ਮੇਅਰ ਦੀ ਚੋਣ: ਕਾਂਗਰਸ ਤੇ ‘ਆਪ’ ਨੇ ਭਾਜਪਾ ਖ਼ਿਲਾਫ਼ ਮੋਰਚਾ ਖੋਲ੍ਹਿਆ
ਮੁਕੇਸ਼ ਕੁਮਾਰ
ਚੰਡੀਗੜ੍ਹ, 19 ਜਨਵਰੀ
ਕੜਾਕੇ ਦੀ ਠੰਢ ਦੌਰਾਨ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਸ਼ਹਿਰ ਦੀ ਸਿਆਸਤ ਗਰਮਾਈ ਹੋਈ ਹੈ। ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨੇ ਭਾਜਪਾ ’ਤੇ ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ ਕਰਨ ਦਾ ਦੋਸ਼ ਲਾਉਂਦਿਆਂ ਇਸ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਇਤਿਹਾਸ ਵਿੱਚ ਸਭ ਤੋਂ ਕਾਲਾ ਦਿਨ ਕਰਾਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਹਾਰ ਯਕੀਨੀ ਹੈ ਪਰ ਉਹ ਸੱਚਾਈ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹੈ। ਦੋਵਾਂ ਪਾਰਟੀਆਂ ਦੇ ਆਗੂਆਂ ਦੀ ‘ਆਪ’ ਦੇ ਦਫ਼ਤਰ ਵਿੱਚ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ‘ਆਪ’ ਚੰਡੀਗੜ੍ਹ ਦੇ ਸਹਾਇਕ ਇੰਚਾਰਜ ਡਾ. ਸੰਨੀ ਆਹਲੂਵਾਲੀਆ ਨੇ ਕਿਹਾ ਕਿ ਭਾਜਪਾ ਚੰਡੀਗੜ੍ਹ ਵਿੱਚ ਲੋਕਤੰਤਰ ਦਾ ਕਤਲ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਚੰਡੀਗੜ੍ਹ ਕਾਂਗਰਸ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ, ਕਾਂਗਰਸੀ ਐੱਮਸੀ ਗੁਰਬਖਸ਼ ਰਾਵਤ ਅਤੇ ‘ਆਪ’ ਐੱਮਸੀ ਦਮਨਪ੍ਰੀਤ ਸਿੰਘ ਬਾਦਲ ਵੀ ਮੌਜੂਦ ਸਨ।
ਡਾ. ਆਹਲੂਵਾਲੀਆ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ 18 ਜਨਵਰੀ ਨੂੰ ਚੋਣ ਕਰਵਾਈ ਜਾਣੀ ਸੀ ਪਰ ਜਦੋਂ ਸਾਡੇ ਕੌਂਸਲਰ ਭਵਨ ਪੁੱਜੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਚੋਣ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ‘ਆਪ’ ਅਤੇ ਕਾਂਗਰਸ ਮਿਲ ਕੇ ਇਹ ਚੋਣਾਂ ਲੜ ਰਹੀਆਂ ਹਨ ਤਾਂ ਭਾਜਪਾ ਕੋਲ ਮੇਅਰ ਦੇ ਅਹੁਦੇ ’ਤੇ ਕੋਈ ਮੌਕਾ ਨਹੀਂ ਹੈ। ਇਸ ਲਈ ਉਨ੍ਹਾਂ ਨੇ ਆਪਣੀ ਤਾਕਤ ਦੇ ਬਲਬੂਤੇ ਚੋਣ ਮੁਲਤਵੀ ਕਰਵਾਈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਮੇਅਰ ਦੀ ਚੋਣ ਲਈ ‘ਆਪ’ ਤੇ ਕਾਂਗਰਸ ਦੇ ਗੱਠਜੋੜ ਤੋਂ ਡਰੀ ਹੋਈ ਹੈ। ਡਾ. ਆਹਲੂਵਾਲੀਆ ਨੇ ਕਿਹਾ ਕਿ ਜੇਕਰ ਕੋਈ ਚੋਣ ਸਿਰਫ਼ ਇਸ ਲਈ ਮੁਲਤਵੀ ਕਰ ਦਿੱਤੀ ਜਾਂਦੀ ਹੈ ਕਿ ਭਾਜਪਾ ਚੋਣ ਹਾਰ ਰਹੀ ਹੈ ਅਤੇ ਅਧਿਕਾਰੀ ਬਿਮਾਰ ਹੋ ਰਹੇ ਹਨ ਤਾਂ ਇਹ ਸਾਡੇ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਹੈ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਭਾਜਪਾ ਕਾਲਾ ਇਤਿਹਾਸ ਲਿਖ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਰਲ ਕੇ ਇਸ ਚੋਣ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਵਿੱਚ ਉਹ ਕਾਮਯਾਬ ਨਹੀਂ ਹੋਣਗੇ।
ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਬਬਲਾ
ਉੱਧਰ, ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਆਪ-ਕਾਂਗਰਸ ਪਾਰਟੀ ਮੇਅਰ ਦੀ ਚੋਣ ਨੂੰ ਲੈ ਕੇ ਸਿਆਸਤ ਕਰ ਰਹੀ ਹੈ ਅਤੇ ਉਸ ਬਾਰੇ ਗ਼ਲਤ ਬਿਆਨਬਾਜ਼ੀ ਕਰ ਰਹੀ ਹੈ। ਚੰਡੀਗੜ੍ਹ ਭਾਜਪਾ ਦੇ ਮੀਤ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਮੇਅਰ ਦੀ ਚੋਣ ਨੂੰ ਲੈ ਕੇ ਤਾਇਨਾਤ ਰਿਟਰਨਿੰਗ ਅਧਿਕਾਰੀ ਦੇ ਬਿਮਾਰ ਹੋਣ ਵਿੱਚ ਭਾਜਪਾ ਦਾ ਕੀ ਹੱਥ ਹੈ। ਉਨ੍ਹਾਂ ਕਿਹਾ ਕਿ ਦੋਵੇ ਪਾਰਟੀਆਂ ਕੋਰੀ ਸਿਆਸਤ ਕਰ ਰਹੀਆਂ ਹਨ ਅਤੇ ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੁਲਦੀਪ ਟੀਟਾ ਵੱਲੋਂ ਮੁੜ ਹਾਈ ਕੋਰਟ ਦਾ ਰੁਖ਼
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਸ਼ਹਿਰ ਦੇ ਮੇਅਰ ਦੀ ਚੋਣ ਸਬੰਧੀ ਜਾਰੀ ਵਿਵਾਦ ਅੱਜ ਮੁੜ ਹਾਈਕੋਰਟ ਵਿੱਚ ਪਹੁੰਚ ਗਿਆ ਹੈ। ਇਸ ਮਾਮਲੇ ਵਿੱਚ ‘ਆਪ’ ਅਤੇ ਕਾਂਗਰਸ ਗਠਜੋੜ ਦੇ ਮੇਅਰ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਵੱਲੋਂ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਦੇ 18 ਜਨਵਰੀ ਨੂੰ ਹੋਣ ਵਾਲੀਆਂ ਮੇਅਰ, ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀਆਂ ਚੋਣਾਂ 6 ਫਰਵਰੀ ਤੱਕ ਮੁਅੱਤਲੀ ਕੀਤੇ ਜਾਣ ਦੇ ਹੁਕਮਾਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ। ਉਨ੍ਹਾਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਚੋਣਾਂ ਪਹਿਲ ਦੇ ਆਧਾਰ ’ਤੇ ਕਰਵਾਈਆਂ ਜਾਣ। ਕੁਲਦੀਪ ਕੁਮਾਰ ਟੀਟਾ ਦੇ ਵਕੀਲ ਫੈਰੀ ਸੋਫਟ ਨੇ ਹਾਈ ਕੋਰਟ ਨੂੰ ਕੇਸ ਦੀ ਸੁਣਵਾਈ ਅੱਜ ਹੀ ਕਰਨ ਦੀ ਅਪੀਲ ਕੀਤੀ। ਇਸ ਮੰਗ ਨੂੰ ਰੱਦ ਕਰਦਿਆਂ ਹਾਈਕੋਰਟ ਨੇ ਸੁਣਵਾਈ ਭਲਕੇ ਸ਼ਨਿੱਚਰਵਾਰ ਲਈ ਤੈਅ ਕੀਤੀ ਹੈ। ਉਧਰ, ਮੇਅਰ ਦੀਆਂ ਚੋਣਾਂ ਨੂੰ ਮੁਲਤਵੀ ਕਰਨ ਖ਼ਿਲਾਫ਼ ਵੀਰਵਾਰ ਨੂੰ ਦਾਇਰ ਪਟੀਸ਼ਨ ’ਤੇ ਵੀ 23 ਜਨਵਰੀ ਨੂੰ ਸੁਣਵਾਈ ਹੋਣੀ ਹੈ। ਦੱਸਣਯੋਗ ਹੈ ਕਿ ਵੀਰਵਾਰ 18 ਜਨਵਰੀ ਨੂੰ ਮੇਅਰ ਦੀ ਚੋਣ ਨੂੰ ਲੈ ਕੇ ਵੋਟਿੰਗ ਤੋਂ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਵੋਟਿੰਗ ਸਵੇਰੇ 11 ਵਜੇ ਸ਼ੁਰੂ ਹੋਣੀ ਸੀ ਪਰ ਅੱਧਾ ਘੰਟਾ ਪਹਿਲਾਂ ਹੀ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਦੀ ਸਿਹਤ ਖ਼ਰਾਬ ਹੋ ਗਈ ਹੈ। ਮੇਅਰ ਦੇ ਅਹੁਦੇ ਲਈ ਗੱਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਅਤੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਵਿਚਕਾਰ ਮੁਕਾਬਲਾ ਹੈ।
ਹਾਊਸ ਦੀ ਮੀਟਿੰਗ 23 ਨੂੰ ਸੱਦੀ
ਮੇਅਰ ਦੀ ਚੋਣ ਨੂੰ ਲੈ ਕੇ ਚੱਲ ਰਹੀ ਸਿਆਸਤ ਦਰਮਿਆਨ ਇੱਕ ਹੋਰ ਚਰਚਾ ਹੈ ਕਿ ਮੇਅਰ ਅਨੂਪ ਗੁਪਤਾ ਨੇ 23 ਜਨਵਰੀ ਨੂੰ ਨਗਰ ਨਿਗਮ ਹਾਊਸ ਦੀ ਮੀਟਿੰਗ ਬੁਲਾਈ ਹੈ, ਜਿਸ ਵਿੱਚ ਨਿਗਮ ਦੇ ਸਾਰੇ ਕੌਂਸਲਰਾਂ ਨੂੰ ਸੱਦਿਆ ਗਿਆ ਹੈ। ਉਧਰ, ਦੂਜੇ ਪਾਸੇ ਸ਼ਹਿਰ ਦੀ ਮੇਅਰ ਚੋਣ ਸਬੰਧੀ ਰੋਕ ਦੇ ਮਾਮਲੇ ਨੂੰ ਲੈਕੇ ਹਾਈਕੋਰਟ ਵਿੱਚ ਵੀ 23 ਜਨਵਰੀ ਤਰੀਕ ਨੂੰ ਹੀ ਸੁਣਵਾਈ ਹੋਣੀ ਹੈ।
ਭਾਜਪਾ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਡੀਕ
ਚੰਡੀਗੜ੍ਹ ਨਗਰ ਨਿਗਮ ਦੇ ਨਾਮਜ਼ਦ ਕੌਂਸਲਰਾਂ ਨੂੰ ਵੋਟ ਦੇ ਅਧਿਕਾਰ ਸਬੰਧੀ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਮਾਮਲੇ ਦੀ ਸੁਣਵਾਈ ਜਲਦੀ ਹੋ ਸਕਦੀ ਹੈ। ਜੇਕਰ ਨਾਮਜ਼ਦ ਕੌਂਸਲਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਜਾਂਦਾ ਹੈ ਤਾਂ 9 ਕੌਂਸਲਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਹੋਵੇਗੀ। ਇਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਹੋਵੇਗਾ। ਉਨ੍ਹਾਂ ਦੀਆਂ ਵੋਟਾਂ ਦੀ ਗਿਣਤੀ 15 ਤੋਂ ਵਧ ਕੇ 24 ਹੋ ਸਕਦੀ ਹੈ ਜਦੋਂਕਿ ‘ਆਪ’ ਤੇ ਕਾਂਗਰਸ ਦੀਆਂ 20-20 ਵੋਟਾਂ ਹਨ।