ਮੇਅਰ ਦੀ ਸਰਕਾਰੀ ਗੱਡੀ ਸਣੇ ਹੋਰ ਦਫ਼ਤਰੀ ਸਹੂਲਤਾਂ ਬੰਦ: ਡੀਸੀ
ਪੱਤਰ ਪ੍ਰੇਰਕ
ਬਠਿੰਡਾ, 17 ਨਵੰਬਰ
ਇਥੋਂ ਦੇ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਦੀ ਕੁਰਸੀ ਖੁੱਸਦੇ ਹੀ ਮੇਅਰ ਨੂੰ ਮਿਲੀ ਸਰਕਾਰੀ ਗੱਡੀ ਸਮੇਤ ਹੋਰ ਦਫ਼ਤਰੀ ਸਹੂਲਤਾਂ ਬੰਦ ਹੋ ਗਈਆਂ ਹਨ। ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਅੱਜ ਐਫ.ਐਂਡ.ਸੀ.ਸੀ ਦੀ ਮੀਟਿੰਗ ਹੋਈ ਜਿਸ ਵਿਚ ਤਤਕਾਲੀ ਮੇਅਰ ਨਹੀਂ ਪੁੱਜੇ। ਇਸ ਦੌਰਾਨ 18 ਕਰੋੜ ਦੇ ਏਜੰਡੇ ਪਾਸ ਕੀਤੇ ਗਏ। ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਤਤਕਾਲੀ ਮੇਅਰ ਰਮਨ ਗੋਇਲ ਨੂੰ ਇਸ ਮੀਟਿੰਗ ਵਿਚ ਜ਼ਰੂਰ ਸ਼ਾਮਿਲ ਹੋ ਕੇ ਆਪਣੇ ਖ਼ਿਲਾਫ਼ ਹੋਏ ਬੇਭਰੋਸਗੀ ਦੇ ਫ਼ਤਵੇ ਦਾ ਸਾਹਮਣਾ ਕਰਨਾ ਚਾਹੀਦਾ ਸੀ। ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਮੇਅਰ ਦੇ ਸਸਪੈਂਡ ਹੋਣ ਤੋਂ ਬਾਅਦ ਮੇਅਰ ਦੀ ਗ਼ੈਰਹਾਜ਼ਰੀ ਵਿਚ ਸੀਨੀਅਰ ਡਿਪਟੀ ਮੇਅਰ ਵੱਲੋਂ ਇੱਕ ਵਾਰ ਆਰਜ਼ੀ ਤੌਰ ’ਤੇ ਮੀਟਿੰਗ ਦੀ ਅਗਵਾਈ ਕੀਤੀ ਗਈ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਮੇਅਰ ਖ਼ਿਲਾਫ਼ ਬੇਭਰੋਸਗੀ ਦਾ ਮਤਾ ਨਿਗਮ ਐਕਟ 1976 ਦੀ ਧਾਰਾ 39 ਮੁਤਾਬਿਕ ਬਿਲਕੁਲ ਸਹੀ ਪਾਸ ਹੋਇਆ ਹੈ। ਇਸ ਬਾਰੇ ਕਾਨੂੰਨ ਮੁਤਾਬਿਕ ਕਾਰਵਾਈ ਕਰਦੇ ਹੋਏ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਜਾਣੂ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਮੇਅਰ ਖ਼ਿਲਾਫ਼ ਪਾਸ ਹੋਏ ਬੇਭਰੋਸਗੀ ਦੇ ਮਤੇ ਤੋਂ ਬਾਅਦ ਮੇਅਰ ਰਮਨ ਗੋਇਲ ਹੁਣ ਸਿਰਫ਼ ਕੌਂਸਲਰ ਹਨ, ਜਿਸ ਕਾਰਨ ਮੇਅਰ ਹੁਣ ਮੇਅਰ ਪਦ ਵਾਲੀ ਕੋਈ ਸਹੂਲਤ ਨਹੀਂ ਵਰਤ ਸਕਦੇ। ਸੂਤਰਾਂ ਮੁਤਾਬਕ ਹਾਲੇ ਤੱਕ ਤਤਕਾਲੀ ਮੇਅਰ ਵੱਲੋਂ ਦਫਤਰ ਦੀ ਗੱਡੀ ਵਾਪਸ ਨਹੀਂ ਕੀਤੀ ਗਈ।