For the best experience, open
https://m.punjabitribuneonline.com
on your mobile browser.
Advertisement

ਮੇਅਰ ਚੋਣ: ਚੰਡੀਗੜ੍ਹ ਵਿੱਚ ਸਿਆਸੀ ਮਾਹੌਲ ਭਖਿਆ

08:46 AM Feb 20, 2024 IST
ਮੇਅਰ ਚੋਣ  ਚੰਡੀਗੜ੍ਹ ਵਿੱਚ ਸਿਆਸੀ ਮਾਹੌਲ ਭਖਿਆ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 19 ਫਰਵਰੀ
ਚੰਡੀਗੜ੍ਹ ਦੇ ਮੇਅਰ ਦੀ ਚੋਣ ਸਬੰਧੀ ਅੱਜ ਸੁਪਰੀਮ ਕੋਰਟ ਵਿੱਚ ਜਾਰੀ ਸੁਣਵਾਈ ਬਾਰੇ ਵਿਰੋਧੀ ਪਾਰਟੀਆਂ ‘ਆਪ’ ਅਤੇ ਕਾਂਗਰਸ ਬਾਗ਼ੋਬਾਗ਼ ਹਨ। ਸੁਣਵਾਈ ਦੌਰਾਨ ਹਾਕਮ ਧਿਰ ਭਾਜਪਾ ਵਲੋਂ ਦਿੱਤੀ ਮੇਅਰ ਦੀ ਚੋਣ ਦੁਬਾਰਾ ਕਰਵਾਉਣ ਗਈ ਦਲੀਲ ਨੂੰ ਰੱਦ ਕਰ ਕੇ 30 ਜਨਵਰੀ ਨੂੰ ਹੋਈ ਮੇਅਰ ਦੀ ਚੋਣ ਵਿੱਚ ਵੋਟਿੰਗ ਦੇ ਮਤ-ਪੱਤਰਾਂ ਦੀ ਜਾਂਚ ਭਲਕੇ ਕਰਨ ਦੇ ਅਦਾਲਤ ਦੇ ਫ਼ੈਸਲੇ ਦਾ ਦੋਵਾਂ ਵਿਰੋਧੀ ਧਿਰਾਂ ਨੇ ਸਵਾਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾ ਮੇਅਰ ਦੀ ਚੋਣ ਦੌਰਾਨ ਭਾਜਪਾ ਵਲੋਂ ਕੀਤੀ ਕਥਿਤ ਹੇਰਾ-ਫੇਰੀ ਜੱਗ-ਜ਼ਾਹਰ ਹੋ ਜਾਵੇਗੀ।
ਇਸ ਬਾਰੇ ‘ਆਪ’ ਚੰਡੀਗੜ੍ਹ ਦੇ ਕੋ-ਇੰਚਾਰਜ ਡਾਕਟਰ ਐੱਸਐੱਸ ਆਹਲੂਵਾਲੀਆ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਅੱਜ ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਮੇਅਰ ਚੋਣ ਵਿੱਚ ਪ੍ਰੀਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਵੱਲੋਂ ਕੀਤੀ ਲੋਕਤੰਤਰ ਦੀ ਹੱਤਿਆ ਖ਼ਿਲਾਫ਼ ਦੁਬਾਰਾ ਸ਼ਖਤ ਟਿੱਪਣੀਆਂ ਕੀਤੀ ਗਈਆਂ ਹਨ, ਉਸ ਤੋਂ ਸਾਫ਼ ਹੋ ਗਿਆ ਹੈ ਕਿ ਚੰਡੀਗੜ੍ਹ ਵਾਸੀਆਂ ਨੂੰ ਛੇਤੀ ਸੁਪਰੀਮ ਕੋਰਟ ਤੋਂ ਇਨਸਾਫ਼ ਮਿਲੇਗਾ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਲੋਂ ਕਿਹਾ ਗਿਆ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੇ ਲਈ ਮੇਅਰ ਅਹੁਦੇ ਵਾਸਤੇ ਦੁਬਾਰਾ ਤੋਂ ਵੋਟਿੰਗ ਨਹੀਂ ਹੋਵੇਗੀ, 30 ਜਨਵਰੀ ਨੂੰ ਪਾਈਆਂ ਵੋਟਾਂ ’ਤੇ ਅਨਿਲ ਮਸੀਹ ਲਗਾਏ ਨਿਸ਼ਾਨਾਂ ਨੂੰ ਨਜ਼ਰਅੰਦਾਜ਼ ਕਰ ਕੇ ਦੁਬਾਰਾ ਗਿਣਤੀ ਕਰ ਕੇ ਮੇਅਰ ਦਾ ਐਲਾਨ ਕੀਤਾ ਜਾਵੇਗਾ। ਡਾ. ਆਹਲੂਵਾਲੀਆ ਨੇ ਕਿਹਾ ਅੱਜ ਉਨ੍ਹਾਂ ਦੇ ਵਕੀਲਾਂ ਵਲੋਂ ਸੁਪਰੀਮ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਭਾਜਪਾ ਵਲੋਂ ਚੰਡੀਗੜ੍ਹ ਵਿੱਚ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਦੀ ਕਥਿਤ ਖ਼ਰੀਦੋ-ਫ਼ਰੋਖ਼ਤ ਕੀਤੀ ਜਾ ਰਹੀ ਹੈ। ਇਸ ’ਤੇ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਇਹ ਲੋਕਤੰਤਰ ਲਈ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਅੱਜ ਸੁਪਰੀਮ ਕੋਰਟ ਵਲੋਂ ਸੁਣਵਾਈ ਦੌਰਾਨ ਅਨਿਲ ਮਸ਼ੀਹ ’ਤੇ ਕੇਸ ਚਲਾਉਣ ਦੀ ਗੱਲ ਕਹੀ ਗਈ ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਮਤ-ਪੱਤਰ ਅਤੇ ਵੀਡੀਓ ਨੂੰ ਭਲਕੇ ਸੁਪਰੀਮ ਕੋਰਟ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ, ਉਸ ਤੋਂ ਇਨਸਾਫ਼ ਦੀ ਆਸ ਵਧ ਗਈ ਹੈ।

