ਆਸ਼ਰਮ ਭੂਰੀ ਵਾਲੇ ਧਾਮ ਤਲਵੰਡੀ ਖੁਰਦ ਵਿੱਚ ਮੈਡੀਕਲ ਕੈਂਪ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਅਗਸਤ
ਗਰੀਬਦਾਸੀ ਆਸ਼ਰਮ ਭੂਰੀ ਵਾਲੇ ਤਲਵੰਡੀ ਖੁਰਦ ਵਿੱਚ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਐੱਸਜੀਬੀ ਇੰਟਰਨੈਸ਼ਨਲ ਫਾਊਂਡੇਸ਼ਨ, ਸਵਾਮੀ ਗੰਗਾ ਨੰਦ ਭੂਰੀ ਵਾਲੇ ਚੈਰੀਟੇਬਲ ਟਰੱਸਟ ਅਤੇ ਸੰਗਤਾਂ ਵੱਲੋਂ ਸਵਾਮੀ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲਿਆਂ ਦੇ 162ਵੇਂ ਜਨਮ ਦਿਹਾੜੇ ਅਤੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ 40ਵੀਂ ਬਰਸੀ ਮੌਕੇ ਜਾਰੀ ਸਮਾਗਮਾਂ ਦੇ ਦੂਜੇ ਦਿਨ ਮੱਧ ਦੇ ਭੋਗ ਉਪਰੰਤ ਮੈਡੀਕਲ ਕੈਂਪ ਲਾਏ ਗਏ। ਸ੍ਰੀ ਅਖੰਡ ਪਾਠ ਦੀ 13ਵੀਂ ਲੜੀ ਦੇ ਮੱਧ ਦੇ ਭੋਗ ਸਮੇਂ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਕਿਹਾ ਕਿ ਜੀਵ ਨੂੰ ਪ੍ਰਮਾਤਮਾ ਨਾਲ ਜੁੜਨ ਲਈ ਨਾਮ ਰੂਪੀ ਧਨ ਕਮਾਉਣਾ ਪੈਂਦਾ ਹੈ। ਸਵਾਮੀ ਗੰਗਾ ਨੰਦ ਭੂਰੀ ਵਾਲੇ ਸਿਹਤ ਡਿਸਪੈਂਸਰੀ ’ਚ ਲਾਏ ਐਲੋਪੈਥੀ ਅਤੇ ਦੇਸੀ ਦਵਾਈਆਂ ਦੇ ਮੈਡੀਕਲ ਕੈਂਪ ਦਾ ਉਦਘਾਟਨ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਕੀਤਾ। ਸਵਾਮੀ ਓਮਾ ਨੰਦ ਭੂਰੀ ਵਾਲੇ ਅਤੇ ਸਕੱਤਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਭਲਕੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਦੇ ਭੋਗ ਪੈਣਗੇ। ਇਸੇ ਦੌਰਾਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਸੇਵਾ ਸੰਮਤੀ ਸ੍ਰੀ ਮਾਛੀਵਾੜਾ ਸਾਹਿਬ ਦੇ ਚੇਅਰਮੈਨ ਅਤੇ ਸਵਰਗ ਆਸ਼ਰਮ ਸ੍ਰੀ ਮਾਛੀਵਾੜਾ ਸਾਹਿਬ ਦੇ ਮੁਖੀ ਚਰਨਜੀਤ ਸਿੰਘ ਥੋਪੀਆ ਨੇ ਦੱਸਿਆ ਕਿ ਧਾਮ ਤਲਵੰਡੀ ਖੁਰਦ ਵਿੱਚ 26 ਤੋਂ 28 ਅਗਸਤ ਤੱਕ ਖੂਨਦਾਨ ਕੈਂਪ ਲਾਇਆ ਜਾਵੇਗਾ।