For the best experience, open
https://m.punjabitribuneonline.com
on your mobile browser.
Advertisement

ਮੇਰੇ ਵੀ...

06:29 AM Feb 17, 2024 IST
ਮੇਰੇ ਵੀ
Advertisement

ਜਗਦੀਪ ਸਿੱਧੂ

Advertisement

“ਸਿੱਧੂ ਸਾਹਬ, ਸੁਖਜੀਤ ਬੋਲਦਾਂ, ਸੁਖਜੀਤ ਕਹਾਣੀਕਾਰ, ਮਾਛੀਵਾੜੇ ਤੋਂ। ਕਵਿਤਾਵਾਂ ਪੜ੍ਹੀਆਂ ਤੁਹਾਡੀਆਂ। ਬਹੁਤ ਸੋਹਣੀਆਂ ਕਵਿਤਾਵਾਂ ਨੇ। ਧੀ ਵਾਲ਼ੀ ਤਾਂ ਬਹੁਤ ਹੀ ਵਧੀਆ। ਮੇਰੇ ਵੀ ਇਕ ਧੀ ਹੈ, ਮੈਂ ਵੀ ਫੁੱਟਬਾਲ ਖੇਡਦਾ ਰਿਹਾਂ।” ਉਹ ਲਗਾਤਾਰ ਬੋਲਦਾ ਰਿਹਾ।
ਫਿਰ ਅਕਸਰ ਉਹਦਾ ਫੋਨ ਆਉਂਦਾ। ਲੰਮੀਆਂ ਗੱਲਾਂ ਹੁੰਦੀਆਂ। ਉਹ ਹਰ ਗੱਲ ਧਿਆਨ ਨਾਲ ਸੁਣਦਾ। ਮੈਨੂੰ ਲੱਗਦਾ, ਉਹ ਦੋਸਤਾਂ ਨੂੰ ‘ਵਾਇਸ ਮੈਸੇਜ’ ਵੀ ਤਾਂ ਹੀ ਜ਼ਿਆਦਾ ਕਰਦਾ ਤਾਂ ਕਿ ਵਿਚ ਕੋਈ ਹੋਰ ਗੱਲ ਨਾ ਸ਼ੁਰੂ ਹੋਵੇ।
ਪਹਿਲਾਂ-ਪਹਿਲ ਮਿਲਿਆ, ਉਹਦੇ ਵਾਲ ਪਿੱਛੇ ਖੁੱਲ੍ਹੇ ਛੱਡੇ ਦੇਖੇ। ਉਹਦੇ ‘ਸਵਾਮੀ’ ਹੋਣ ਬਾਰੇ ਤਾਂ ਪਹਿਲਾਂ ਹੀ ਸੁਣਿਆ ਸੀ। ਮੈਨੂੰ ਕਦੇ ਉਹ ਸਵਾਮੀ ਨਹੀਂ ਭਾਸਿਆ। ਚਿੱਟਾ ਕੁੜਤਾ ਪਜਾਮਾ। ਪਿੱਛੇ ਛੱਡੇ ਵਾਲ ਇੰਝ ਲੱਗਦੇ ਜਿਵੇਂ ਹੁਣ ਕੇਸੀਂ ਨਹਾਤਾ ਹੋਵੇ। ਸਾਫ਼-ਸਫਾਫ।
ਫਿਰ ਅਕਸਰ ਉਹਦੇ ਨਾਲ ਮਿਲਣੀਆਂ ਹੁੰਦੀਆਂ। ਲੰਮੀਆਂ ਗੋਸ਼ਟੀਆਂ ਚੱਲਦੀਆਂ। ਜਿਵੇਂ ਉਹਦੀ ਕਹਾਣੀ ਬਹੁ-ਪਰਤੀ ਹੁੰਦੀ ਹੈ, ਉਵੇਂ ਉਹਦੀਆਂ ਗੱਲਾਂ ਵੀ ਬਹੁ-ਪਰਤੀ ਹੁੰਦੀਆਂ। ਕਹਾਣੀ ਬਾਰੇ ਗੱਲ ਕਰਦਿਆਂ ਕਹਿੰਦਾ- ਕਹਾਣੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਜਿਵੇਂ ਸੁਆਣੀ ਮੱਖਣ ਕੱਢਦੀ, ਬਿਲਕੁਲ ਖਲਾਰਾ ਨਹੀਂ ਪਾਉਂਦੀ। ਲੱਸੀ ਥੱਲੇ ਰਹਿੰਦੀ, ਬੜੀ ਸਫਾਈ ਨਾਲ ਵੱਖ ਹੋ ਜਾਂਦੀ ਹੈ। ਮੈਨੂੰ ਲੱਗਦਾ, ਉਹ ਕਹਾਣੀ ਦੀ ਪਰਿਭਾਸ਼ਾ ਦਿੰਦਾ, ਸਚਿਆਰੀ ਔਰਤ ਦੀ ਵੀ ਗੱਲ ਕਰ ਜਾਂਦਾ।
ਮੇਰੀ ਕਿਤਾਬ ‘ਇਉਂ ਵੀ ਦੇਖਣਾ ਹੈ’ ਛਪਦੀ ਹੈ, ਉਸ ਨੂੰ ਭੇਜਦਾ ਹਾਂ। ਫੋਨ ਆਉਂਦਾ ਹੈ- “ਜਗਦੀਪ, ਕਿਤਾਬ ਹੁਣੇ ਮਿਲੀ ਹੈ, ਸੋਹਣੀ ਛਪੀ ਹੈ, ਅੰਦਰੋਂ ਅਜੇ ਖੋਲ੍ਹੀ ਨਹੀਂ, ਪੜ੍ਹ ਕੇ ਗੱਲ ਕਰੂੰ। ਮੈਂ ਵੀ ਕਵਿਤਾ ਲਿਖਦਾ ਹੁੰਦਾ ਸੀ। ਮੇਰੀ ਵੀ ਕਿਤਾਬ ਛਪੀ ਹੈ।”
ਥੋੜ੍ਹੇ ਦਿਨਾਂ ਬਾਅਦ ਫਿਰ ਫੋਨ ਆਉਂਦਾ ਹੈ- “ਕਿਤਾਬ ਪੜ੍ਹ ਲਈ ਸਾਰੀ। ਵਧੀਆ ਕਵਿਤਾਵਾਂ ਨੇ। ਕਿਤਾਬ ਤੂੰ ਆਪਣੀ ਪਤਨੀ ਨੂੰ ਸਮਰਪਿਤ ਕੀਤੀ ਹੈ। ਮੇਰੀ ਘਰਵਾਲੀ ਦਾ ਨਾਂ ਵੀ ਗੁਰਦੀਪ ਹੈ।”
ਕਮਾਲ ਦਾ ਬੁਲਾਰਾ ਸੀ ਉਹ। ਇਤਿਹਾਸ ਨਾਲੋਂ ਜ਼ਿਆਦਾ ਮਿਥਿਹਾਸ ’ਤੇ ਗੱਲ ਕਰਨ ਵਾਲਾ। ਸ਼ਾਇਦ ਉਹਨੂੰ ਲੱਗਦਾ ਹੋਵੇ ਜਿਹੜਾ ਲਿਖਿਆ, ਜਾਣਿਆ ਹੀ ਪਿਆ, ਉਹਨੂੰ ਦੁਬਾਰਾ ਕੀ ਕਹਿਣਾ; ਉਹ ਮਿਥਿਹਾਸ ਦੀ ਘੁੰਢੀਆਂ ਖੋਲ੍ਹਦਾ।
ਫਿਰ ਜਦ ਮੇਰੀ ਪਤਨੀ ਸਰਕਾਰੀ ਨੌਕਰੀ ਲੱਗੀ ਤਾਂ ਉਹਨੇ ਵਧਾਈ ਦਿੱਤੀ- ਆਪਣੀ ਇਕ ਹੋਰ ਸਾਂਝ ਪੈ ਗਈ, ਮੇਰੀ ਘਰਵਾਲੀ ਵੀ ਸਰਕਾਰੀ ਨੌਕਰੀ ਕਰਦੀ।
ਮੈਂ ਜਦ ਪਹਿਲੀ ਵਾਰ ਉਸ ਨੂੰ ਪੱਗ ਬੰਨ੍ਹ ਕੇ ਮਿਲਿਆ ਤਾਂ ਉਹਨੂੰ ਧੱਕਾ ਜਿਹਾ ਲੱਗਿਆ; ਅਖੇ, ਇਹ ਤਾਂ ਬੰਦਾ ਹੀ ਹੋਰ ਹੈ। ਕਹਿੰਦਾ- “ਯਾਰ ਪਹਿਲਾਂ ਵਾਲਾ ਰੂਪ ਹੀ ਠੀਕ ਹੈ।” ਫਿਰ ਕਈ ਵਾਰ ਮਿਲਣ ’ਤੇ ਉਹ ਸਹਿਜ ਹੋ ਗਿਆ।
ਫਿਰ ਇਕ ਦਿਨ ਉਹ ਖ਼ੁਦ ਪੱਗ ਬੰਨ੍ਹੀ ਮਿਲਿਆ ਤਾਂ ਦੇਖ ਕੇ ਮੁਸਕਰਾ ਪਿਆ।
ਅਸੀਂ ਆਪਣੀ ਸੰਸਥਾ ਵੱਲੋਂ ਦੂਜੀਆਂ ਭਾਸ਼ਾਵਾਂ ਦੇ ਲੇਖਕਾਂ ਨੂੰ ਅਕਸਰ ਬੁਲਾਉਂਦੇ ਰਹਿੰਦੇ ਹਾਂ। ਉਹ ਅਸਾਮੀ ਕਵੀ ਨੀਲਿਮ ਕੁਮਾਰ ਦੇ ਸਮਾਗਮ ’ਤੇ ਭਾਸ਼ਾ ਵਿਭਾਗ ਦੇ ਮੁਹਾਲੀ ਦਫ਼ਤਰ ਆਇਆ; ਉਸ ਦੀਆਂ ਕਵਿਤਾਵਾਂ ਮੂੰਹ-ਜ਼ਬਾਨੀ ਸੁਣਾਈਆਂ। ਖੂਬ ਗੱਲਾਂ ਕੀਤੀਆਂ। ਫਿਰ ਅਕਸਰ ਉਹ ਨੀਲਿਮ ਕੁਮਾਰ ਦੀਆਂ ਕਵਿਤਾਵਾਂ ਦਾ ਜ਼ਿਕਰ ਕਰਦਾ ਹੋਇਆ ਕਹਿੰਦਾ- “ਨੀਲਿਮ ਹੋਰਾਂ ਨੂੰ ਫੋਨ ਕਰੀਏ, ਖਾਸਾ ਚਿਰ ਹੋ ਗਿਆ ਗੱਲ ਨਹੀਂ ਹੋਈ।”
ਉਹ ਸਾਹਿਤ ਸਭਾ ਸਮਰਾਲਾ ਦਾ ਮਹੀਨਾਵਾਰ ਸਮਾਗਮ ਕਰਵਾਉਂਦਾ ਜਿਸ ਵਿਚ ਨਵੇਂ ਕਲਮਕਾਰਾਂ ਦੀਆਂ ਰਚਨਾਵਾਂ ਸੁਣੀਆਂ ਜਾਂਦੀਆਂ, ਸੁਝਾਅ ਦਿੱਤੇ ਜਾਂਦੇ। ਅਸੀਂ ਵੀ ਉਸੇ ਤਰਜ਼ ’ਤੇ ਖਰੜ ‘ਬੈਠਕ’ ਸ਼ੁਰੂ ਕੀਤੀ। ਇਹ ਬੜਾ ਖ਼ੁਸ਼ ਹੋਇਆ। ਇਸ ਨੂੰ ਪਹਿਲੇ ਸਮਾਗਮ ਦੀ ਪ੍ਰਧਾਨਗੀ ਲਈ ਬੁਲਾਇਆ। ਦਸ ਕੁ ਵਜੇ ਸਵੇਰੇ ਫੋਨ ਆਇਆ, “ਯਾਰ ਇੱਥੇ ਤਾਂ ਕੋਈ ਨਹੀਂ।” ਮੈਂ ਕਿਹਾ- “ਸਮਾਗਮ ਤਾਂ ਢਾਈ ਵਜੇ ਹੈ, ਤੁਸੀਂ ਮੇਰੇ ਘਰ ਆ ਜਾਵੋ।” ਉਹ ਦੋਸਤਾਂ ਨਾਲ ਘਰ ਆ ਗਿਆ। ਤੀਜੀ ਮੰਜ਼ਿਲ ’ਤੇ ਉਸ ਨੂੰ ਲਾਇਬਰੇਰੀ ਦਿਖਾਈ ਤਾਂ ਕਹਿੰਦਾ- “ਤੂੰ ਏਨੀ ਚੜ੍ਹਾਈ ਚੜ੍ਹਾ ਕੇ ਅਗਲੇ ਨੂੰ ਦੱਸਦਾਂ ਕਿ ਮੈਂ ਕਸਰਤ ਕਰਦਾ, ਖੇਡਦਾ ਰਿਹਾਂ, ਫੇਰ ਪੜ੍ਹਨਾ ਸ਼ੁਰੂ ਕੀਤਾ। ਮੈਂ ਵੀ ਫੁੱਟਬਾਲ ਖੇਡਦਾ ਰਿਹਾਂ।”
