For the best experience, open
https://m.punjabitribuneonline.com
on your mobile browser.
Advertisement

ਮੈਂ ਕੰਡਿਆਲੀ ਥੋਹਰ ਵੇ ਸੱਜਣਾ...

09:56 AM Feb 24, 2024 IST
ਮੈਂ ਕੰਡਿਆਲੀ ਥੋਹਰ ਵੇ ਸੱਜਣਾ
Advertisement

ਕਮਲਜੀਤ ਕੌਰ ਗੁੰਮਟੀ

Advertisement

ਮੈਨੂੰ ਥੋਹਰ ਦੇ ਪੌਦਿਆਂ ਨਾਲ ਅੰਤਾਂ ਦਾ ਮੋਹ ਹੈ। ਘਰ ਵਿੱਚ ਥੋਹਰ ਦੇ ਪੌਦੇ ਲੱਗੇ ਦੇਖ ਕੇ ਬੜੇ ਸਿਆਣਪ ਭਰੇ ਲਹਿਜੇ ਵਿੱਚ ਕਿਸੇ ਨੇ ਮੈਨੂੰ ਸਮਝਾਉਣ ਦਾ ਯਤਨ ਕੀਤਾ ਕਿ ਕੰਡਿਆਂ ਵਾਲੇ ਪੌਦੇ ਘਰ ਵਿੱਚ ਲਗਾਉਣਾ ਅਸ਼ੁੱਭ ਹੈ। ਉਸ ਸਮੇਂ ਮੈਨੂੰ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਕਵਿਤਾ ਚੇਤੇ ਆਈ ਜਿਸ ਵਿੱਚ ਉਨ੍ਹਾਂ ਨੇ ਥੋਹਰ ਦਾ ਜ਼ਿਕਰ ਕੀਤਾ:
ਮੈਂ ਕੰਡਿਆਲੀ ਥੋਹਰ ਵੇ ਸੱਜਣਾ, ਉੱਗੀ ਵਿੱਚ ਉਜਾੜਾਂ
ਜਾਂ ਉੱਡਦੀ ਬਦਲੋਟੀ ਕੋਈ, ਵਰ ਗਈ ਵਿੱਚ ਪਹਾੜਾਂ।
ਮੈਂ ਕੰਡਿਆਲੀ ਥੋਹਰ ਵੇ ਸੱਜਣਾ, ਉੱਗੀ ਕਿਤੇ ਕੁਰਾਹੇ
ਨਾ ਕਿਸੇ ਮਾਲੀ ਸਿੰਜਿਆ ਮੈਨੂੰ, ਨਾ ਕੋਈ ਸਿੰਜਣਾ ਚਾਹੇ।
ਆਪਣੀ ਅਜਿਹੀ ਧਾਰਨਾ ਨੂੰ ਪਾਸੇ ਰੱਖ ਕੇ ਜੇਕਰ ਅਸੀਂ ਥੋਹਰ ਦੇ ਗੁਣਾਂ ਨੂੰ ਗਹੁ ਨਾਲ ਵਾਚੀਏ ਤਾਂ ਇਸ ਦੇ ਗੁਣ ਨਜ਼ਰ ਪੈਣਗੇ। ਪਾਣੀ ਮਨੁੱਖੀ ਜੀਵਨ ਦਾ ਆਧਾਰ ਹੈ। ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ, ਸੋਚਣ ਵਾਲੀ ਗੱਲ ਇਹ ਹੈ ਕਿ ਥੋਹਰ ਦਾ ਪੌਦਾ ਪਾਣੀ ਤੋਂ ਬਿਨਾਂ ਜਿਊਂਦਾ ਕਿਵੇਂ ਰਹਿੰਦਾ ਹੈ? ਜਿਹੜੇ ਪੌਦੇ ਰੁੱਤ ਅਨੁਸਾਰ ਉੱਗਦੇ ਹਨ, ਉਹ ਪਾਣੀ ਵਧੇਰੇ ਬਰਬਾਦ ਕਰਦੇ ਹਨ। ਉਨ੍ਹਾਂ ਦੀਆਂ ਪੱਤੀਆਂ ਵੀ ਪਾਣੀ ਲੈਂਦੀਆਂ ਹਨ, ਬਾਅਦ ਵਿੱਚ ਇਹ ਪੱਤੀਆਂ ਹਵਾ ਵਿੱਚ ਪਾਣੀ ਨੂੰ ਛੱਡ ਦਿੰਦੀਆਂ ਹਨ। ਥੋਹਰ ਦਾ ਪੌਦਾ ਪਾਣੀ ਬਰਬਾਦ ਨਹੀਂ ਕਰਦਾ। ਇਸ ਦੇ ਪੱਤੀਆਂ ਨਹੀਂ ਹੁੰਦੀਆਂ। ਥੋਹਰ ਦੇ ਪੌਦੇ ਦੀ ਬਣਤਰ ਇਸ ਤਰ੍ਹਾਂ ਹੁੰਦੀ ਹੈ ਕਿ ਇਸ ਦੀ ਥੋੜ੍ਹੀ ਜਿਹੀ ਤਹਿ ਹੀ ਸੂਰਜ ਦੀਆਂ ਕਿਰਨਾਂ ਵੱਲ ਨੂੰ ਸਿੱਧੀ ਹੁੰਦੀ ਹੈ। ਇਸ ਦੀਆਂ ਜੜਾਂ ਧਰਤੀ ਦੀ ਸਤਹ ਦੇ ਬਹੁਤ ਨੇੜੇ ਹੁੰਦੀਆਂ ਹਨ। ਥੋੜ੍ਹੇ ਮੀਂਹ ਵਿੱਚੋਂ ਵੀ ਇਹ ਪਾਣੀ ਸੋਖ ਲੈਂਦਾ ਹੈ। ਕਈ ਥਾਵਾਂ ’ਤੇ ਤਾਂ ਤ੍ਰੇਲ ਦੀਆਂ ਬੂੰਦਾਂ ਤੋਂ ਹੀ ਪਾਣੀ ਪ੍ਰਾਪਤ ਕਰ ਲੈਂਦਾ ਹੈ। ਪਾਣੀ ਨੂੰ ਆਪਣੇ ਮੋਟੇ ਤਣੇ ਵਿੱਚ ਜਮ੍ਹਾਂ ਕਰ ਲੈਂਦਾ ਹੈ। ਇਹ ਪਾਣੀ ਇਸ ਨੂੰ ਗਰਮੀ ਦੇ ਮੌਸਮ ਵਿੱਚ ਵੀ ਹਰਾ ਭਰਾ ਰੱਖਦਾ ਹੈ। ਥੋਹਰ ਦੇ ਪੌਦੇ ਉੱਪਰ ਉੱਗੇ ਕੰਡੇ ਪਾਣੀ ਦਾ ਬਚਾਅ ਕਰਦੇ ਹਨ। ਇਸੇ ਕਰਕੇ ਥੋਹਰ ਦਾ ਪੌਦਾ ਬਿਨਾਂ ਪਾਣੀ ਤੋਂ ਦੋ ਸਾਲ ਤੱਕ ਜਿਊਂਦਾ ਰਹਿ ਸਕਦਾ ਹੈ। ਜਦ ਥੋਹਰ ਦੇ ਪੌਦੇ ਉੱਪਰ ਫੁੱਲ ਖਿੜਦੇ ਹਨ ਤਾਂ ਪੂਰੇ ਰੇਗਿਸਤਾਨ ਵਿੱਚ ਬਹਾਰ ਆ ਜਾਂਦੀ ਹੈ।
ਜਦੋਂ ਅਸੀਂ ਥੋਹਰ ਜਾਂ ਰੇਤ ਬਾਰੇ ਸੁਣਦੇ ਹਾਂ ਤਾਂ ਸਾਡੇ ਦਿਮਾਗ਼ ਵਿੱਚ ਸਿਹਤਮੰਦ ਭੋਜਨ ਨਹੀਂ ਆਉਂਦਾ। ਮੈਕਸੀਕੋ ਅਤੇ ਸੰਯੁਕਤ ਰਾਜ ਵਿੱਚ ਹਜ਼ਾਰਾਂ ਸਾਲਾਂ ਤੋਂ ਇਸ ਨੂੰ ਇੱਕ ਕੁਦਰਤੀ ਦਵਾਈ ਵਜੋਂ ਵਰਤਿਆ ਜਾ ਰਿਹਾ ਹੈ। ਨਾ ਸਿਰਫ਼ ਇੱਕ ਕੁਦਰਤੀ ਦਵਾਈ ਦੇ ਤੌਰ ’ਤੇ ਬਲਕਿ ਥੋਹਰ ਦੇ ਪੌਦੇ ਨੇ ਤੰਦਰੁਸਤੀ ਦੀ ਦੁਨੀਆ ਅਤੇ ਸੁੰਦਰਤਾ ਉਤਪਾਦਾਂ ਵਿੱਚ ਆਪਣਾ ਖ਼ਾਸ ਸਥਾਨ ਬਣਾਇਆ ਹੈ। ਥੋਹਰ ਦੇ ਪੌਦੇ ਵਿੱਚ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਫਾਈਬਰ, ਐਂਟੀਆਕਸੀਡੈਂਟ ਅਤੇ ਵਿਟਾਮਿਨ ਇਸ ਨੂੰ ਸਿਹਤ ਲਈ ਲਾਭਦਾਇਕ ਬਣਾਉਂਦੇ ਹਨ। ਥੋਹਰ ਦਾ ਪੌਦਾ ਦੇਖਣ ਵਿੱਚ ਬਹੁਤ ਮਨਮੋਹਕ ਅਤੇ ਕੰਡੇਦਾਰ ਹੁੰਦਾ ਹੈ।
ਇਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦੇ ਹਨ। ਥੋਹਰ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਚਮੜੀ ਚਮਕਦਾਰ ਹੋ ਜਾਂਦੀ ਹੈ। ਇਸ ਵਿੱਚ ਮੌਜੂਦ ਵਿਟਾਮਿਨ ਏ ਵੀ ਚਮੜੀ ਨੂੰ ਸਿਹਤਮੰਦ ਬਣਾਉਣ ਵਿੱਚ ਮਦਦ ਕਰਦਾ ਹੈ। ਜੇਕਰ ਇਸ ਦਾ ਸਮੇਂ ਸਿਰ ਸੇਵਨ ਕੀਤਾ ਜਾਵੇ ਤਾਂ ਇਹ ਕੈਂਸਰ ਦੇ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਐਂਟੀ-ਕਾਰਸੀਨੋਜਨਿਕ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਸ ’ਚ ਵਿਟਾਮਿਨ ਸੀ ਵੀ ਹੁੰਦਾ ਹੈ ਜੋ ਇਮਿਊਨਿਟੀ ਵਧਾਉਂਦਾ ਹੈ। ਥੋਹਰ ਵਿੱਚ ਫਾਈਬਰ ਹੁੰਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਮਦਦਦਗਾਰ ਹੁੰਦਾ ਹੈ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਦਾ ਹੈ।
ਇਸ ਨੂੰ ਖਾਣ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਭਾਰ ਜ਼ਿਆਦਾ ਹੈ ਤਾਂ ਇਸ ਦੇ ਕੰਡਿਆਂ ਨੂੰ ਹਟਾ ਕੇ ਉੱਪਰਲੀ ਪਰਤ ਨੂੰ ਹਟਾ ਕੇ ਖਾਓ। ਇਸ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਕਾਰਗਰ ਹੈ। ਥੋਹਰ ਵਾਤਾਵਰਨ ਦਾ ਮਿੱਤਰ ਹੈ। ਇਹ ਹੌਲੀ ਹੌਲੀ ਵਧਣ ਵਾਲਾ ਪੌਦਾ ਹੈ। ਕਾਰਬਨ ਡਾਈਆਕਸਾਈਡ ਤੇ ਕਾਰਬਨ ਮੋਨੋਆਕਸਾਈਡ ਵਰਗੀਆਂ ਹਾਨੀਕਾਰਕ ਗੈਸਾਂ ਨੂੰ ਸੋਖਦਾ ਹੈ। ਕਿਸਾਨ ਆਪਣੀ ਫ਼ਸਲ ਬਚਾਉਣ ਲਈ ਇਸ ਦੀ ਵਾੜ ਕਰਦੇ ਹਨ।
ਥੋਹਰ ਦਾ ਪੌਦਾ ਆਪਣੀ ਰੱਖਿਆ ਆਪ ਕਰਦਾ ਹੈ। ਰੇਗਿਸਥਾਨ ਵਿੱਚ ਵੀ ਇਸ ਪੌਦੇ ਦੇ ਤਣੇ ਵਿੱਚ ਰਸ ਹੁੰਦਾ ਹੈ। ਹਰਿਆਣਾ ਦੇ ਸ਼ਹਿਰ ਪੰਚਕੂਲਾ ਵਿੱਚ ਇਸ ਦਾ ਅਨੋਖਾ ਬਾਗ਼ ਹੈ। ਇਹ ਬਾਗ਼ ਸੱਤ ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਬਾਗ਼ ਵਿੱਚ ਥੋਹਰ ਦੀਆਂ ਖ਼ਤਮ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਿਆਦਾਤਰ ਥੋਹਰ ਖ਼ੁਸ਼ਕ ਅਤੇ ਸੋਕੇ ਵਾਲੇ ਸਥਾਨਾਂ ਵਿੱਚ ਪਾਏ ਜਾਂਦੇ ਹਨ। ਥੋਹਰ ਦੀਆਂ ਬਹੁਤ ਸਾਰੀਆਂ ਕਿਸਮਾਂ ਹੱਦੋਂ ਜ਼ਿਆਦਾ ਸੁੱਕੇ ਵਾਤਾਵਰਨ ਵਿੱਚ ਜਿਊਂਦੀਆਂ ਹਨ, ਇੱਥੋਂ ਤੱਕ ਕਿ ਆਤਾਕਾਮਾ ਮਾਰੂਥਲ ਜੋ ਕਿ ਦੁਨੀਆ ਦੀ ਸਭ ਤੋਂ ਸੁੱਕੀ ਥਾਂ ਹੈ। ਇਨ੍ਹਾਂ ਕੋਲ ਪਾਣੀ ਸਾਂਭਣ ਦਾ ਸੁਚੱਜਾ ਗੁਣ ਹੈ। ਇਨ੍ਹਾਂ ਦੀਆਂ ਜ਼ਿਆਦਾਤਰ ਪ੍ਰਜਾਤੀਆਂ ਨੇ ਖਰੇ ਪੱਤੇ ਗੁਆ ਦਿੱਤੇ ਹਨ, ਹੁਣ ਸਿਰਫ਼ ਕੰਡੇ ਅਤੇ ਸੂਲਾਂ ਹੀ ਬਚੀਆਂ ਹਨ ਜੋ ਬਹੁਤ ਹੀ ਸੋਧੇ ਹੋਏ ਪੱਤੇ ਹਨ। ਥੋਹਰ ਦੇ ਕੰਡੇ ਹੀ ਇਸ ਨੂੰ ਪੌਦੇ ਖਾਣ ਵਾਲੇ ਜੀਵਾਂ ਤੋਂ ਬਚਾਉਂਦੇ ਹਨ ਅਤੇ ਹਵਾ ਦਾ ਵਹਾਅ ਘਟਾ ਕੇ ਪਾਣੀ ਦੇ ਘਾਟੇ ਨੂੰ ਵੀ ਠਾਕਾ ਲਾਉਂਦੇ ਹਨ। ਕੁਝ ਤਾਂ ਛਾਂ ਵੀ ਦਿੰਦੇ ਹਨ। ਇਹ ਕੰਡੇ ਹੀ ਇਨ੍ਹਾਂ ਦੀਆਂ ਅਤਿ ਸੁੰਗੜੀਆਂ ਹੋਈਆਂ ਟਾਹਣੀਆਂ ਹਨ।
ਇਹ ਕਿਸਾਨਾਂ ਦਾ ਵੀ ਮਿੱਤਰ ਹੈ। ਇਹ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਲਈ ਕਿਸਾਨਾਂ ਦੀ ਮਦਦ ਕਰਦਾ ਹੈ। ਥੋਹਰ ਦੇ ਪੌਦਿਆਂ ਨੂੰ ਹੁਣ ਕਿਸਾਨ ਆਪਣੇ ਖੇਤਾਂ ਵਿੱਚ ਉਗਾ ਰਹੇ ਹਨ ਅਤੇ ਪਸ਼ੂਆਂ ਨੂੰ ਵੀ ਇਸ ਦਾ ਸਵਾਦ ਚੰਗਾ ਲੱਗਣ ਲੱਗਾ ਹੈ। ਸੀਹੋਰ ਦੇ ਇਕਾਰਡਾ ਸੈਂਟਰ (ਇੰਟਰਨੈਸ਼ਨਲ ਸੈਂਟਰ ਫਾਰ ਐਗਰੀਕਲਚਰ ਰਿਸਰਚ) ਦੇ ਵਿਗਿਆਨੀਆਂ ਨੇ ਬਰਾਜ਼ੀਲ ਤੋਂ 2014 ਵਿੱਚ ਥੋਹਰ ਦੀਆਂ 24 ਪ੍ਰਜਾਤੀਆਂ ਮੰਗਵਾਈਆਂ ਸਨ| ਜਿਨ੍ਹਾਂ ਵਿੱਚੋਂ ਥੋਹਰ ਦੀਆਂ ਕੁਝ ਕਿਸਮਾਂ ਪਸ਼ੂਆਂ ਲਈ ਲਾਹੇਵੰਦ ਸਾਬਤ ਹੋਈਆਂ| ਇਹ ਦੁੱਧ ਉਤਪਾਦਨ ਨੂੰ ਵਧਾਉਣ ਵਿੱਚ ਵੀ ਮਦਦ ਕਰਦੀਆਂ ਹਨ। ਅਜਿਹੇ ਕਿਸਾਨ ਜਿਨ੍ਹਾਂ ਦੇ ਕੋਲ ਪਾਣੀ ਦੀ ਕਮੀ ਹੈ, ਇਹ ਉਨ੍ਹਾਂ ਲਈ ਲਾਹੇਵੰਦ ਹੈ। ਘੱਟ ਪਾਣੀ ਵਾਲੇ ਕਿਸਾਨ ਫੌਡਰ ਥੋਹਰ ਦੀ ਖੇਤੀ ਕਰਕੇ ਥੋਹਰ ਨੂੰ ਪਸ਼ੂਆਂ ਦਾ ਮੁੱਖ ਚਾਰਾ ਬਣਾ ਸਕਦੇ ਹਨ। ਇਸ ਵਿੱਚ ਭਰਪੂਰ ਪਾਣੀ ਹੋਣ ਦੇ ਕਾਰਨ ਪਸ਼ੂਆਂ ਨੂੰ ਚਾਰੇ ਦੇ ਨਾਲ ਪਾਣੀ ਵੀ ਮਿਲੇਗਾ। ਘਰ ਦੀ ਫੁੱਲਵਾੜੀ ਨੂੰ ਵੀ ਥੋਹਰ ਦਾ ਪੌਦਾ ਚਾਰ ਚੰਨ ਲਗਾ ਦਿੰਦਾ ਹਾਂ। ਇਸ ਦੀ ਦਿੱਖ ਬੜੀ ਪਿਆਰੀ ਹੁੰਦੀ ਹੈ। ਹਾਂ, ਇਹ ਜ਼ਰੂਰੀ ਹੈ ਕਿ ਥੋਹਰ ਦੇ ਪੌਦੇ ਕੰਡੇਦਾਰ ਹੋਣ ਕਰਕੇ ਢੁੱਕਵੀਂ ਥਾਂ ’ਤੇ ਰੱਖਣੇ ਜ਼ਰੂਰੀ ਹਨ।
ਸੰਪਰਕ: 98769-26873

Advertisement

Advertisement
Author Image

joginder kumar

View all posts

Advertisement