ਚਿੰਤਪੁਰਨੀ ਕਾਲਜ ਦੇ ਐੱਮਬੀਬੀਐੱਸ ਵਿਦਿਆਰਥੀ ਹੋਰ ਕਾਲਜਾਂ ਵਿੱਚ ਹੋਣਗੇ ਤਬਦੀਲ
ਜਸਵੰਤ ਜੱਸ
ਫਰੀਦਕੋਟ, 3 ਅਕਤੂਬਰ
ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਨੇ ਚਿੰਤਪੁਰਨੀ ਕਾਲਜ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੇ 260 ਵਿਦਿਆਰਥੀਆਂ ਨੂੰ ਪੰਜਾਬ ਦੇ ਹੋਰਨਾਂ ਮੈਡੀਕਲ ਕਾਲਜਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਪਠਾਨਕੋਟ ਦੇ ਚਿੰਤਪੁਰਨੀ ਮੈਡੀਕਲ ਕਾਲਜ ਨੂੰ ਹੁਣ ਵਾਈਟ ਕਾਲਜ ਮੈਡੀਕਲ ਦਾ ਨਾਮ ਦਿੱਤਾ ਗਿਆ ਹੈ। ਸਾਲ 2021 ਅਤੇ 2022 ਵਿੱਚ ਬਾਬਾ ਫਰੀਦ ’ਵਰਸਿਟੀ ਨੇ ਇਸ ਕਾਲਜ ਵਿੱਚ 260 ਵਿਦਿਆਰਥੀਆਂ ਨੂੰ ਐੱਮਬੀਬੀਐਸ ਦੀ ਪੜ੍ਹਾਈ ਲਈ ਇਜਾਜ਼ਤ ਦਿੱਤੀ ਸੀ ਪਰ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਆਪਣੀ ਸਿਫਾਰਿਸ਼ ਵਿੱਚ ਕਿਹਾ ਹੈ ਕਿ ਇਹ ਕਾਲਜ ਐੱਮਬੀਬੀਐਸ ਦੀ ਪੜ੍ਹਾਈ ਦੇ ਯੋਗ ਨਹੀਂ ਹੈ ਅਤੇ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਲਈ ਲੋੜੀਂਦੀਆਂ ਸਹੂਲਤਾਂ ਨਹੀਂ ਹਨ। ਇੱਥੇ ਸਟਾਫ਼ ਦੀ ਵੀ ਘਾਟ ਹੈ। ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੰਜਾਬ ਦੇ ਬਾਕੀ 11 ਮੈਡੀਕਲ ਕਾਲਜਾਂ ਵਿੱਚ ਇਨ੍ਹਾਂ ਵਿਦਿਆਰਥੀਆਂ ਨੂੰ ਤਬਦੀਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਦੀ ਪੜ੍ਹਾਈ ’ਤੇ ਕੋਈ ਅਸਰ ਨਾ ਪਵੇ ਅਤੇ ਨਾ ਹੀ ਇਨ੍ਹਾਂ ਤੋਂ ਵਾਧੂ ਫੀਸਾਂ ਵਸੂਲੀਆਂ ਜਾ ਸਕਣ। ਨੈਸ਼ਨਲ ਮੈਡੀਕਲ ਕੌਂਸਲ ਨੇ ਇਸ ਕਾਲਜ ਨੂੰ ਭਵਿੱਖ ਵਿੱਚ ਵੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਬਾਬਾ ਫਰੀਦ ਯੂਨੀਵਰਸਿਟੀ ਨੇ 2014 ਵਿੱਚ 250 ਵਿਦਿਆਰਥੀਆਂ ਨੂੰ ਇਸ ਕਾਲਜ ਵਿੱਚੋਂ ਬਦਲ ਕੇ ਹੋਰਨਾਂ ਕਾਲਜਾਂ ਵਿੱਚ ਭੇਜ ਦਿੱਤਾ ਸੀ। ਵਾਈਸ ਚਾਂਸਲਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹੋਰ ਕਾਲਜਾਂ ਵਿੱਚ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਦੀ ਮੈਰਿਟ ਅਤੇ ਸਹੂਲਤ ਅਨੁਸਾਰ ਹੀ ਨਵੇਂ ਕਾਲਜਾਂ ਵਿੱਚ ਤਬਦੀਲ ਕੀਤਾ ਜਾਵੇਗਾ।