ਮੇਅਰ ਜੀਤੀ ਸਿੱਧੂ ਵਿਜੀਲੈਂਸ ਅੱਗੇ ਪੇਸ਼
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 7 ਜੂਨ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਿੱਧੂ ਭਰਾਵਾਂ ਵਿਰੁੱਧ ਵਿੱਢੀ ਜਾਂਚ ਦੇ ਸਿਲਸਿਲੇ ਵਿੱਚ ਬੁੱਧਵਾਰ ਨੂੰ ਮੁਹਾਲੀ ਨਗਰ ਨਿਗਮ ਦੇ ਮੇਅਰ ਤੇ ਭਾਜਪਾ ਆਗੂ ਅਮਰਜੀਤ ਸਿੰਘ ਜੀਤੀ ਸਿੱਧੂ ਵਿਜੀਲੈਂਸ ਭਵਨ ਵਿੱਚ ਜਾਂਚ ਟੀਮ ਅੱਗੇ ਮੁੜ ਪੇਸ਼ ਹੋਏ। ਇੱਥੇ ਵਿਜੀਲੈਂਸ ਨੇ ਉਸ ਤੋਂ ਲਗਭਗ ਦੋ ਘੰਟੇ ਤੱਕ ਪੁੱਛਗਿੱਛ ਕੀਤੀ। ਵਿਜੀਲੈਂਸ ਨੇ ਬੀਤੀ 30 ਮਈ ਨੂੰ ਜੀਤੀ ਸਿੱਧੂ ਤੋਂ ਉਨ੍ਹਾਂ ਦੀ ਜਾਇਦਾਦ ਸਬੰਧੀ ਕੁਝ ਅਹਿਮ ਦਸਤਾਵੇਜ਼ ਮੰਗੇ ਸਨ। ਮੇਅਰ ਜੀਤੀ ਸਿੱਧੂ ਨੇ ਪੁੱਛਗਿੱਛ ਦੌਰਾਨ ਵਿਜੀਲੈਂਸ ਨੂੰ ਦੱਸਿਆ ਕਿ ਜੋ ਦਸਤਾਵੇਜ਼ ਜਾਂਚ ਟੀਮ ਨੇ ਉਸ ਕੋਲੋਂ ਮੰਗੇ ਸਨ, ਉਹ ਗਮਾਡਾ ਵੱਲੋਂ ਮੁਹੱਈਆ ਕਰਵਾਏ ਜਾਣੇ ਹਨ। ਉਸ ਨੇ ਗਮਾਡਾ ਤੋਂ ਸਬੰਧਤ ਦਸਤਾਵੇਜ਼ ਮੰਗੇ ਸਨ ਪਰ ਉਸ ਨੂੰ ਦਸਤਾਵੇਜ਼ ਨਹੀਂ ਦਿੱਤੇ ਗਏ, ਜਿਸ ਕਾਰਨ ਹੁਣ ਉਸ ਨੇ ਆਰਟੀਆਈ ਤਹਿਤ ਸਬੰਧਤ ਦਸਤਾਵੇਜ਼ ਮੰਗੇ ਹਨ। ਇਸ ਸਬੰਧੀ ਜੀਤੀ ਸਿੱਧੂ ਵੱਲੋਂ ਵਿਜੀਲੈਂਸ ਨੂੰ ਸੂਚਨਾ ਅਧਿਕਾਰ ਐਕਟ ਤਹਿਤ ਮੰਗੀ ਜਾਣਕਾਰੀ ਬਾਰੇ ਜਮ੍ਹਾ ਕਰਵਾਈ ਫੀਸ ਦੀ ਰਸੀਦ ਦੀ ਫੋਟੋ ਕਾਪੀ ਵੀ ਦਿੱਤੀ ਗਈ ਹੈ।
ਜੀਤੀ ਸਿੱਧੂ ਨੇ ਦੱਸਿਆ ਕਿ ਮੁਹਾਲੀ ਨੇੜਲੇ ਪਿੰਡ ਦੈੜੀ ਦੀ ਜਿਸ ਵਿਵਾਦਤ ਜ਼ਮੀਨ ਦੀ ਗੱਲ ਕੀਤੀ ਜਾ ਰਹੀ ਹੈ, ਦਰਅਸਲ ਉਸ ਜ਼ਮੀਨ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੇ ਇੱਕ ਹਿੱਸੇਦਾਰ ਪਾਰਸ ਮਹਾਜਨ ਨੇ ਪਿੰਡ ਦੈੜੀ ਵਿੱਚ ਕੁਝ ਜ਼ਮੀਨ ਦਾ ਤਬਾਦਲਾ ਜ਼ਰੂਰ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਪਿੰਡ ਦੈੜੀ ਦਾ ਮੁਹਾਲੀ ਵਾਲਾ ਪਾਸਾ ਮੁਹਾਲੀ ਦੇ ਮਾਸਟਰ ਪਲਾਨ ਵਿੱਚ ਆਉਂਦਾ ਹੈ, ਜਦੋਂਕਿ ਨਾਲ ਲੱਗਦੇ ਪਿੰਡ ਮਾਣਕਪੁਰ ਕੱਲਰ ਦਾ ਦੂਜਾ ਹਿੱਸਾ ਬਨੂੜ ਮਾਸਟਰ ਪਲਾਨ ਵਿੱਚ ਆਉਂਦਾ ਹੈ।