ਸੁਪਰੀਮ ਕੋਰਟ ’ਚ ਸੁਣਵਾਈ ਤੋਂ ਪਹਿਲਾਂ ਮੇਅਰ ਸੋਨਕਰ ਨੇ ਦਿੱਤਾ ਅਸਤੀਫ਼ਾ
ਮੁਕੇਸ਼ ਕੁਮਾਰ
ਚੰਡੀਗੜ੍ਹ, 18 ਫਰਵਰੀ
ਚੰਡੀਗੜ੍ਹ ’ਚ ਮੇਅਰ ਚੋਣਾਂ ਦੇ ਵਿਵਾਦ ਦਰਮਿਆਨ ਸਿਆਸਤ ਆਪਣੇ ਸਿਖ਼ਰਾਂ ’ਤੇ ਹੈ। ਮੇਅਰ ਦੀ ਚੋਣ ਸਬੰਧੀ ਭਲਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਸ਼ਹਿਰ ਦੇ ਨਵੇਂ ਚੁਣੇ ਮੇਅਰ ਮਨੋਜ ਸੋਨਕਰ ਨੇ ਐਤਵਾਰ ਦੇਰ ਰਾਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਧਰ, ਦੂਜੇ ਪਾਸੇ ਜਿੱਥੇ ਮੇਅਰ ਦੀ ਚੋਣ ਤੋਂ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੋਈ ਹੈ, ਉੱਥੇ ‘ਆਪ’ ਦੇ ਹੀ ਤਿੰਨ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ‘ਆਪ’ ਦੇ ਕੌਂਸਲਰਾਂ ਪੂਨਮ ਦੇਵੀ, ਨੇਹਾ ਮੁਸਾਵਤ ਅਤੇ ਗੁਰਚਰਨਜੀਤ ਸਿੰਘ ਕਾਲਾ ਨੇ ਦਿੱਲੀ ਵਿੱਚ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਦੀ ਸਰਪ੍ਰਸਤੀ ਹੇਠ ਭਾਜਪਾ ਦਾ ਲੜ ਫੜ ਲਿਆ ਹੈ। ਦੱਸਣਯੋਗ ਹੈ ਕਿ ‘ਆਪ’ ਦੇ ਇਹ ਤਿੰਨੇ ਕੌਂਸਲਰ ਪਿਛਲੇ ਦਿਨ ਤੋਂ ਹੀ ‘ਆਪ’ ਦੀ ਲੀਡਰਸ਼ਿਪ ਦੇ ਸੰਪਰਕ ਵਿੱਚ ਨਹੀਂ ਸਨ ਅਤੇ ਇਹ ਪਹਿਲਾਂ ਹੀ ਚਰਚਾ ਵਿੱਚ ਸੀ ਕਿ ਇਹ ਤਿੰਨੇ ਕੌਂਸਲਰ ਭਾਜਪਾ ਦੇ ਸੰਪਰਕ ਵਿੱਚ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਜਾਣਕਾਰੀ ਅਨੁਸਾਰ ਮੇਅਰ ਚੋਣਾਂ ਨੂੰ ਲੈ ਕੇ ਸੋਮਵਾਰ 19 ਫਰਵਰੀ ਨੂੰ ਸੁਪਰੀਮ ਕੋਰਟ ’ਚ ਹੋਣ ਵਾਲੀ ਅਹਿਮ ਸੁਣਵਾਈ ਤੋਂ ਪਹਿਲਾਂ ਭਾਜਪਾ ਨਗਰ ਨਿਗਮ ਵਿੱਚ ਆਪਣੇ ਪਲੜੇ ਨੂੰ ਮਜ਼ਬੂਤ ਕਰਨ ’ਚ ਲੱਗੀ ਹੋਈ ਹੈ। ਹੁਣ ‘ਆਪ’ ਕੌਂਸਲਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਿਗਮ ਸਦਨ ਵਿੱਚ ਭਾਜਪਾ ਦਾ ਪਲੜਾ ਭਾਰੀ ਹੋ ਜਾਵੇਗਾ ਅਤੇ ਇਸ ਦੌਰਾਨ ਜੇ ਸੁਪਰੀਮ ਕੋਰਟ ਵਿੱਚ ਭਲਕੇ ਸੁਣਵਾਈ ਦੌਰਾਨ ਅਦਾਲਤ ਮੁੜ ਮੇਅਰ ਦੀ ਚੋਣ ਦੇ ਹੁਕਮ ਜਾਰੀ ਕਰਦੀ ਹੈ ਤਾਂ ਭਾਜਪਾ ਦੀ ਜਿੱਤ ਲਗਪਗ ਤੈਅ ਹੈ। ‘ਆਪ’ ਕੌਂਸਲਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਲਈ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਨੂੰ ਗੇਮ ਚੇਂਜਰ ਦੱਸਿਆ ਜਾ ਰਿਹਾ ਹੈ।