Advertisement

ਸੁਪਰੀਮ ਕੋਰਟ ਨੇ ਭਾਜਪਾ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ: ਬਾਂਸਲ

ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਭਾਜਪਾ ਨੇ ਧੱਕੇ ਨਾਲ ਚੁਣੇ ਗਏ ਮੇਅਰ ਮਨੋਜ ਸੋਨਕਰ ਦਾ ਅਸਤੀਫ਼ਾ ਲੈ ਕੇ ਨਵੀਂ ਚਾਲ ਚੱਲੀ ਸੀ ਤਾਂ ਜੋ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਟਾਲਿਆ ਜਾ ਸਕੇ, ਪਰ ਇਸ ਚਾਲ ਨੂੰ ਪਲਟ ਕੇ ਸੁਪਰੀਮ ਕੋਰਟ ਨੇ ਆਪਣੀ ਮਰਿਆਦਾ ਨੂੰ ਕਾਇਮ ਰੱਖਿਆ ਹੈ। ਬਾਂਸਲ ਨੇ ਕਿਹਾ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾ ਕੇ ਮੁੜ ਚੋਣਾਂ ਜਿੱਤਣ ਦੀ ਸਿਆਸੀ ਸਾਜ਼ਿਸ਼ ਰਚੀ ਸੀ ਪਰ ਭਾਜਪਾ ਦੀਆਂ ਇਨ੍ਹਾਂ ਖਾਹਸ਼ਾਂ ਨੂੰ ਸੁਪਰੀਮ ਕੋਰਟ ਨੇ ਨਾਕਾਮ ਕਰ ਦਿੱਤਾ ਹੈ।

ਐੱਚਐੱਸ ਲੱਕੀ ਵੱਲੋਂ ਅੱਜ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਦਾ ਸਵਾਗਤ

ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਅੱਜ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਜਿਸ ਵਿੱਚ ਅਦਾਲਤ ਵਿੱਚ ਲੰਬਿਤ ਪਟੀਸ਼ਨ ਉੱਤੇ ਅਗਲੇ ਫ਼ੈਸਲੇ ਲਈ 30 ਜਨਵਰੀ ਨੂੰ ਹੋਈਆਂ ਮੇਅਰ ਚੋਣਾਂ ਦੇ ਮਤ-ਪੱਤਰ ਸੁਪਰੀਮ ਕੋਰਟ ਵਿੱਚ ਲਿਆਉਣ ਦੇ ਹੁਕਮ ਦਿੱਤੇ ਹਨ। ਸ੍ਰੀ ਲੱਕੀ ਨੇ ਕਿਹਾ ਕਿ ਪੂਰਾ ਦੇਸ਼ ਸੁਪਰੀਮ ਕੋਰਟ ਵੱਲ ਦੇਖ ਰਿਹਾ ਹੈ ਅਤੇ ਉਨ੍ਹਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ ਅਤੇ ਅੱਜ ਦਾ ਫੈਸਲਾ ਸੁਪਰੀਮ ਕੋਰਟ ਨੂੰ ਨਿਆਂ ਮਿਲਣ ਵੱਲ ਇਕ ਕਦਮ ਹੈ। ਕਾਂਗਰਸ ਪਾਰਟੀ ਇਸ ਸਾਰੀ ਪ੍ਰਕਿਰਿਆ ਦੌਰਾਨ ਚਟਾਨ ਵਾਂਗ ਖੜ੍ਹੀ ਰਹੀ ਅਤੇ ਉਨ੍ਹਾਂ ਦਾ ਕੋਈ ਵੀ ਕੌਂਸਲਰ ਕਿਸੇ ਦਬਾਅ ਅੱਗੇ ਨਹੀਂ ਝੁਕਿਆ। ਉਨ੍ਹਾਂ ਕਿਹਾ ਕਿ ‘ਇੰਡੀਆ’ ਅਲਾਇੰਸ ਜਲਦ ਹੀ ਚੰਡੀਗੜ੍ਹ ਵਿੱਚ ਮੇਅਰ ਬਣਾਏਗਾ।

