ਮੇਅਰ ਦੀ ਚੋਣ: ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨਾਲ ਭਾਜਪਾ ਦੀ ਜੁਮਲੇਬਾਜ਼ੀ ਸਾਹਮਣੇ ਆਈ: ਕਟਾਰੂਚੱਕ
ਐੱਨ ਪੀ ਧਵਨ
ਪਠਾਨਕੋਟ, 8 ਫਰਵਰੀ
‘ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਵਿੱਚ ਮਤ-ਪੱਤਰਾਂ ਨਾਲ ਰਿਟਰਨਿੰਗ ਅਧਿਕਾਰੀ ਵੱਲੋਂ ਛੇੜ-ਛਾੜ ਕਰਨ ਬਾਰੇ ਦੇਸ਼ ਦੀ ਸਰਵ-ਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਗੰਭੀਰ ਨੋਟਿਸ ਲੈਣ ਤੋਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਜੁਮਲੇਬਾਜ਼ੀਆਂ ਸਾਹਮਣੇ ਆ ਗਈਆਂ ਹਨ।’ ਇਹ ਪ੍ਰਗਟਾਵਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਪੰਜਾਬੀ ਟ੍ਰਿਬਿਊਨ ਵੱਲੋਂ ਉਨ੍ਹਾਂ ਨੂੰ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕੀਤਾ। ਉਹ ਅੱਜ ਸਰਮੋਲਾਹੜੀ, ਜਕਰੋਰ, ਨਾਜੋਚੱਕ ਅਤੇ ਨਗਰੋਟਾ ਪਿੰਡਾਂ ਵਿੱਚ ਲਾਏ ਗਏ ਸੁਵਿਧਾ ਕੈਂਪਾਂ ਦਾ ਦੌਰਾ ਕਰਨ ਲਈ ਪੁੱਜੇ ਹੋਏ ਸਨ। ਉਨ੍ਹਾਂ ਸਪੱਸ਼ਟ ਕਿਹਾ ਕਿ ਮਹਿਜ਼ 36 ਵੋਟਾਂ ਵਿੱਚ ਹੀ ਭਾਜਪਾ ਸਰਕਾਰ ਜਾਅਲਸਾਜ਼ੀ ਉਪਰ ਉਤਰ ਆਈ ਜਿਸ ਨੂੰ ਦੇਸ਼ ਦੇ ਲੋਕਾਂ ਨੇ ਚੰਗਾ ਨਹੀਂ ਸਮਝਿਆ।
ਉਨ੍ਹਾਂ ਇਸ ਗੱਲ ਉਪਰ ਵੀ ਕਿੰਤੂ ਕੀਤਾ ਕਿ ਅੱਜ ਕੇਂਦਰ ਸਰਕਾਰ ਵਿਰੋਧੀਆਂ ਦੀ ਆਵਾਜ਼ ਨੂੰ ਕੁਚਲਣ ਲਈ ਉਨ੍ਹਾਂ ਉਪਰ ਈਡੀ, ਇਨਕਮ ਟੈਕਸ ਆਦਿ ਏਜੰਸੀਆਂ ਦੇ ਛਾਪੇ ਮਰਵਾ ਰਹੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਅੱਜ ਸੁਪਰੀਮ ਕੋਰਟ ਦੇ ਅਜਿਹੇ ਫੈਸਲਿਆਂ ਕਾਰਨ ਹੀ ਲੋਕਤੰਤਰ ਜ਼ਿੰਦਾ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਉੱਥੇ ਤਾਇਨਾਤ ਸਟਾਫ ਨੂੰ ਸਖ਼ਤੀ ਨਾਲ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਕਿਸਮ ਦੀ ਟਾਲਮਟੋਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੈਂਪਾਂ ਵਿੱਚ ਆਉਣ ਵਾਲੇ ਸ਼ਿਕਾਇਤਕਰਤਾਵਾਂ ਨੂੰ ਲੋੜੀਂਦੇ ਸਰਟੀਫਿਕੇਟ ਤੁਰੰਤ ਬਣਾ ਕੇ ਦਿੱਤੇ ਜਾਣ। ਇੱਕ ਬਜ਼ੁਰਗ ਮਹਿਲਾ ਵੱਲੋਂ 20 ਹਜ਼ਾਰ ਰੁਪਏ ਤੋਂ ਵੱਧ ਦਾ ਆਇਆ ਬਿਜਲੀ ਬਿੱਲ ਮੰਤਰੀ ਨੂੰ ਦਿਖਾਉਣ ’ਤੇ ਕੈਬਨਿਟ ਮੰਤਰੀ ਨੇ ਉਸ ਦੀ ਸ਼ਿਕਾਇਤ ਦਾ ਤੁਰੰਤ ਨਿਵਾਰਨ ਕੀਤਾ ਤਾਂ ਬਜ਼ੁਰਗ ਮਹਿਲਾ ਫੁੱਲੀ ਨਾ ਦਿਖਾਈ ਦਿੱਤੀ। ਇਸੇ ਤਰ੍ਹਾਂ ਹੋਰ ਵੀ ਸ਼ਿਕਾਇਤਕਰਤਾ ਸੰਤੁਸ਼ਟ ਨਜ਼ਰ ਆਏ।