ਔਰਤਾਂ ਖ਼ਿਲਾਫ਼ ਜੁਰਮਾਂ ਲਈ ਮਾਇਆਵਤੀ ਨੇ ਸਰਕਾਰਾਂ ਦੀ ਨੀਅਤ ’ਤੇ ਉਠਾਏ ਸਵਾਲ
ਲਖਨਊ, 22 ਸਤੰਬਰ
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਅਤੇ ਯੂਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਐਤਵਾਰ ਨੂੰ ਜਾਰੀ ਇਕ ਪੋਸਟ ਰਾਹੀਂ ਦੇਸ਼ ਭਰ ਵਿਚ ਔਰਤਾਂ ਖ਼ਿਲਾਫ਼ ਹੋ ਰਹੇ ਜੁਰਮਾਂ ਉਤੇ ਚਿੰਤਾ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਇਹ ਅਪਰਾਧ ਰੋਕਣ ਵਿਚ ਨਾਕਾਮ ਰਹਿਣ ਲਈ ਸਵਾਲ ਉਠਾਇਆ ਕਿ ਕਿਤੇ ਇਸ ਸਬੰਧੀ ਸਰਕਾਰਾਂ ਦੀ ਨੀਅਤ ਤੇ ਨੀਤੀ ਵਿਚ ਖੋਟ ਤਾਂ ਨਹੀਂ ਹੈ?
ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਆਪਣੇ ਆਧਿਕਾਰਤ ਖ਼ਾਤੇ ਤੋਂ ਹਿੰਦੀ ਵਿਚ ਕੀਤੀ ਟਵੀਟ ਵਿਚ ਉਨ੍ਹਾਂ ਕਿਹਾ, ‘‘ਯੂਪੀ, ਬੰਗਾਲ, ਉੜੀਸਾ, ਕਰਨਾਟਕ ਸਮੇਤ ਦੇਸ਼ ਭਰ ਵਿਚ ਔਰਤਾਂ ਨਾਲ ਵਧਦੀਆਂ ਹੋਈਆਂ ਦਿਲ-ਦਹਿਲਾਊ ਘਟਨਾਵਾਂ ਲੈ ਕੇ ਇਲਜ਼ਾਮ-ਤਰਾਸ਼ੀ ਦੀ ਸੌੜੀ ਸਿਆਸਤ ਕਰਨਾ ਅਤਿ-ਦੁਖਦ, ਜਦੋਂਕਿ ਇਹ ਸਮਾਂ ਗੰਭੀਰ ਚਿੰਤਨ ਦਾ ਹੈ ਕਿ ਮਹਿਲਾ ਸੁਰੱਖਿਆ ਅਤੇ ਸਨਮਾਨ ਨੂੰ ਲੈ ਕੇ ਸਰਕਾਰਾਂ ਦੀ ਨੀਅਤ ਤੇ ਨੀਤੀ ਵਿਚ ਬਹੁਤ ਜ਼ਿਆਦਾ ਖੋਟ ਤਾਂ ਨਹੀਂ ਹੈ?’’
ਉਨ੍ਹਾਂ ਇਸੇ ਲੜੀ ਦੀ ਆਪਣੀ ਦੂਜੀ ਟਵੀਟ ਵਿਚ ਕਿਹਾ, ‘‘ਇਕ ਤੋਂ ਬਾਅਦ ਇਕ ਹੋ ਰਹੇ ਅਜਿਹੇ ਸੰਗੀਨ ਜੁਰਮਾਂ ਵਿਚ ਪਹਿਲੀ ਨਜ਼ਰੇ ਸਰਕਾਰ ਦੀ ਲਾਪ੍ਰਵਾਹੀ ਅਤੇ ਪੁਲੀਸ ਦੀ ਮਿਲੀਭੁਗਤ ਸਥਿਤੀ ਨੂੰ ਹੋਰ ਵੀ ਜ਼ਿਆਦਾ ਗੰਭੀਰ ਬਣਾ ਰਹੀ ਹੈ, ਜਿਸ ਨੂੰ ਤਿਆਗ ਕੇ ਸਾਰਿਆਂ ਲਈ ਨਿਰਪੱਖ ਤੇ ਗੰਭੀਰ ਹੋਣਾ ਜ਼ਰੂਰੀ ਹੈ, ਤਾਂ ਕਿ ਅਜਿਹੇ ਘਿਨਾਉਣੇ ਜੁਰਮਾਂ ਕਾਰਨ ਹੋਣ ਵਾਲੀ ਬਦਨਾਮੀ ਤੋਂ ਸੂਬੇ ਤੇ ਦੇਸ਼ ਨੂੰ ਬਚਾਇਆ ਜਾ ਸਕੇ।’’ -ਪੀਟੀਆਈ