇਲਾਜ ਵੀ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਚੱਲਿਆ ਸੀ। ਤਤਕਾਲੀ ਮੁੱਖ ਸੰਸਦੀ ਸਕੱਤਰ ਮਹਿੰਦਰ ਕੌਰ ਜੋਸ਼ ਨੂੰ ਦੰਦਾਂ ਦੀ ਖ਼ਰੀਦ ਲਈ ਸਰਕਾਰ ਨੇ 225 ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ ਜੋ ਉਨ੍ਹਾਂ ਠੁਕਰਾ ਦਿੱਤੀ ਸੀ। ਸਰਕਾਰੀ ਖ਼ਜ਼ਾਨੇ ’ਚੋਂ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੇ ਇਲਾਜ ’ਤੇ ਸਾਲ 2007-08 ਤੋਂ 2021-22 ਤੱਕ 23.50 ਕਰੋੜ ਰੁਪਏ ਖ਼ਰਚੇ ਗਏ ਸਨ। ਪਿਛਲੇ ਕਈ ਸਾਲਾਂ ਤੋਂ ਕਿਸੇ ਵੀ ਵਿਧਾਇਕ ਜਾਂ ਵਜ਼ੀਰ ਨੇ ਅਜਿਹੀ ਮਿਸਾਲ ਪੈਦਾ ਨਹੀਂ ਕੀਤੀ ਕਿ ਉਸ ਵੱਲੋਂ ਸਰਕਾਰੀ ਹਸਪਤਾਲ ’ਚੋਂ ਇਲਾਜ ਕਰਾਇਆ ਗਿਆ ਹੋਵੇ। ਕੈਬਨਿਟ ਵਜ਼ੀਰਾਂ ਨੂੰ ‘ਪੰਜਾਬ ਸਟੇਟ ਲੈਜਿਸਲੇਚਰ ਆਫੀਸਰਜ਼, ਮਨਿਸਟਰਜ਼ ਐਂਡ ਮੈਂਬਰਜ਼ (ਮੈਡੀਕਲ ਫੈਸਿਲਟੀਜ਼) ਰੂਲਜ਼-1966’ ਤਹਿਤ ਮੈਡੀਕਲ ਖ਼ਰਚੇ ਦੀ ਪੂਰਤੀ ਕੀਤੀ ਜਾਂਦੀ ਹੈ। ਕੈਪਟਲ ਸਰਕਾਰ ਸਮੇਂ ਪੰਜਾਬ ਕੈਬਨਿਟ ਨੇ 18 ਮਾਰਚ, 2017 ਨੂੰ ਫ਼ੈਸਲਾ ਕਰਕੇ ਵਿਧਾਇਕਾਂ ਅਤੇ ਵਜ਼ੀਰਾਂ ਦਾ ਮੈਡੀਕਲ ਖ਼ਰਚਾ ‘ਸਿਹਤ ਬੀਮਾ ਸਕੀਮ’ ਦੇ ਜ਼ਰੀਏ ਕਰਨ ਦਾ ਫ਼ੈਸਲਾ ਲਿਆ ਸੀ ਪ੍ਰੰਤੂ ਇਹ ਅਮਲ ਵਿਚ ਨਹੀਂ ਆ ਸਕਿਆ ਸੀ।

ਵਜ਼ੀਰਾਂ ਦੇ ਡਾਕਟਰੀ ਖ਼ਰਚ ਦੀ ਕੋਈ ਸੀਮਾ ਨਹੀਂ

ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਡਾਕਟਰੀ ਖ਼ਰਚੇ ਦੀ ਕੋਈ ਸੀਮਾ ਨਹੀਂ ਹੈ। ਇਸੇ ਤਰ੍ਹਾਂ ਜੇਲ੍ਹਾਂ ਦੇ ਬੰਦੀਆਂ ਦੀ ਇਲਾਜ ਲਈ ਵੀ ਕੋਈ ਖ਼ਰਚੇ ਦੀ ਹੱਦ ਤੈਅ ਨਹੀਂ ਹੈ। ਸਰਕਾਰੀ ਮੁਲਾਜ਼ਮਾਂ ਅਤੇ ਅਫ਼ਸਰਾਂ ਲਈ ਬਕਾਇਦਾ ਸੀਮਾ ਹੈ। ਪਹਿਲਾਂ ਵਿਧਾਇਕਾਂ ਲਈ 1 ਜਨਵਰੀ, 1998 ਤੋਂ 22 ਅਪਰੈਲ, 2003 ਤੱਕ 250 ਰੁਪਏ ਪ੍ਰਤੀ ਮਹੀਨਾ ਮੈਡੀਕਲ ਭੱਤਾ ਮਿਲਦਾ ਸੀ। ਸੂਬਾ ਸਰਕਾਰ ਨੇ 20 ਫਰਵਰੀ, 2004 ਨੂੰ ਵਿਧਾਇਕਾਂ ਤੇ ਵਜ਼ੀਰਾਂ ਲਈ ਮੈਡੀਕਲ ਖ਼ਰਚੇ ਦੀ ਸੀਮਾ ਨੂੰ ਖੋਲ੍ਹ ਦਿੱਤਾ।

Advertisement

Advertisement