ਮੈਡੀਕਲ ਕਾਲਜ: ਸੰਘਰਸ਼ੀਆਂ ਨੂੰ ਧਮਕੀਆਂ ਦੇਣ ਦਾ ਵਿਰੋਧ
ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 8 ਜੁਲਾਈ
ਸੰਤ ਅਤਰ ਸਿੰਘ ਦੀ ਯਾਦ ਵਿੱਚ ਮਸਤੂਆਣਾ ਸਾਹਿਬ ਵਿਖੇ ਸਰਕਾਰੀ ਮੈਡੀਕਲ ਕਾਲਜ ਬਣਨ ਦੇ ਰਾਹ ਵਿੱਚ ਆ ਰਹੇ ਅੜਿੱਕਿਆਂ ਨੂੰ ਖ਼ਤਮ ਕਰਨ ਲਈ ਮਸਤੂਆਣਾ ਸਾਹਿਬ ਦੇ ਬੱਸ ਸਟੈਂਡ ’ਤੇ ਲੱਗੇ ਧਰਨੇ ਦੌਰਾਨ ਹਾਜ਼ਰ ਸੰਗਤ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਥਿਤ ਆਪਣੇ ਬੰਦਿਆਂ ਰਾਹੀਂ ਧਰਨਾਕਾਰੀਆਂ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦੇਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸੰਘਰਸ਼ਸ਼ੀਲ ਲੋਕ ਅਜਿਹੇ ਕੇਸਾਂ ਤੋਂ ਨਹੀਂ ਡਰਦੇ। ਕਿਸਾਨ ਆਗੂ ਸਾਹਿਬ ਸਿੰਘ ਬਡਬਰ ਨੇ ਸਪਸ਼ਟ ਕੀਤਾ ਕਿ ਇਸ ਸੰਘਰਸ਼ ਨਾਲ ਬਾਬਾ ਦਰਸ਼ਨ ਸਿੰਘ ਅਤੇ ਮਾਨ ਸਰਕਾਰ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਅੰਗੀਠਾ ਸਾਹਿਬ ਵੱਲੋਂ ਸਿਰਫ਼ ਧਰਨੇ ਵਾਸਤੇ ਪੱਕਾ ਸ਼ੈੱਡ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪਿੰਡਾਂ ਵਿੱਚ ਅਨਾਊਂਸਮੈਂਟ ਕਰਨ ਵਾਸਤੇ ਗੁਰਦੁਆਰੇ ਦੀਆਂ ਗੱਡੀਆਂ ਵਰਤੀਆਂ ਜਾਂਦੀਆਂ ਹਨ ਅਤੇ ਧਰਨੇ ਤੇ ਆਉਣ ਵਾਲੀਆਂ ਸੰਗਤ ਵਾਸਤੇ ਲੰਗਰ ਲਿਆਂਦਾ ਜਾਂਦਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪ੍ਰਧਾਨਾਂ ਅਤੇ ਹੋਰ ਆਗੂਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨੀ ਦੇਰ ਸਟੇਅ ਵਾਪਸ ਲੈ ਕੇ ਅੜਿੱਕਿਆਂ ਨੂੰ ਦੂਰ ਨਹੀਂ ਕੀਤਾ ਜਾਂਦਾ, ਓਨਾ ਚਿਰ ਧਰਨਾ ਜਾਰੀ ਰਹੇਗਾ।
ਧਰਨੇ ਵਿੱਚ ਸ਼ਾਮਲ ਸਾਹਿਬ ਸਿੰਘ ਬਡਬਰ ਕਮੇਟੀ ਦੇ ਮੈਂਬਰ ਮੇਵਾ ਸਿੰਘ, ਰਾਜਿੰਦਰ ਸਿੰਘ, ਅਜੈਬ ਸਿੰਘ, ਕਰਨੈਲ ਸਿੰਘ, ਬਿੱਕਰ ਸਿੰਘ, ਜਰਨੈਲ ਸਿੰਘ ਜਹਾਂਗੀਰ, ਦਰਸ਼ਨ ਸਿੰਘ ਕੁੰਨਰਾ, ਜਸਦੀਪ ਸਿੰਘ ਬਹਾਦਰਪੁਰ, ਪਰਗਟ ਸਿੰਘ ਕੁੰਨਰਾਂ ਸਣੇ ਹੋਰ ਆਗੂ ਵੀ ਸ਼ਾਮਲ ਸਨ।