For the best experience, open
https://m.punjabitribuneonline.com
on your mobile browser.
Advertisement

ਮੇਅਰ ਚੋਣ: ਭਾਜਪਾ ਦੀ ਜੋੜ-ਤੋੜ ਨੀਤੀ ਕਾਰਨ ਵਿਰੋਧੀ ਧਿਰਾਂ ਬੇਚੈਨ

07:43 AM Jan 12, 2024 IST
ਮੇਅਰ ਚੋਣ  ਭਾਜਪਾ ਦੀ ਜੋੜ ਤੋੜ ਨੀਤੀ ਕਾਰਨ ਵਿਰੋਧੀ ਧਿਰਾਂ ਬੇਚੈਨ
ਕਾਂਗਰਸ ਦਫ਼ਤਰ ਵਿੱਚ ਸੰਬੋਧਨ ਕਰਦੇ ਹੋਏ ਰਾਜੀਵ ਸ਼ੁਕਲਾ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 11 ਜਨਵਰੀ
ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਦੀ ਚੋਣ ਤੋਂ ਪਹਿਲਾਂ ਸਿਆਸੀ ਮਾਹੌਲ ਗਰਮਾ ਗਿਆ ਹੈ। ਬੀਤੇ ਦਿਨ ਹਾਕਮ ਧਿਰ ਭਾਜਪਾ ਵੱਲੋਂ ਆਮ ਆਦਮੀ ਪਾਰਟੀ ’ਚ ਸੇਂਧਮਾਰੀ ਕਰਕੇ ਇਕ ਕੌਂਸਲਰ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਵਿਰੋਧੀ ਪਾਰਟੀਆਂ ‘ਆਪ’ ਤੇ ਕਾਂਗਰਸ ਬੇਚੈਨ ਹੋ ਗਈਆਂ ਹਨ। ਇਨ੍ਹਾਂ ਵੱਲੋਂ ਆਪੋ-ਆਪਣੀ ਪਾਰਟੀ ਦੇ ਕੌਸਲਰਾਂ ਦੀ ਸੰਭਾਲ ਲਈ ਚੌਕਸੀ ਵਰਤੀ ਜਾ ਰਹੀ ਹੈ, ਜਿਸ ਨਾਲ ਦੂਜੀ ਪਾਰਟੀ ਜਾਂ ਕੋਈ ਵੀ ਆਮ ਵਿਅਕਤੀ ਉਨ੍ਹਾਂ ਦੀ ਪਾਰਟੀ ਦੇ ਕੌਂਸਲਰਾਂ ਨਾਲ ਸੰਪਰਕ ਨਾ ਕਰ ਸਕੇ।
‘ਆਪ’ ਦੇ ਇੱਕ ਕੌਂਸਲਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਪਾਰਟੀ ਨੇ ਆਪਣੇ 12 ਕੌਂਸਲਰਾਂ ਨੂੰ ਅੱਜ ਦੁਪਹਿਰ ਸਮੇਂ ਸ਼ਹਿਰ ਤੋਂ ਬਾਹਰ ਇੱਕ ਥਾਂ ’ਤੇ ਪਹੁੰਚਾ ਦਿੱਤਾ ਹੈ, ਤਾਂ ਜੋ ਭਾਜਪਾ ਜਾਂ ਕੋਈ ਹੋਰ ਸਿਆਸੀ ਧਰ ਕੌਂਸਲਰਾਂ ਨਾਲ ਸੰਪਰਕ ਨਾ ਕਰ ਸਕੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ‘ਆਪ’ ਨੇ ਚੰਡੀਗੜ੍ਹ ਨਾਲ ਸਬੰਧਿਤ ਸਾਰੇ ਕੌਂਸਲਰਾਂ ਨੂੰ ਰੋਪੜ ਦੇ ਨਜ਼ਦੀਕ ਰਿਜ਼ੌਰਟ ਵਿੱਚ ਰੱਖਿਆ ਗਿਆ ਹੈ। ਉੱਧਰ, ‘ਆਪ’ ਦੇ ਸਾਰੇ ਕੌਂਸਲਰਾਂ ਦੇ ਮੋਬਾਈਲ ਫੋਨ ਵੀ ਬੰਦ ਕਰਵਾ ਦਿੱਤੇ ਹਨ।
ਦੂਜੇ ਪਾਸੇ, ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਸੱਤ ਕੌਂਸਲਰਾਂ ਨੂੰ ਪਾਰਟੀ ਲਈ ਵਫ਼ਾਦਾਰੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਅੱਜ ਕਾਂਗਰਸੀ ਕੌਂਸਲਰਾਂ ਨੇ ਚੰਡੀਗੜ੍ਹ ਕਾਂਗਰਸ ਦੇ ਨਵੇਂ ਇੰਚਾਰਜ ਰਾਜੀਵ ਸ਼ੁਕਲਾ ਨਾਲ ਚੰਡੀਗੜ੍ਹ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ ਸਾਰੇ ਕੌਂਸਲਰਾਂ ਸਮੇਤ ਹੋਰਨਾਂ ਕਾਂਗਰਸੀ ਆਗੂਆਂ ਨੂੰ ਪਾਰਟੀ ਲਈ ਜ਼ਿੰਦ-ਜਾਨ ਇੱਕ ਕਰਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਹਾਲਾਂਕਿ, ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਕੌਂਸਲਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਚੰਡੀਗੜ੍ਹ ਨਗਰ ਨਿਗਮ ਵਿੱਚ 15 ਕੌਂਸਲਰਾਂ ਨਾਲ ਭਾਜਪਾ ਸਭ ਤੋਂ ਵੱਧ ਮਜ਼ਬੂਤ ਹੈ, ਪਰ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦੇ ਨਜ਼ਦੀਕ ਆਉਣ ਨਾਲ ਭਾਜਪਾ ਵੱਲੋਂ ਵੀ ਚੌਕਸੀ ਵਰਤੀ ਜਾ ਰਹੀ ਹੈ। ਭਾਜਪਾ ਵੀ ਆਪਣੇ ਸਾਰੇ 15 ਕੌਂਸਲਰਾਂ ’ਤੇ ਹਰ ਸਮੇਂ ਨਜ਼ਰ ਰੱਖ ਰਹੀ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ 18 ਜਨਵਰੀ ਨੂੰ ਹੋਵੇਗੀ।

Advertisement

ਆਪ’ ਨਾਲ ਗੱਠਜੋੜ ਬਾਰੇ ਛੇਤੀ ਲਵਾਂਗੇ ਫ਼ੈਸਲਾ: ਸ਼ੁਕਲਾ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਚੰਡੀਗੜ੍ਹ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਰਾਜੀਵ ਸ਼ੁਕਲਾ ਨੇ ਅੱਜ ਕਿਹਾ ਕਿ ਨਗਰ ਨਿਗਮ ਵਿੱਚ ਮੇਅਰ ਦੀ ਚੋਣ ਵਿੱਚ ਕਾਂਗਰਸ ਵੱਲੋਂ ‘ਆਪ’ ਨਾਲ ਗੱਠਜੋੜ ਕਰਨ ਬਾਰੇ ਫ਼ੈਸਲਾ ਛੇਤੀ ਲਿਆ ਜਾਵੇਗਾ। ਉਹ ਅੱਜ ਚੰਡੀਗੜ੍ਹ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ’ਚ ਉਮੀਦਵਾਰ ਦਾ ਫ਼ੈਸਲਾ ਵੀ ਹਾਈ ਕਮਾਂਡ ਵੱਲੋਂ ਜਲਦ ਕੀਤਾ ਜਾਵੇਗਾ। ਕਾਂਗਰਸ ਦਾ ਚੰਡੀਗੜ੍ਹ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਮਗਰੋਂ ਰਾਜੀਵ ਸ਼ੁਕਲਾ ਪਹਿਲੀ ਵਾਰ ਕੇਂਦਰੀ ਸ਼ਾਸਿਤ ਪ੍ਰਦੇਸ਼ ਪਹੁੰਚੇ। ਸੈਕਟਰ-35 ਵਿੱਚ ਸਥਿਤ ਚੰਡੀਗੜ੍ਹ ਕਾਂਗਰਸ ਦੇ ਦਫ਼ਤਰ ਵਿੱਚ ਪਹੁੰਚੇ ’ਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਦੀ ਅਗਵਾਈ ਹੇਠ ਸਮੂਹ ਕਾਂਗਰਸੀਆਂ ਨੇ ਸ਼ੁਕਲਾ ਦਾ ਸਵਾਗਤ ਕੀਤਾ। ਇਸ ਮੌਕੇ ਕਾਂਗਰਸ ਦੇ ਕੌਮੀ ਸਕੱਤਰ ਤਜਿੰਦਰ ਸਿੰਘ ਬਿੱਟੂ ਵੀ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement