ਸਵੱਛਤਾ ਸਰਵੇਖਣ ਵਿੱਚ ਐੱਮਸੀਡੀ ਫਾਡੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਗਸਤ
ਕੇਂਦਰ ਸਰਕਾਰ ਦੇ ਸਵੱਛਤਾ ਸਰਵੇਖਣ ਦੌਰਾਨ ਦਿੱਲੀ ਨਗਰ ਨਿਗਮ ਦੇ ਤਿੰਨਾਂ ਵਿੰਗਾਂ ਦੀ ਕਾਰਗੁਜ਼ਾਰੀ ਫਾਡੀ ਰਹਿਣ ਮਗਰੋਂ ਵਿਰੋਧੀ ਧਿਰਾਂ ਨੇ ਭਾਜਪਾ ਨੂੰ ਘੇਰਿਆ ਹੈ। ਸਵੱਛਤਾ ਸਰਵੇਖਣ ਦੌਰਾਨ ਉੱਤਰੀ ਦਿੱਲੀ ਨਗਰ ਨਿਗਮ, ਦੱਖਣੀ ਦਿੱਲੀ ਨਗਰ ਨਿਗਮ ਤੇ ਪੂਰਬੀ ਦਿੱਲੀ ਨਗਰ ਨਿਗਮ ਹੇਠਲੀਆਂ ਥਾਵਾਂ ਉਪਰ ਆਇਆ ਹੈ। ਦੱਖਣੀ ਦਿੱਲੀ ਨਿਗਮ ਦਾ ਰੈਂਕ 31ਵਾਂ, ਪੂਰਬੀ ਦਾ 46ਵਾਂ ਤੇ ਉੱਤਰੀ ਦਿੱਲੀ ਨਗਰ ਨਿਗਮ ਦਾ ਰੈਂਕ 43ਵਾਂ ਆਇਆ ਹੈ। ਇਹ ਹਾਲਾਤ ਦੇਸ਼ ਦੇ 47 ਸ਼ਹਿਰਾਂ ਵਿੱਚੋਂ ਹਨ ਜਿਨ੍ਹਾਂ ਦਾ ਸਰਵੇਖਣ ਹੋਇਆ ਸੀ। ਹਾਲਾਂਕਿ ਲੁਟੀਅਨ ਜ਼ੋਨ ਵਾਲੀ ਨਵੀਂ ਦਿੱਲੀ ਨਗਰ ਪਰਿਸ਼ਦ (ਐੱਨਡੀਐੱਮਸੀ) ਵਧੀਆ ਸਾਫ਼ ਰਾਜਧਾਨੀ ਸਨਮਾਨ ਪ੍ਰਾਪਤ ਕੀਤਾ ਜੋ ਬੀਤੇ ਦਿਨੀਂ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਵੰਡੇ ਗਏ ਸਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਨਿਗਮਾਂ ਦੇ ਸਫ਼ਾਈ ਵਿਵਸਥਾ ਢਿੱਲੀ ਰਹਿਣ ਉਪਰ ਨਾਖ਼ੁਸ਼ੀ ਪ੍ਰਗਟਾਈ ਗਈ ਸੀ। ਆਮ ਆਦਮੀ ਪਾਰਟੀ ਵੱਲੋਂ ਸੌਰਭ ਭਾਰਦਵਾਜ ਨੇ ਕਿਹਾ ਕਿ ਪਿਛਲੀਆਂ ਨਗਰ ਨਿਗਮ ਚੋਣਾਂ ਦੌਰਾਨ ਦਿੱਲੀ ਦੀ ਜਨਤਾ ਨੇ ਭਾਜਪਾ ਨੂੰ ਸ਼ਹਿਰ ਦੀ ਸਫ਼ਾਈ ਦੀ ਜ਼ਿੰਮੇਵਾਰੀ ਦਿੱਤੀ ਸੀ ਪਰ ਲੋਕ ਹੁਣ ਉਸ ਦਾ ਖਾਮਿਆਜ਼ਾ ਭੁਗਤ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਦੇ ਜਨਤਕ ਗੁਸਲਖ਼ਾਨੇ ਕੁੱਝ ਦਿਨ ਪਹਿਲਾਂ ਖੋਲ੍ਹੇ ਗਏ ਤੇ ਸਾਫ਼ ਕੀਤੇ ਗਏ। ਫਿਰ ਵੀ ਦੱਖਣੀ ਦਿੱਲੀ ਹੇਠਲੇ ਦਰਜੇ ਤੱਕ ਖਿਸਕ ਗਈ। ਕਾਂਗਰਸੀ ਆਗੂਆਂ ਨੇ ਵੀ ਭਾਜਪਾ ਦੀ ਨਿਗਮਾਂ ਰਾਹੀਂ ਕੌਮੀ ਰਾਜਧਾਨੀ ਦਿੱਲੀ ਦੀ ਸਫ਼ਾਈ ਨਹੀਂ ਕਰਵਾਉਣ ਕਰਕੇ ਨਿੰਦਾ ਕੀਤੀ ਹੈ। ਸੂਬਾ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਭਾਜਪਾ ਨੇ ਦਿੱਲੀ ਦਾ ਬੇੜਾ ਗਰਕ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਗਮਾਂ ਦਾ ਭ੍ਰਿਸ਼ਟਾਚਾਰ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਉਧਰ ਪੂਰਬੀ ਦਿੱਲੀ ਨਗਰ ਨਿਗਮ ਦੇ ਮੇਅਰ ਜੈ ਪ੍ਰਕਾਸ਼ ਨੇ ਕੇਜਰੀਵਾਲ ਸਰਕਾਰ ਸਿਰ ਜ਼ਿੰਮੇਵਾਰੀ ਪਾ ਦਿੱਤੀ ਕਿ ਸੂਬਾ ਸਰਕਾਰ ਨੇ ਸਮੇਂ ਸਿਰ ਫੰਡ ਜਾਰੀ ਨਹੀਂ ਕੀਤੇ।