ਉਧਰ, ਭਾਜਪਾ ਦੇ ਮਨੋਜ ਸੋਨਕਰ ਨੇ ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤਰ੍ਹਾਂ ਭਾਜਪਾ ਖ਼ੁਦ ਹੀ ਮੇਅਰ ਚੋਣਾਂ ਦੁਬਾਰਾ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਸੁਪਰੀਮ ਕੋਰਟ ਦੀ ਕਾਰਵਾਈ ਦੇ ਨਤੀਜਿਆਂ ਤੋਂ ਬਚ ਸਕੇ। ‘ਆਪ’ ਦੇ ਤਿੰਨ ਕੌਂਸਲਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਗਰ ਨਿਗਮ ਵਿੱਚ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਹਨ। ਭਾਜਪਾ ਕੋਲ ਪਹਿਲਾਂ ਹੀ ਪਾਰਟੀ ਦੇ 14 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਸਣੇ 15 ਵੋਟਾਂ ਸਨ ਅਤੇ ਹੁਣ ‘ਆਪ’ ਦੇ ਤਿੰਨ ਕੌਸਲਰਾਂ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਇਹ ਗਿਣਤੀ 18 ਹੋ ਜਾਵੇਗੀ। ਜੇ ਅਕਾਲੀ ਦਲ ਦੀ ਵੋਟ ਮਿਲਦੀ ਹੈ ਤਾਂ ਇਹ ਗਿਣਤੀ 19 ਹੋ ਜਾਵੇਗੀ। ਇਸ ਤਰ੍ਹਾਂ ਜੇ ਸੁਪਰੀਮ ਕੋਰਟ ਨੇ ਮੇਅਰ ਚੋਣਾਂ ਦੁਬਾਰਾ ਕਰਵਾਉਣ ਦਾ ਫ਼ੈਸਲਾ ਕੀਤਾ ਤਾਂ ਭਾਜਪਾ ਪੂਰੇ ਬਹੁਮਤ ਨਾਲ ਆਪਣੇ ਮੇਅਰ ਬਣਾ ਸਕਦੀ ਹੈ। ਇਸ ਸਾਲ ਚੰਡੀਗੜ੍ਹ ਦੇ ਮੇਅਰ ਦੀ ਕੁਰਸੀ ਅਨੁਸੂਚਿਤ ਜਾਤੀ ਲਈ ਰਾਖਵੀਂ ਹੈ। ਸੂਤਰਾਂ ਮੁਤਾਬਕ ਭਾਜਪਾ ਤਿਆਰੀ ਕਰ ਰਹੀ ਹੈ ਕਿ ਮੇਅਰ ਮਨੋਜ ਸੋਨਕਰ ਦੇ ਅਸਤੀਫ਼ੇ ਤੋਂ ਬਾਅਦ ‘ਆਪ’ ਛੱਡ ਕੇ ਪਾਰਟੀ ’ਚ ਸ਼ਾਮਲ ਹੋਣ ਵਾਲੇ ਤਿੰਨ ਕੌਂਸਲਰਾਂ ’ਚੋਂ ਕਿਸੇ ਇੱਕ ਨੂੰ ਮੇਅਰ ਦੇ ਅਹੁਦੇ ਦਾ ਦਾਅਵੇਦਾਰ ਬਣਾਇਆ ਜਾਵੇ। ਸੂਤਰਾਂ ਅਨੁਸਾਰ ਪਾਰਟੀ ਵਿੱਚ ਸ਼ਾਮਲ ਹੋਈਆਂ ‘ਆਪ’ ਦੀਆਂ ਇਨ੍ਹਾਂ ਦੋ ਮਹਿਲਾ ਕੌਂਸਲਰਾਂ ਵਿੱਚੋਂ ਇੱਕ ਨੂੰ ਮੇਅਰ ਦਾ ਅਹੁਦਾ ਮਿਲ ਸਕਦਾ ਹੈ।