ਮਜ਼ਬੂਤ ਹੋਵੇ ਭਾਈਚਾਰਕ ਸਾਂਝ ਦੀ ਤੰਦ
ਗੁਰਬਿੰਦਰ ਸਿੰਘ ਮਾਣਕ
ਕਿਸੇ ਵੀ ਸੱਭਿਆਚਾਰ ਦਾ ਧੁਰਾ ਪਿੰਡ ਹੁੰਦੇ ਹਨ। ਮਨੁੱਖ ਸਮਾਜਿਕ ਪ੍ਰਾਣੀ ਹੋਣ ਕਾਰਨ ਇਕੱਠ ਵਿੱਚ ਵਸਣਾ ਲੋਚਦਾ ਸੀ। ਇਸੇ ਕਾਰਨ ਕੁਝ ਕੁਦਰਤੀ ਲੋੜਾਂ ਦੀ ਪੂਰਤੀ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਸਿਆਣੇ ਨੇ ਕੋਈ ਮੋਹੜੀ ਗੱਡ ਦਿੱਤੀ ਤੇ ਰਹਿਣਾ ਸ਼ੁਰੂ ਕਰ ਦਿੱਤਾ। ਫਿਰ ਹੌਲੀ ਹੌਲੀ ਹੋਰ ਲੋਕ ਵੀ ਇਸ ਇਕੱਠ ਵਿੱਚ ਜੁੜਦੇ ਰਹਿਣ ਨਾਲ ਪਿੰਡ ਵਸ ਜਾਂਦਾ। ਲੰਮੇ ਵਿਕਾਸ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਦਿਆਂ ਮਨੁੱਖ ਨੇ ਆਪਣੇ ਜੀਵਨ ਨੂੰ ਜਿਊਣ ਲਈ ਰਹੁ-ਰੀਤਾਂ, ਰਸਮਾਂ-ਰਿਵਾਜ ਤੇ ਅਜਿਹੇ ਹੋਰ ਨਿਯਮ ਸਿਰਜ ਲਏ ਜਿਹੜੇ ਸੱਭਿਆਚਾਰ ਦਾ ਆਧਾਰ ਬਣੇ। ਸਮਾਜ ਵਿੱਚ ਜਿਊਣ ਲਈ ਇੱਕ ਦੂਜੇ ਨਾਲ ਰਹਿਣ ਦੀ ਲੋੜ ਵਿੱਚੋਂ ਹੀ ਭਾਈਚਾਰਕ ਸਾਂਝ ਪੈਦਾ ਹੋਈ।
ਪਹਿਲਾਂ ਪਹਿਲ ਪੰਜਾਬ ਦੇ ਪਿੰਡਾਂ ਦਾ ਮਾਹੌਲ ਬਹੁਤ ਸਾਦਗੀ ਭਰਿਆ, ਨਿਰਛਲ, ਸਵਾਰਥ ਰਹਿਤ, ਸੁਹਿਰਦ ਤੇ ਇੱਕ ਦੂਜੇ ਦੇ ਕੰਮ ਆਉਣ ਦੀ ਭਾਵਨਾ ਵਾਲਾ ਸੀ। ਖੇਤੀਬਾੜੀ ਸੱਭਿਆਚਾਰ ਹੋਣ ਕਾਰਨ ਲੋਕ ਸੱਚੀ-ਸੁੱਚੀ ਕਿਰਤ ਕਰਕੇ ਮਿਹਨਤ ਦਾ ਪਸੀਨਾ ਵਹਾਉਂਦਿਆਂ ਆਪਣਾ ਪੇਟ ਪਾਲਦੇ। ਲੋੜਾਂ ਵੀ ਥੋੜ੍ਹੀਆਂ ਸਨ ਤੇ ਆਮਦਨ ਦੇ ਵਸੀਲੇ ਵੀ ਨਾਂਮਤਾਰ ਸਨ। ਇਸ ਸਭ ਦੇ ਬਾਵਜੂਦ ਆਮ ਲੋਕ ਸਬਰ-ਸੰਤੋਖ ਨਾਲ ਜਿਊਂਦੇ ਕੁਦਰਤ ਦੇ ਸ਼ੁਕਰਗੁਜ਼ਾਰ ਹੁੰਦੇ। ਜ਼ਿੰਦਗੀ ਜਿਊਣ ਲਈ ਅੱਜ ਵਰਗੀ ਭੱਜ-ਦੌੜ, ਮਾਰਾ-ਮਾਰੀ ਤੇ ਦੂਜਿਆਂ ਦਾ ਹੱਕ ਮਾਰਨ ਦੀ ਪ੍ਰਵਿਰਤੀ ਬਹੁਤ ਘੱਟ ਸੀ। ਹਰ ਕੋਈ ਸਮਾਜ ਵਿੱਚ ਵਿਚਰਦਿਆਂ ਇੱਕ ਦੂਜੇ ਦੇ ਦੁੱਖ-ਸੁੱਖ ਦਾ ਭਾਈਵਾਲ ਬਣਦਾ ਸੀ। ਖੇਤੀਬਾੜੀ ਤਾਂ ਕੇਵਲ ਘਰ ਦੀ ਵਰਤੋਂ ਤੱਕ ਹੀ ਸੀਮਤ ਸੀ। ਲੋਕ ਇੱਕ ਦੂਜੇ ਦੇ ਕੰਮਾਂਕਾਰਾਂ ਵਿੱਚ ਹੱਥ ਵਟਾਉਂਦੇ। ਕਿਸੇ ਦਾ ਕੰਮ ਪੱਛੜ ਜਾਂਦਾ ਤਾਂ ਗਲ਼ੀ-ਗੁਆਂਢ ਵਿੱਚ ਵਿਚਰਦਾ ਗੁਆਂਢੀ ਇੱਕ ਵਾਰ ਕਹਿਣ ’ਤੇ ਹੀ ਆਪਣਾ ਹਲ ਤੇ ਜੋਗ ਲੈ ਕੇ ਆ ਬਹੁੜਦਾ। ਕਿਸੇ ’ਤੇ ਕੋਈ ਬਿਪਤਾ ਆ ਪੈਂਦੀ ਤਾਂ ਪਿੰਡ ਦੇ ਲੋਕ ਆਪਣਾ ਦੁੱਖ-ਦਰਦ ਸਮਝ ਕੇ ਹੌਸਲਾ ਦਿੰਦੇ।
ਵਿਆਹ-ਸ਼ਾਦੀਆਂ ਵੇਲੇ ਤਾਂ ਪਿੰਡਾਂ ਵਿੱਚ ਭਾਈਚਾਰਕ ਸਾਂਝ ਦੇਖਦਿਆਂ ਹੀ ਬਣਦੀ ਸੀ। ਕਿਸੇ ਘਰ ਧੀ ਦਾ ਵਿਆਹ ਹੁੰਦਾ ਤਾਂ ਸਾਰੇ ਪਿੰਡ ਨੂੰ ਇਹੀ ਲੱਗਦਾ ਕਿ ਸਾਡੀ ਧੀ ਦਾ ਵਿਆਹ ਹੈ। ਵਿਆਹ ਤੋਂ ਕਈ ਕਈ ਦਿਨ ਪਹਿਲਾਂ ਹੀ ਔਰਤਾਂ ਇਕੱਠੀਆਂ ਹੋ ਕੇ ਲੋਕ-ਗੀਤਾਂ ਦੀ ਛਹਿਬਰ ਲਾਉਂਦੀਆਂ ਤੇ ਹੱਥੋ-ਹੱਥੀਂ ਵਿਆਹ ਦੇ ਕੰਮ ਸੰਵਾਰਦੀਆਂ। ਪਿੰਡ ਦੇ ਗੱਭਰੂ ਵਿਆਹ ਵਿੱਚ ਆਏ ਮੇਲ ਲਈ ਸਾਰੇ ਪ੍ਰਬੰਧ ਆਪ ਕਰਦੇ। ਪਿੰਡ ਦੇ ਘਰਾਂ ਵਿੱਚੋਂ ਮੰਜੇ-ਬਿਸਤਰੇ ਇਕੱਠੇ ਕਰਨ ਦੀ ਜ਼ਿੰਮੇਵਾਰੀ ਕਿਸੇ ਸਿਆਣੇ ਦੀ ਲਾਈ ਜਾਂਦੀ। ਜਿਹਦੇ ਘਰ ਜੋ ਵੀ ਹੁੰਦਾ, ਉਹ ਕਦੇ ਨਾਂਹ ਨਾ ਕਰਦਾ। ਜਾਂਝੀਆਂ ਦੀ ਆਓ-ਭਗਤ ਲਈ ਤਾਂ ਸਿਆਣੇ ਨੌਜਵਾਨਾਂ ਦੀ ਡਿਊਟੀ ਲਗਾਈ ਜਾਂਦੀ। ਗੱਲ ਕੀ ਸਾਂਝ ਨਾਲ ਹੀ ਸਾਰੇ ਕਾਰਜ ਨੇਪਰੇ ਚੜ੍ਹਦੇ। ਜੇ ਕੋਈ ਰੁੱਸਿਆ ਵੀ ਹੁੰਦਾ ਤਾਂ ਮਨ ਵਿੱਚ ਏਹੀ ਤਾਂਘ ਹੁੰਦੀ ਕਿ ਇੱਕ ਵਾਰ ਆਣ ਕੇ ਘਰ ਵਾਲੇ ਕਹਿ ਦੇਣ ਕਿ ਸਾਰੇ ਜਣੇ ਵਿਆਹ ’ਤੇ ਪਹੁੰਚੋ ਭਾਈ, ਤੁਹਾਡੀ ਆਪਣੀ ਧੀ ਦਾ ਕਰਜ਼ ਹੈ। ਅਗਲਾ ਤਾਂ ਪਹਿਲਾਂ ਹੀ ਤਿਆਰ ਬੈਠਾ ਹੁੰਦਾ।
ਬਜ਼ੁਰਗ ਦੱਸਿਆ ਕਰਦੇ ਸਨ ਕਿ ਪਿੰਡਾਂ ਦੇ ਲੋਕ ਤਾਂ ਏਨੇ ਭੋਲੇ-ਭਾਲੇ ਸਨ ਕਿ ਜੇ ਕਚਹਿਰੀਆਂ ਵਿੱਚ ਇੱਕ ਦੂਜੇ ਵਿਰੁੱਧ ਕੇਸ ਵੀ ਕਰ ਦਿੰਦੇ ਤਾਂ ਕਈ ਵਾਰ ਪਿੰਡੋਂ ਆਪਣੇ ਝੋਲਿਆਂ ਵਿੱਚ ਰੋਟੀਆਂ ਬ੍ਹੰਨ ਕੇ ਇਕੱਠੇ ਹੀ ਤਰੀਕ ਭੁਗਤਣ ਜਾਂਦੇ। ਭੁੱਖ ਲੱਗਦੀ ਤਾਂ ਮੱਘਰ ਸਿੰਘ, ਬਹਾਦਰ ਸਿੰਘ ਨੂੰ ਆਵਾਜ਼ ਮਾਰਦਾ, ਆਜਾ...ਭਾਈ ਰੋਟੀ ਦੀ ਬੁਰਕੀ ਖਾ ਲਈਏ, ਇੱਥੇ ਅਜੇ ਪਤਾ ਨਹੀਂ ਕਦੋਂ ਵਾਰੀ ਆਉਣੀ ਆ। ਲੋਕਾਂ ਦੇ ਮਨ ਨਿਰਛਲ ਸਨ ਤੇ ਉਹ ਇੱਕ ਦੂਜੇ ਪ੍ਰਤੀ ਮਨਾਂ ਵਿੱਚ ਬਹੁਤੀ ਨਫ਼ਰਤ ਨਹੀਂ ਪਾਲਦੇ ਸਨ। ਸੰਤਾਲੀ ਦੀ ਵੰਡ ਵੇਲੇ ਦੀਆਂ ਵੀ ਬਹੁਤ ਸਾਰੀਆਂ ਅਜਿਹੀਆਂ ਦਿਲਾਂ ਨੂੰ ਟੁੰਬਣ ਵਾਲੀਆਂ ਕਹਾਣੀਆਂ ਹਨ ਜਿੱਥੇ ਪੀਡੀਆਂ ਭਾਈਚਾਰਕ ਸਾਂਝਾਂ ਨੇ ਇੱਕ ਦੂਜੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਬਚਾ ਕੇ ਮਾਨਵੀ ਸਾਂਝ ਦਾ ਸਬੂਤ ਦਿੱਤਾ।