ਕੁਝ ਦਿਨਾਂ ਬਾਅਦ ਇੱਕ ਸਨਮਾਨ ਸਮਾਰੋਹ ਸੀ। ਉਸ ਨੇ ਆਉਣ ਦੀ ਹਾਮੀ ਭਰੀ ਪਰ ਨੇੜੇ ਆ ਕੇ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਉਸ ਨੂੰ ‘ਵਾਇਸ ਮੈਸੇਜ’ ਵੀ ਭੇਜੇ ਗਏ ਪਰ ਕੋਈ ਹੁੰਗਾਰਾ ਨਹੀਂ। ਉਹ ਸਮਾਰੋਹ ਵਿਚ ਨਹੀਂ ਆਇਆ।
ਮਨਮੋਹਨ ਹੋਰਾਂ ਦਾ ਬਾਰਾਂ ਫਰਵਰੀ ਸ਼ਾਮ ਪੰਜ ਕੁ ਵਜੇ ਫੋਨ ਆਉਂਦਾ ਹੈ- ਪੀਜੀਆਈ ਚੱਲੀਏ, ਸੁਖਜੀਤ ਨੂੰ ਹਾਰਟ ਅਟੈਕ ਆਇਆ। ਉਹਨੂੰ ਲੈ ਕੇ ਆ ਰਹੇ ਨੇ।” ਮੈਨੂੰ ਸੜਕਾਂ ’ਤੇ ਭੀੜ ਜ਼ਿਆਦਾ ਲੱਗ ਰਹੀ ਸੀ।
ਸਾਡੇ ਜਾਂਦਿਆਂ ਨੂੰ ਐਂਬੂਲੈਂਸ ਵੀ ਆ ਗਈ। ਉਸ ਨੂੰ ਵੈਂਟੀਲੇਟਰ ਲੱਗਿਆ ਹੋਇਆ ਸੀ। ਨਬਜ਼ ਨਹੀਂ ਸੀ ਮਿਲ ਰਹੀ, ਡਾਕਟਰ ਭਰਪੂਰ ਕੋਸ਼ਿਸ਼ ਕਰ ਰਹੇ ਸਨ। ਅੱਧੇ ਕੁ ਘੰਟੇ ਬਾਅਦ ਡਾਕਟਰਾਂ ਨੇ ਮੌਤ ਐਲਾਨ ਦਿੱਤੀ। ਉਸ ਦੀ ਧੀ ਤੇ ਪਤਨੀ ਰੋ ਰਹੀਆਂ ਸਨ। ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਸੀ। ਮੈਨੂੰ ਲੱਗਿਆ, ਉਹ ਲੇਟਿਆ ਲੇਟਿਆ ਹੀ ਕਹਿ ਰਿਹਾ ਹੋਵੇ- ਆਹ ਦੇਖ ਲੈ, ਸੱਚੀਓਂ ਮੇਰੇ ਵੀ ਇਕ ਧੀ ਹੈ, ਮੇਰੀ ਘਰਵਾਲੀ ਵੀ ਸਰਕਾਰੀ ਨੌਕਰੀ ਕਰਦੀ ਹੈ। ਉਹਦਾ ਨਾਂ ਵੀ ਤੇਰੀ ਪਤਨੀ ਵਾਲਾ ਹੈ।...
ਸੰਪਰਕ: 98762-22868

Advertisement
Author Image

joginder kumar

View all posts

Advertisement
Advertisement
×