ਡਾਕਟਰਾਂ ਦੇ ਵਸ ਰੱਬ ਭੁੱਲ ਕੇ ਨਾ ਪਾਵੇ...
ਮਨਦੀਪ ਰਿੰਪੀ
ਆਪਬੀਤੀ ਜੱਗਬੀਤੀ
ਕੁਝ ਦਿਨਾਂ ਤੋਂ ਇਹ ਸ਼ਬਦ ਮੇਰੇ ਦਿਲੋ-ਦਿਮਾਗ਼ ’ਚ ਸੂਈਆਂ ਵਾਂਗੂੰ ਚੁਭ ਰਹੇ ਨੇ। ਜਦੋਂ ਮੈਂ ਇਨ੍ਹਾਂ ਬਾਰੇ ਸੋਚਦੀ ਤਾਂ ਇੰਝ ਲੱਗਦਾ ਜਿਵੇਂ ਮੇਰੇ ਮਨ ਦੀਆਂ ਕੰਧਾਂ ’ਚ ਅਨੇਕਾਂ ਕੰਡੇ ਉੱਗ ਆਏ ਹੋਣ ਤੇ ਮੇਰਾ ਮਨ ਉਨ੍ਹਾਂ ਨਾਲ ਪਰੁੰਨਿਆ ਜਾ ਰਿਹਾ ਹੋਵੇ। ਮੈਂ ਇਨ੍ਹਾਂ ਕੰਡਿਆਂ ਨੂੰ ਮਨ ਦੇ ਕੋਨਿਆਂ ’ਚੋਂ ਹੂੰਝ-ਹੂੰਝ ਬਾਹਰ ਕੱਢਣ ਦੀ ਜੱਦੋ-ਜਹਿਦ ਕਰਦੀ ਤਾਂ ਮੇਰੇ ਕਾਲਜੇ ਦਾ ਰੁੱਗ ਭਰ ਆਉਂਦਾ। ਰਾਤ ਨੂੰ ਨੀਂਦ ਦੀ ਬੁੱਕਲ ’ਚ ਕਹਿਣ ਨੂੰ ਤਾਂ ਮੈਂ ਆਪਣੇ ਘਰ ਆਪਣੇ ਬੈੱਡ ’ਤੇ ਹੁੰਦੀ, ਪਰ ਮੈਨੂੰ ਇੰਜ ਲੱਗਦਾ ਜਿਵੇਂ ਮੈਂ ਸਾਰੀ ਰਾਤ ਇੱਕ ਲੰਮੇ ਸਫ਼ਰ ’ਤੇ ਤੁਰੀ ਹੋਵਾਂ...।
ਮੇਰੇ ਚਿਹਰੇ ਤੋਂ ਝਲਕਦੀ ਉਦਾਸੀ ਨੂੰ ਪੜ੍ਹਨ ’ਚ ਮਾਹਿਰ ਮੇਰੀ ਧੀ ਸਿਮਰ ਪੁੱਛਦੀ, ‘‘ਮੰਮੀ! ਤੁਸੀਂ ਉਦਾਸ ਕਿਉਂ ਹੋ? ਕੀ ਹੋਇਆ?’’
ਮੈਂ ਉਹਨੂੰ ਹਰ ਵਾਰ ਸਮਝਾਉਂਦੀ, ‘‘ਪੁੱਤ! ਅਜਿਹਾ ਕੁਝ ਨਹੀਂ... ਨਾ ਹੀ ਮੈਂ ਉਦਾਸ ਹਾਂ ਤੇ ਨਾ ਹੀ ਅਜਿਹਾ ਕੁਝ ਹੋਇਆ ਜਿਸ ਨਾਲ ਮੈਂ ਉਦਾਸ ਹੋਵਾਂ।’’
ਹੁਣ ਉਹ ਮੇਰੇ ਸੱਚ ਤੇ ਝੂਠ ਨੂੰ ਸੁਣਨ ਤੇ ਸਮਝਣ ਦੀ ਸਮਰੱਥਾ ਰੱਖਦੀ ਨਜ਼ਰ ਆਉਂਦੀ। ਉਹ ਮੇਰੇ ਝੂਠ ਨੂੰ ਸੱਚ ਨਹੀਂ ਮੰਨਦੀ ਤੇ ਬੇਝਿਜਕ ਆਖ ਦਿੰਦੀ, ‘‘ਤੁਸੀਂ ਮੈਨੂੰ ਝੂਠ ਨਾ ਬੋਲਿਆ ਕਰੋ... ਮੈਂ ਤੁਹਾਨੂੰ ਵੇਖ ਕੇ ਬੁੱਝ ਲੈਂਦੀ ਹਾਂ ਕਿ ਤੁਹਾਡੇ ਮਨ ’ਚ ਕੀ ਚੱਲ ਰਿਹਾ ਏ? ...ਜਦੋਂ ਤੁਸੀਂ ਖ਼ੁਸ਼ ਹੁੰਦੇ ਹੋ ਤੁਹਾਡੇ ਚਿਹਰੇ ਦਾ ਰੰਗ ਹੀ ਕੁਝ ਹੋਰ ਹੁੰਦਾ ਏ... ਤੁਸੀਂ ਮੈਨੂੰ ਆਨੇ-ਬਹਾਨੇ ਲਾਡ ਲਡਾਉਂਦੇ ਰਹਿੰਦੇ ਹੋ ਪਰ ਜਦੋਂ ਤੁਹਾਡੇ ਮਨ ’ਚ ਕੋਈ ਹੋਰ ਗੱਲ ਹੁੰਦੀ ਏ ਤੁਸੀਂ ਬਹੁਤ ਘੱਟ ਬੋਲਦੇ ਹੋ।’’
