ਦਿੱਲੀ ਯੂਨੀਵਰਸਿਟੀ ਤੋਂ ਐੱਮਸੀਡੀ 4.55 ਲੱਖ ਦੀ ਵਸੂਲੀ ਕਰੇਗੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਕਤੂਬਰ
ਦਿੱਲੀ ਨਗਰ ਨਿਗਮ (ਐੱਮਸੀਡੀ) ਹਾਲ ਹੀ ਵਿੱਚ ਹੋਈਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੌਰਾਨ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਗੈਰ-ਕਾਨੂੰਨੀ ਹੋਰਡਿੰਗਜ਼, ਪੋਸਟਰਾਂ ਤੇ ਬੈਨਰਾਂ ਨੂੰ ਹਟਾਉਣ ਵਿੱਚ ਹੋਏ ਖਰਚੇ ਲਈ ਦਿੱਲੀ ਯੂਨੀਵਰਸਿਟੀ ਤੋਂ 4.55 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਕਰੇਗੀ। ਇੱਕ ਰਿਪੋਰਟ ਅਨੁਸਾਰ ਐੱਮਸੀਡੀ ਨੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਤੋਂ ਇੱਕ ਦਿਨ ਪਹਿਲਾਂ 13 ਸਤੰਬਰ ਤੋਂ 26 ਸਤੰਬਰ ਤੱਕ 11 ਦਿਨਾਂ ਲਈ 37 ਵਰਕਰਾਂ ਅਤੇ ਚਾਰ ਟਰੱਕਾਂ ਦੀ ਇੱਕ ਟੀਮ ਦਿੱਲੀ ਯੂਨੀਵਰਸਿਟੀ ਖੇਤਰ ਵਿੱਚ ਤਾਇਨਾਤ ਕੀਤੀ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਨਗਰ ਨਿਗਮ ਨੇ ਸਫ਼ਾਈ ਲਈ ਟਰੱਕਾਂ ’ਤੇ 1,53,120 ਰੁਪਏ ਅਤੇ ਮਜ਼ਦੂਰਾਂ ’ਤੇ 3,01,994 ਰੁਪਏ ਖਰਚ ਕੀਤੇ। ਅਦਾਲਤ ਨੇ ਪਹਿਲਾਂ ਦਿੱਲੀ ਯੂਨੀਵਰਸਿਟੀ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਜਨਤਕ ਜਾਇਦਾਦਾਂ ’ਤੇ ਬੈਨਰਾਂ ਨੂੰ ਹਟਾਉਣ ਐੱਮਸੀਡੀ, ਸਰਕਾਰੀ ਵਿਭਾਗਾਂ ਅਤੇ ਦਿੱਲੀ ਮੈਟਰੋ ਸਮੇਤ ਵੱਖ-ਵੱਖ ਅਥਾਰਟੀਆਂ ਦੁਆਰਾ ਕੀਤੇ ਗਏ ਖਰਚੇ ਨੂੰ ਸਹਿਣ ਕਰੇ। ਬਦਲੇ ਵਿੱਚ ਜ਼ਿੰਮੇਵਾਰ ਉਮੀਦਵਾਰਾਂ ਤੋਂ ਰਕਮ ਦੀ ਵਸੂਲੀ ਕਰਨ ਦਾ ਅਧਿਕਾਰ ਹੈ। ਮੁੱਖ ਚੋਣ ਅਧਿਕਾਰੀ ਦੇ ਦਫਤਰ ਨੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਕਈ ਨੋਟਿਸ ਜਾਰੀ ਕੀਤੇ ਸਨ। ਉਨ੍ਹਾਂ ਨੂੰ ਪਾਬੰਦੀਸ਼ੁਦਾ ਬੈਨਰ ਅਤੇ ਪੋਸਟਰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਅਤੇ ਸੰਭਾਵੀ ਅਯੋਗ ਕਰਾਰ ਦੇਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ। ਹਾਲਾਂਕਿ ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ ਗਿਆ ਕਿ ਉਹ ਉਮੀਦਵਾਰਾਂ ਤੋਂ ਇਹ ਖਰਚੇ ਕਿਵੇਂ ਵਸੂਲਣ ਦੀ ਯੋਜਨਾ ਬਣਾ ਰਹੀ ਹੈ।