ਸੁਪਰੀਮ ਕੋਰਟ ਵਿੱਚ ਸੱਚ ਦੀ ਹੀ ਜਿੱਤ ਹੋਵੇਗੀ: ਪ੍ਰਦੀਪ ਛਾਬੜਾ

ਪੰਜਾਬ ਲਾਰਜ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ, ‘ਆਪ’ ਦੇ ਸੀਨੀਅਰ ਆਗੂ ਤੇ ਚੰਡੀਗੜ੍ਹ ਦੇ ਸਾਬਕਾ ਮੇਅਰ ਪ੍ਰਦੀਪ ਛਾਬੜਾ ਨੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸੁਪਰੀਮ ਕੋਰਟ ਵਿੱਚ ਸੱਚ ਦੀ ਹੀ ਜਿੱਤ ਹੋਵੇਗੀ। ਪ੍ਰਦੀਪ ਛਾਬੜਾ ਨੇ ਕਿਹਾ ਕਿ ਮੇਅਰ ਚੋਣ ਦੇ ਪ੍ਰੀਜ਼ਾਈਡਿੰਗ ਅਫ਼ਸਰ ਰਹੇ ਅਨਿਲ ਮਸੀਹ ਨੇ ਸੁਪਰੀਮ ਕੋਰਟ ਵਿੱਚ ਇਹ ਇਕਬਾਲ ਕਰਨਾ ਕਿ ਉਸ ਨੇ ਅੱਠ ਮਤ-ਪੱਤਰਾਂ ’ਤੇ ਨਿਸ਼ਾਨਦੇਹੀ ਕੀਤੀ ਸੀ, ਸਾਬਤ ਕਰਦਾ ਹੈ ਕਿ ਉਸ ਨੇ ਚੋਣ ਨਤੀਜੇ ਨੂੰ ਭਾਜਪਾ ਦੇ ਮੇਅਰ ਉਮੀਦਵਾਰ ਦੇ ਹੱਕ ਵਿੱਚ ਬਦਲ ਦਿੱਤਾ। ਸ੍ਰੀ ਛਾਬੜਾ ਨੇ ਕਿਹਾ ਕਿ ਮਸੀਹ ਦੇ ਇਸ ਵਤੀਰੇ ’ਤੇ ਸੁਪਰੀਮ ਕੋਰਟ ਦੀ ਨਾਰਾਜ਼ਗੀ ਦਰਸਾਉਂਦੀ ਹੈ ਕਿ ਉਹ ਲੋਕਤੰਤਰ ਦਾ ਕਤਲ ਕਰਨ ਦੇ ਬਹੁਤ ਹੀ ਗੰਭੀਰ ਅਪਰਾਧ ਲਈ ਅਨਿਲ ਮਸੀਹ ਨੂੰ ਬਖਸ਼ਣ ਵਾਲੀ ਨਹੀਂ ਹੈ। ਛਾਬੜਾ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਦੋ ਸੁਣਵਾਈਆਂ ਦੌਰਾਨ ਹੀ ਭਾਜਪਾ ਦਾ ਪਰਦਾਫਾਸ਼ ਹੋ ਗਿਆ ਹੈ। ਹੁਣ ਉਸ ਨੂੰ ਲੋਕ ਸਭਾ ਚੋਣਾਂ ਵਿੱਚ ਵੀ ਜਨਤਾ ਤੋਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਰਿਹਾ। ਪ੍ਰਦੀਪ ਛਾਬੜਾ ਨੇ ਕਿਹਾ ਕਿ ਸੁਪਰੀਮ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਹੀ ਆਪਣੇ ਮੇਅਰ ਮਨੋਜ ਸੋਨਕਰ ਦੇ ਅਸਤੀਫ਼ੇ ਦੀ ਮੰਗ ਕਰ ਕੇ ਭਾਜਪਾ ਨੇ ਮੰਨ ਲਿਆ ਹੈ ਕਿ ਉਸ ਨੇ ਮਨੋਜ ਸੋਨਕਰ ਨੂੰ ਧੋਖੇ ਨਾਲ ਮੇਅਰ ਬਣਾਇਆ ਸੀ। ਛਾਬੜਾ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਭਲਕੇ ਮੁੜ ਗਿਣਤੀ ਵਿੱਚ ਗਠਜੋੜ ਦੇ ਮੇਅਰ ਉਮੀਦਵਾਰ ਕੁਲਦੀਪ ਸਿੰਘ ਟੀਟਾ ਦੀ ਜਿੱਤ ਹੋਵੇਗੀ।

Advertisement
Author Image

Advertisement
Advertisement
×