ਅਸਲ ਵਿੱਚ ਬਦਲ ਰਹੇ ਸਮਿਆਂ ਨੇ ਜੀਵਨ ਦੇ ਹਰ ਪੱਖ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ। ਮਨੁੱਖੀ ਜ਼ਿੰਦਗੀ ਹੁਣ ਪਹਿਲਾਂ ਜਿਹੀ ਨਹੀਂ ਰਹੀ। ਜੀਵਨ ਦੇ ਸਮੁੱਚੇ ਵਰਤਾਰੇ ਵਿੱਚ ਕਈ ਤਬਦੀਲੀਆਂ ਆ ਚੁੱਕੀਆਂ ਹਨ। ਹੁਣ ਪਿੰਡਾਂ ਦਾ ਸੱਭਿਆਚਾਰ ਵੀ ਸ਼ਹਿਰੀਕਰਨ ਦੀ ਲਪੇਟ ਵਿੱਚ ਆ ਕੇ ਪੁਰਾਣੇ ਸਮਿਆਂ ਦੇ ਬਹੁਤ ਮੁੱਲਵਾਨ ਆਦਰਸ਼ਾਂ ਨੂੰ ਭੁੱਲਦਾ ਜਾ ਰਿਹਾ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਨਵੀਂ ਤਰ੍ਹਾਂ ਦੀ ਸਿੱਖਿਆ, ਵਿਗਿਆਨਕ ਖੋਜਾਂ, ਸੂਚਨਾ ਤੇ ਸੰਚਾਰ ਦਾ ਹੈਰਾਨਕੁੰਨ ਵਰਤਾਰਾ, ਆਵਾਜਾਈ ਦੇ ਤੇਜ਼ ਰਫ਼ਤਾਰ ਸਾਧਨ, ਵਪਾਰ, ਖੇਤੀਬਾੜੀ ਦਾ ਮੁੱਢੋਂ ਬਦਲ ਰਿਹਾ ਸਰੂਪ ਤੇ ਜੀਵਨ ਦੇ ਹਰ ਖੇਤਰ ਵਿੱਚ ਆਏ ਪਰਿਵਰਤਨ ਨੇ ਜੀਵਨ-ਜਾਚ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਮਨੁੱਖੀ ਜੀਵਨ ਦਾ ਦਾਇਰਾ ਬਹੁਤ ਵਿਸ਼ਾਲ ਹੋਇਆ ਹੈ ਪਰ ਮਨੁੱਖ ਦੇ ਅੰਦਰ ਇੱਕ ਨਵੀਂ ਤਰ੍ਹਾਂ ਦੀ ਕਸ਼ਮਕਸ਼, ਲਾਲਸਾਵਾਂ ਤੇ ਸੰਕੀਰਨਤਾ ਨੇ ਮਨੁੱਖੀ ਮਨ ਵਿੱਚ ਅਜਿਹੇ ਪੈਰ ਜਮਾ ਲਏ ਹਨ ਕਿ ਉਹ ਆਪਣੇ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਦੂਜਿਆਂ ਦੇ ਦੁੱਖ-ਦਰਦ ਨੂੰ ਸਮਝਣ ਦੀ ਜਿਹੜੀ ਭਾਵਨਾ ਪਹਿਲਾਂ ਹੁੰਦੀ ਸੀ, ਉਹ ਕੇਵਲ ਰਸਮੀ ਜਿਹੀ ਹੋ ਗਈ ਹੈ। ਮਨਾਂ ਦੀਆਂ ਸਾਝਾਂ ਕਿਤੇ ਲੋਪ ਹੀ ਹੋ ਗਈਆਂ ਹਨ। ਇੱਕ ਦੂਜੇ ਦੀਆਂ ਖ਼ੁਸ਼ੀਆਂ ਤੇ ਗ਼ਮੀਆਂ ਵਿੱਚ ਲੋਕ ਕੇਵਲ ਫਰਜ਼ ਪੂਰਾ ਕਰਨ ਲਈ ਹੀ ਸ਼ਾਮਲ ਹੁੰਦੇ ਹਨ।