ਮੈਂ ਉਹਨੂੰ ਆਪਣੀ ਬੁੱਕਲ ’ਚ ਲੈ ਕੇ ਸਮਝਾਉਣ ਦੀ ਨਾਕਾਮ ਕੋਸ਼ਿਸ਼ ਕਰਦੀ, ‘‘ਪੁੱਤ! ਵੱਡਿਆਂ ਦੀਆਂ ਕਈ ਹੋਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੁੰਦੀਆਂ ਨੇ... ਦੇਖ! ਮੈਨੂੰ ਤੇਰਾ ਤੇ ਤੇਰੇ ਪਾਪਾ ਦਾ ਵੀ ਖਿਆਲ ਰੱਖਣਾ ਪੈਂਦਾ ਏ... ਘਰ ਦੇ ਹੋਰ ਨਿੱਕੇ-ਵੱਡੇ ਕੰਮ ਵੀ ਦੇਖਣੇ ਪੈਂਦੇ ਨੇ। ਇਸ ਕਰਕੇ ਕਈ ਵਾਰ ਥੱਕ ਜਾਂਦੀ ਹਾਂ... ਹੋਰ ਕੁਝ ਨਹੀਂ।’’
ਉਹ ਕਦੇ ਮੇਰੀਆਂ ਇਨ੍ਹਾਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੀ... ਉਂਜ ਵੀ ਜਦੋਂ ਖ਼ਿਆਲਾਂ ਦੀ ਤਾਣੀ ਉਲਝੀ ਹੋਵੇ, ਉਦੋਂ ਚਿਹਰੇ ’ਤੇ ਫੈਲੀ ਨਾਟਕੀ ਮੁਸਕਾਨ ਦੀਆਂ ਲਕੀਰਾਂ ਭਲਾ ਆਪਣੇ ਪਿਆਰਿਆਂ ਨੂੰ ਧੋਖਾ ਕਦੋਂ ਤੱਕ ਦੇ ਸਕਦੀਆਂ ਹਨ?
ਖ਼ੈਰ! ਇਹ ਤਾਂ ਹੁਣ ਰੁਟੀਨ ਹੀ ਬਣ ਗਿਆ ਪਿਛਲੇ ਛੇ-ਸੱਤ ਮਹੀਨਿਆਂ ਤੋਂ ਤੇ ਇਨ੍ਹਾਂ ਛੇ-ਸੱਤ ਮਹੀਨਿਆਂ ਨੇ ਮੇਰੀ ਜ਼ਿੰਦਗੀ ਤੇ ਮੇਰੇ ਖ਼ਿਆਲਾਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਅਸੀਂ ਨਵੰਬਰ ਮਹੀਨੇ ਤੋਂ ਵੱਡੇ ਸ਼ਹਿਰ ਦੇ ਵੱਡੇ ਸਰਕਾਰੀ ਹਸਪਤਾਲ ਦੇ ਚੱਕਰ ਕੱਟ ਰਹੇ ਹਾਂ। ਹੁਣ ਉੱਥੇ ਜਾਣ ਤੋਂ ਕੁਝ ਦਿਨ ਪਹਿਲਾਂ ਹੀ ਮੇਰੇ ਮਨ ’ਚ ਬਹੁਤ ਟੁੱਟ-ਭੰਨ ਜਿਹੀ ਹੋਣ ਲੱਗਦੀ। ਮੇਰੇ ਸਾਹਮਣੇ ਉੱਥੇ ਘੁੰਮਦੇ-ਫਿਰਦੇ ਕਈ ਮਰੀਜ਼ਾਂ ਦੇ ਚਿਹਰੇ ਆਣ ਖਲੋਂਦੇ। ਆਪਮੁਹਾਰੇ ਮੇਰੇ ਹੱਥ ਅਰਦਾਸ ਲਈ ਜੁੜ ਜਾਂਦੇ ਤੇ ਹਰ ਵਾਰ ਮੂੰਹੋਂ ਨਿਕਲਦਾ, ‘‘ਰੱਬਾ! ਸਭ ਨੂੰ ਤੰਦਰੁਸਤੀਆਂ ਬਖਸ਼ੀਂ... ਭੁੱਲਾਂ-ਚੁੱਕਾਂ ਮੁਆਫ਼ ਕਰੀਂ।’’
