ਮੀਡੀਆ ਦਾ ਕੰਮ ਸਿਰਫ਼ ਸੱਚ ਦਿਖਾਉਣਾ: ਧਨਖੜ
ਨਵੀਂ ਦਿੱਲੀ, 16 ਨਵੰਬਰ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਗਿਣਮਿੱਥ ਕੇ ਫ਼ਰਜ਼ੀ ਖ਼ਬਰਾਂ ਦਾ ਪ੍ਰਚਾਰ ਪਾਸਾਰ ਕਰਨ ਵਾਲਿਆਂ ਖਿਲਾਫ਼ ਭਾਰਤੀ ਪ੍ਰੈੱਸ ਕੌਂਸਲ (ਪੀਸੀਆਈ) ਵੱਲੋਂ ‘ਫੌਰੀ ਕਾਰਵਾਈ’ ਕੀਤੇ ਜਾਣ ਦੀ ਵਕਾਲਤ ਕਰਦਿਆਂ ਕਿਹਾ ਕਿ ਇਹ ਦੰਦ ਦਿਖਾਉਣ ਦਾ ਨਹੀਂ ਬਲਕਿ ‘ਵੱਢਣ ਦਾ ਸਮਾਂ’ (ਭਾਵ ਸਖ਼ਤ ਕਾਰਵਾਈ ਦਾ ਸਮਾਂ) ਹੈ। ਉਨ੍ਹਾਂ ਕਿਹਾ ਕਿ ਮੀਡੀਆ ਦਾ ਕੰਮ ਸਿਰਫ਼ ਸੱਚ ਤੇ ਸੱਚ ਦਿਖਾਉਣਾ ਹੈ। ਧਨਖੜ ਨੇ ਕਿਹਾ ਕਿ ਭਰੋਸੇਯੋਗਤਾ ਅੱਜ ਮੀਡੀਆ ਨੂੰ ਦਰਪੇਸ਼ ਸਭ ਤੋਂ ਵੱਡੀ ਚੁਣੌਤੀ ਹੈ। ਧਨਖੜ ਇਥੇ ਕੌਮੀ ਪ੍ਰੈੱਸ ਦਿਹਾੜੇ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੀਡੀਆ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਸੱਚ ਤੇ ਸਿਰਫ਼ ਸੱਚ ਹੀ ਲੋਕਾਂ ਅੱਗ ਰੱਖੇ। ਇਸ ਮੌਕੇ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ, ਰਾਜ ਮੰਤਰੀ ਐੱਲ.ਮੁਰੂਗਨ, ਪੀਸੀਆਈ ਦੀ ਚੇਅਰਪਰਸਨ ਜਸਟਿਸ(ਸੇਵਾਮੁਕਤ) ਰੰਜਨਾ ਪ੍ਰਕਾਸ਼ ਦੇਸਾਈ ਵੀ ਮੌਜੂਦ ਸਨ।
ਸ੍ਰੀ ਧਨਖੜ ਨੇ ਫ਼ਰਜ਼ੀ ਤੇ ਤੋੜ-ਮਰੋੜ ਕੇ ਪੇਸ਼ ਕੀਤੀਆਂ ਜਾਂਦੀਆਂ ਖ਼ਬਰਾਂ ’ਤੇ ਫ਼ਿਕਰ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੇ ਮੀਡੀਆ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਖੋਰਾ ਲਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰੈੱਸ ਕੌਂਸਲ ਨੂੰ ਗਿਣ-ਮਿੱਥ ਕੇ ਫ਼ਰਜ਼ੀ ਖ਼ਬਰਾਂ ਦਾ ਪ੍ਰਚਾਰ ਪਾਸਾਰ ਤੇ ਪੇਸ਼ੇਵਰ ਨੈਤਿਕਤਾ ਨਾਲ ਸਮਝੌਤਾ ਕਰਨ ਵਾਲਿਆਂ ਖਿਲਾਫ਼ ‘ਫੌਰੀ ਕਾਰਵਾਈ’ ਕਰਨੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ, ‘‘ਇਹ ਸਮਾਂ ਦੰਦ ਦਿਖਾਉਣ ਦਾ ਨਹੀਂ ਬਲਕਿ ਵੱਢਣ (ਸਖ਼ਤ ਕਾਰਵਾਈ) ਦਾ ਸਮਾਂ ਹੈ। ਇਹ ਦੰਦੀ ਇੰਨੀ ਜ਼ੋਰ ਦੀ ਵੱਢੀ ਜਾਣੀ ਚਾਹੀਦੀ ਹੈ ਕਿ ਕੁਤਾਹੀ ਕਰਨ ਵਾਲਿਆਂ ਨੂੰ ਕੰਨ ਹੋ ਜਾਣ ਕਿ ਉਨ੍ਹਾਂ ਨੂੰ ਮਿਸਾਲੀ ਸਜ਼ਾ ਮਿਲ ਸਕਦੀ ਹੈ ਜਦੋਂਕਿ ਉੱਚ ਨੈਤਿਕ ਮਿਆਰ ਕਾਇਮ ਰੱਖਣ ਵਾਲਿਆਂ ਨੂੰ ਹੱਲਾਸ਼ੇਰੀ ਮਿਲੇ।’’
ਧਨਖੜ ਨੇ ਕਿਹਾ ਕਿ ਮੀਡੀਆ ਦਾ ਇਤਬਾਰੀ ਤੇ ਭਰੋਸੇਯੋਗ ਰਹਿਣਾ ਉਨ੍ਹਾਂ ਦੇ ਆਪਣੇ ਹਿੱਤ ਵਿੱਚ ਹੈ। ਮੀਡੀਆ ਜਥੇਬੰਦੀਆਂ ਤੇ ਮੀਡੀਆ ਪੇਸ਼ੇਵਰ ਕੋਈ ਵੀ ਸੂਚਨਾ ਅੱਗੇ ਸਾਂਝੀ ਕਰਨ ਤੋਂ ਪਹਿਲਾਂ ਦੋਹਰੀ ਚੌਕਸੀ ਵਰਤਣ। ਪੀਸੀਆਈ ਚੇਅਰਪਰਸਨ ਨੇ ਕਿਹਾ ਕਿ ਮੀਡੀਆ ਸਨਅਤ ਵਿੱਚ ਮਸਨੂਈ ਬੌਧਿਕਤਾ (ਏਆਈ) ਦੀ ਵਰਤੋਂ ਮੀਡੀਆ ਸਨਅਤ ਲਈ ਕੀਮਤੀ ਅਸਾਸਾ ਸਾਬਤ ਹੋ ਸਕਦੀ ਹੈ ਬਸ਼ਰਤੇ ਇਸ ਨੂੰ ਵਧੇਰੇ ਜ਼ਿੰਮੇਵਾਰੀ ਤੇ ਚੰਗੇ ਕੰਮ ਲਈ ਵਰਤਿਆ ਜਾਵੇ। ਇਸ ਮੌਕੇ ‘ਮੀਡੀਆ ਇਨ ਦਾ ਇਰਾ ਆਫ਼ ਆਰਟੀਫੀਸ਼ੀਅਲ ਇੰਟੈਲੀਜੈਂਸ’ ਕਿਤਾਬਚਾ ਵੀ ਜਾਰੀ ਕੀਤਾ ਗਿਆ। -ਪੀਟੀਆਈ