ਅਜੇ ਪਿੰਡਾਂ ਵਿੱਚ ਤਾਂ ਆਪਸੀ ਸਾਂਝ ਦੀ ਭਾਵਨਾ ਕਿਤੇ ਕਿਤੇ ਬਚੀ ਹੋਈ ਹੈ ਪਰ ਸ਼ਹਿਰਾਂ ਤੇ ਮਹਾਨਗਰਾਂ ਵਿੱਚ ਤਾਂ ਇਹ ਸੱਭਿਆਚਾਰਕ ਰਵਾਇਤਾਂ ਲੋਪ ਹੋਣ ਦੇ ਕੰਢੇ ਹੀ ਹਨ। ਇੱਕ ਦੂਜੇ ਦੇ ਘਰਾਂ ਵਿੱਚ ਮਿਲ ਬੈਠ ਕੇ ਗੱਲਬਾਤ ਕਰਨੀ, ਕਿਸੇ ਖ਼ੁਸ਼ੀ ਨੂੰ, ਕਿਸੇ ਗ਼ਮੀ ਨੂੰ ਸਾਂਝਾ ਕਰਨਾ ਹੁਣ ਬਹੁਤ ਸੀਮਤ ਹੋ ਗਿਆ ਹੈ। ਪਹਿਲਾਂ ਲੋਕ ਅਪਣੱਤ ਵਿੱਚ ਇੱਕ ਦੂਜੇ ਤੋਂ ਕੋਈ ਚੀਜ਼ ਮੰਗਣ ਤੋਂ ਹਿਚਕਚਾਉਂਦੇ ਨਹੀਂ ਸਨ, ਪਰ ਇਹ ਰੁਝਾਨ ਵੀ ਹੁਣ ਬਦਲ ਰਹੇ ਸਮਿਆਂ ਦੀ ਭੇਟ ਚੜ੍ਹ ਗਿਆ ਹੈ। ਹੁਣ ਇਹ ਪਤਾ ਕਰਨ ਦੀ ਕੋਈ ਲੋੜ ਨਹੀਂ ਸਮਝਦਾ ਤੇ ਨਾ ਹੀ ਇਹ ਕੋਈ ਬਰਦਾਸ਼ਤ ਕਰਦਾ ਹੈ ਕਿ ਨਾਲ ਦੇ ਘਰ ਵਿੱਚ ਕੀ ਵਾਪਰ ਰਿਹਾ ਹੈ। ਜਿਹੜਾ ਝਾਕਣ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਬੁਰਾ ਸਮਝਿਆ ਜਾਂਦਾ ਹੈ।
ਜਦੋਂ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਮੋਰਚਾ ਲੱਗਾ ਸੀ, ਉਸ ਨੂੰ ਸਮੁੱਚੇ ਸਮਾਜ ਨੇ ਆਪਣਾ ਭਰਵਾਂ ਸਮਰਥਨ ਦੇ ਕੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਸੀ। ਸਮਾਜ ਦੇ ਹਰ ਵਰਗ ਨੇ ਆਪ ਸ਼ਾਮਲ ਹੋ ਕੇ ਜਾਂ ਆਪਣੀ ਹਮਾਇਤ ਦੇ ਕੇ ਇਸ ਲੋਕ-ਅੰਦੋਲਨ ਪ੍ਰਤੀ ਆਪਣੀ ਭਾਵਨਾ ਦਾ ਜਿਸ ਤਰ੍ਹਾਂ ਪ੍ਰਗਟਾਵਾ ਕੀਤਾ, ਉਹ ਬੇਮਿਸਾਲ ਕਿਹਾ ਜਾ ਸਕਦਾ ਹੈ। ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਵੱਲੋਂ ਜਿਸ ਤਰ੍ਹਾਂ ਦਿਲ ਖੋਲ੍ਹ ਕੇ ਰਸਦ-ਪਾਣੀ, ਆਟਾ ਦਾਲਾਂ, ਦੁੱਧ, ਸਬਜ਼ੀਆਂ, ਪਿੰਨੀਆਂ, ਲੱਡੂ, ਸੁੱਕੇ ਮੇਵੇ ਤੇ ਹੋਰ ਅਨੇਕਾਂ ਵਸਤਾਂ ਜਿਸ ਤਰ੍ਹਾਂ ਟਰਾਲੀਆਂ ਭਰ-ਭਰ ਕਿਸਾਨ-ਮੋਰਚੇ ਵਿੱਚ ਪਹੁੰਚਾਈਆਂ ਗਈਆਂ, ਇਸ ਨਾਲ ਇਨ੍ਹਾਂ ਵੱਡੇ ਦਿਲਾਂ ਵਾਲੇ ਲੋਕਾਂ ਦੀ ਦੁਨੀਆ ਭਰ ਵਿੱਚ ਬਹੁਤ ਪ੍ਰਸੰਸਾ ਹੋਈ। ਜਾਤਾਂ-ਪਾਤਾਂ, ਧਰਮਾਂ ਤੇ ਹੋਰ ਵਿਤਕਰਿਆਂ ਤੋਂ ਉੱਪਰ ਉੱਠ ਕੇ ਲੋਕਾਂ ਨੇ ਜਿਸ ਤਰ੍ਹਾਂ ਮਾਨਵੀ ਸਾਂਝ ਦਾ ਪ੍ਰਗਟਾਵਾ ਕੀਤਾ, ਉਸ ਨਾਲ ਲੋਕ ਅਸ਼-ਅਸ਼ ਕਰ ਉੱਠੇ। ਮੋਰਚੇ ਵਿੱਚ ਡਟੇ ਕਿਸਾਨਾਂ ਦੀਆਂ ਫ਼ਸਲਾਂ ਵੀ ਕਈ ਥਾਈਂ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਸਾਂਭੀਆਂ। ਸਮਾਜ ਵੱਲੋਂ ਮਿਲੀ ਸੱਚੀ-ਸੁੱਚੀ ਹਮਦਰਦੀ ਤੇ ਹਮਾਇਤ ਦੀ ਭਾਵਨਾ ਦੀ ਬਦੌਲਤ ਹੀ ਇਹ ਅੰਦੋਲਨ ਏਨਾ ਲੰਮਾ ਸਮਾਂ ਚੱਲ ਸਕਿਆ ਤੇ ਆਖਰ ਹਕੂਮਤ ਨੂੰ ਝੁਕਣਾ ਪਿਆ। ਇਹ ਸਾਂਝ ਸਦਾ ਬਰਕਰਾਰ ਰਹਿਣੀ ਚਾਹੀਦੀ ਸੀ ਪਰ ਪਿੰਡਾਂ ਵਿੱਚ ਕਈ ਤਰ੍ਹਾਂ ਦੇ ਲੜਾਈਆਂ-ਝਗੜੇ ਤੇ ਵੈਰ-ਵਿਰੋਧ ਅਕਸਰ ਸਾਂਝ ਵਿੱਚ ਤਰੇੜਾਂ ਪਾਉਂਦੇ ਦੇਖੇ ਜਾ ਸਕਦੇ ਹਨ। ਇਸ ਅੰਦੋਲਨ ਵਿੱਚ ਮਜ਼ਦੂਰਾਂ, ਕਿਰਤੀਆਂ ਤੇ ਕਾਮਿਆਂ ਨੇ ਵੀ ਆਪਣੀ ਭਰਵੀਂ ਸ਼ਮੂਲੀਅਤ ਕਰਕੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ। ਉਸ ਅੰਦੋਲਨ ਵਿੱਚ ਤਾਂ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਵੀ ਲੱਗਦੇ ਰਹੇ ਪਰ ਜ਼ਮੀਨੀ ਹਕੀਕਤਾਂ ਬਹੁਤ ਕਰੂਰ ਹਨ। ਕਿਤੇ-ਕਿਤੇ ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚ ਕੁਝ ਲੋਕ ਅਖੌਤੀ ਉੱਚੀਆਂ ਜਾਤਾਂ ਦੀ ਹੈਂਕੜ ਦਾ ਪ੍ਰਗਟਾਵਾ ਕਰਦੇ ਹਨ। ਜਿਵੇਂ ਫ਼ਸਲਾਂ ਦੇ ਭਾਅ ਵਧਦੇ ਹਨ, ਸਭ ਚੀਜ਼ਾਂ ਵਸਤਾਂ ਮਹਿੰਗੀਆਂ ਹੋ ਜਾਂਦੀਆਂ ਹਨ ਤਾਂ ਲੋਕਾਂ ਦੇ ਮਨ ਨੂੰ ਬਹੁਤੀ ਤਕਲੀਫ਼ ਨਹੀਂ ਹੁੰਦੀ ਪਰ ਜੇ ਕਿਰਤੀ-ਕਾਮੇ ਆਪਣੀ ਮਜ਼ਦੂਰੀ ਵਧਾਉਣ ਦਾ ਕੋਈ ਫ਼ੈਸਲਾ ਕਰ ਲੈਣ ਤਾਂ ਕਈ ਵਾਰ ਪਿੰਡਾਂ ਵਿੱਚ ਇਸ ਗੱਲ ਨੂੰ ਲੈ ਕੇ ਵਾਦ-ਵਿਵਾਦ ਹੋ ਜਾਂਦਾ ਹੈ। ਕਈ ਵਾਰ ਪਿੰਡਾਂ ਵਿੱਚ ਕਿਰਤੀਆਂ ਦਾ ਬਾਈਕਾਟ ਕਰਕੇ ਨਫ਼ਰਤ ਦਾ ਮਾਹੌਲ ਪੈਦਾ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਬਿਨਾਂ ਕਿਸੇ ਠੋਸ ਕਾਰਨ ਦੇ ਭਾਈਚਾਰਕ ਸਾਂਝ ਵਿੱਚ ਤਰੇੜ ਪੈਦਾ ਹੋ ਜਾਂਦੀ ਹੈ ਜੋ ਸਮਾਜਿਕ ਵਰਤਾਰੇ ਲਈ ਬਹੁਤ ਮਾੜੀ ਗੱਲ ਹੈ।
ਅਸਲ ਵਿੱਚ ਸਿਆਸੀ ਪਾਰਟੀਆਂ ਨੇ ਆਪਣੇ ਹਿੱਤਾਂ ਲਈ ਪਿੰਡਾਂ ਵਿੱਚ ਧੜੇਬੰਦੀ ਪੈਦਾ ਕੀਤੀ ਹੈ। ਆਪਣਾ-ਆਪਣਾ ਬੋਟ-ਬੈਂਕ ਸਥਾਪਿਤ ਕਰਨ ਲਈ ਸਿਆਸੀ ਨੇਤਾਵਾਂ ਨੇ ਪਿੰਡਾਂ ਦੇ ਲੋਕਾਂ ਨੂੰ ਵਰਗਲਾ ਕੇ ਇੱਕ ਦੂਜੇ ਦੇ ਵਿਰੁੱਧ ਖੜ੍ਹੇ ਕਰ ਦਿੱਤਾ ਹੈ। ਸਿਆਸੀ ਨੇਤਾ ਤਾਂ ਆਪਣਾ ਮਕਸਦ ਹੱਲ ਕਰਕੇ ਚਲੇ ਜਾਂਦੇ ਹਨ ਪਰ ਪਿੰਡਾਂ ਦੇ ਲੋਕ ਇੱਕ ਦੂਜੇ ਨਾਲ ਸਦੀਵੀ ਦੁਸ਼ਮਣੀਆਂ ਪੈਦਾ ਕਰਕੇ ਪਿੰਡਾਂ ਨੂੰ ਸਿਆਸਤ ਦਾ ਅਖਾੜਾ ਬਣਾ ਲੈਂਦੇ ਹਨ। ਇਸ ਕਾਰਨ ਹੀ ਕਈ ਵਾਰ ਲੜਾਈਆਂ ਝਗੜੇ ਤੇ ਕਤਲ ਤੱਕ ਹੋ ਜਾਂਦੇ ਹਨ। ਪਿੰਡਾਂ ਦੇ ਲੋਕਾਂ ਨੂੰ ਇਸ ਵਰਤਾਰੇ ਪ੍ਰਤੀ ਚੇਤੰਨ ਹੋਣ ਦੀ ਲੋੜ ਹੈ। ਹਰ ਕਿਸੇ ਨੂੰ ਆਪਣਾ ਫ਼ੈਸਲਾ ਕਰਨ ਦੀ ਖੁੱਲ੍ਹ ਹੈ ਪਰ ਆਪਸੀ ਸਾਂਝ ਨੂੰ ਖੋਰਾ ਨਹੀਂ ਲੱਗਣਾ ਚਾਹੀਦਾ। ਜਿਹੜਾ ਨੇਤਾ ਅਜਿਹਾ ਕਰਦਾ ਹੈ, ਉਸ ਨੂੰ ਪਿੰਡ ਦੇ ਲੋਕਾਂ ਵੱਲੋਂ ਇਹ ਸਪੱਸ਼ਟ ਦੱਸ ਦੇਣਾ ਚਾਹੀਦਾ ਹੈ ਕਿ ਭਾਈਚਾਰਕ ਸਾਂਝ ਨੂੰ ਤੋੜਨ ਦਾ ਕੋਈ ਯਤਨ ਨਾ ਕੀਤਾ ਜਾਵੇ।
ਅਸੀਂ ਅਕਸਰ ਕਹਿੰਦੇ ਹਾਂ ਕਿ ਅੱਜ ਸੰਸਾਰ ਇੱਕ ਪਿੰਡ ਬਣ ਗਿਆ ਹੈ, ਦੂਰੀਆਂ ਮਿਟ ਗਈਆਂ ਹਨ ਪਰ ਨੇੜੇ ਵੱਸਦਿਆਂ ਦੇ ਦੁੱਖਾਂ-ਸੁੱਖਾਂ ਬਾਰੇ ਜਾਣਨ ਦੀ ਅਸੀਂ ਬਹੁਤੀ ਕੋਸ਼ਿਸ਼ ਨਹੀਂ ਕਰਦੇ। ਆਪਸੀ ਮਿਲਵਰਤਣ ਤੇ ਸਾਂਝ ਨਾਲ ਪਿੰਡਾਂ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਮਨਾਂ ਵਿੱਚੋਂ ਸਾਰੇ ਵੈਰ-ਵਿਰੋਧ ਤੇ ਵਿਤਕਰੇ ਭੁਲਾ ਕੇ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨਾ, ਮਨੁੱਖੀ ਜੀਵਨ ਨੂੰ ਹੋਰ ਸੁਚੱਜਾ ਬਣਾਉਣ ਲਈ ਬੇਹੱਦ ਜ਼ਰੂਰੀ ਹੈ।
ਸੰਪਰਕ: 98153-56086