ਜਿਸ ਦਿਨ ਹਸਪਤਾਲ ਜਾਣਾ ਹੁੰਦਾ ਸਾਨੂੰ ਸਵੇਰੇ ਸਾਝਰੇ ਤੁਰਨਾ ਪੈਂਦਾ। ਮੇਰੇ ਪਤੀ ਨੂੰ ਸਾਂਭਣ ਲਈ ਸਾਡੇ ਨਾਲ ਹੋਰ ਦੋ ਜਣਿਆਂ ਦਾ ਜਾਣਾ ਜ਼ਰੂਰੀ ਬਣ ਜਾਂਦਾ। ਇਨ੍ਹਾਂ ਨੂੰ ਗੱਡੀ ’ਚੋਂ ਚੁੱਕ ਕੇ ਸਟਰੈਚਰ ’ਤੇ ਪਾਉਣਾ, ਸੰਭਾਲਣਾ ਮੇਰੇ ’ਕੱਲੀ ਦੇ ਵੱਸ ਦਾ ਕੰਮ ਨਹੀਂ।
ਪਿਛਲੇ ਦਿਨੀਂ ਅਸੀਂ ਹਸਪਤਾਲ ਗਏ। ਹਮੇਸ਼ਾ ਵਾਂਗੂੰ ਮੇਰੇ ਜੀਵਨ ਸਾਥੀ ਦੇ ਛੋਟੇ ਭਰਾ ਬਾਗੀ ਅਤੇ ਭਣੋਈਆ ਨਰੇਸ਼ ਭਾਅਜੀ ਨੇ ਸਾਡਾ ਸਾਥ ਦਿੱਤਾ। ਸੁਰਿੰਦਰ ਜੀ ਨੂੰ ਨਿਊਰੋ ਅਤੇ ਲਿਵਰ ਡਿਪਾਰਟਮੈਂਟ ਦੋਵਾਂ ਪਾਸੇ ਦਿਖਾਉਣਾ ਹੁੰਦਾ। ਅਕਸਰ ਜਦੋਂ ਅਸੀਂ ਹਸਪਤਾਲ ਪੁੱਜਦੇ, ਮੈਂ ਗੱਡੀ ’ਚੋਂ ਉਤਰ ਨਿਊਰੋ ਵਾਲਾ ਕਾਰਡ ਸਾਂਭਦੀ ਹੋਈ, ਭੀੜ ’ਚੋਂ ਲੰਘਦੀ, ਲੰਬੀ ਲੱਗੀ ਹੋਈ ਕਤਾਰ ’ਚ ਖੜ੍ਹੀ ਹੋ ਉਸੇ ਭੀੜ ’ਚ ਸ਼ਾਮਿਲ ਹੋ ਜਾਂਦੀ। ਉੱਥੇ ਖੜ੍ਹੀ-ਖੜ੍ਹੀ ਵੱਖੋ-ਵੱਖਰੇ ਚਿਹਰਿਆਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੀ ਰਹਿੰਦੀ। ਅੱਠ ਕੁ ਵਜੇ ਖਿੜਕੀ ਖੁੱਲ੍ਹਦੀ ਤੇ ਕਾਰਡ ਜਮ੍ਹਾਂ ਹੋਣ ਲੱਗਦੇ।
ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਕਤਾਰ ’ਚ ਡਿੰਘਾਂ ਪੁੱਟਦੀ-ਪੁੱਟਦੀ, ਖਿੜਕੀ ਕੋਲ ਪਹੁੰਚ ਕਾਰਡ ਜਮ੍ਹਾਂ ਕਰਵਾ 3116 ਨੰਬਰ ਕਮਰੇ ’ਚ ਪਹੁੰਚਣ ਦਾ ਸੁਨੇਹਾ ਸਾਂਭਦੀ ਸਭ ਨੂੰ ਲੱਭਣ ਲੱਗੀ। ਮੈਂ ਤੇ ਬਾਗੀ ਮੇਰੇ ਪਤੀ ਨੂੰ ਲੈ ਕੇ 3116 ਨੰਬਰ ਕਮਰੇ ਦੀ ਭੀੜ ’ਚ ਜਾ ਰਲ਼ੇ। ਮੇਰੇ ਕੰਨ ਮੁੜ ਇਨ੍ਹਾਂ ਦਾ ਨਾਂ ਸੁਣਨ ਲਈ ਚੁਕੰਨੇ ਹੋ ਗਏ।
ਸਾਡੇ ਨਾਲ ਆਏ ਨਰੇਸ਼ ਭਾਅਜੀ ਚੌਥੀ ਮੰਜ਼ਿਲ ’ਤੇ ਲਿਵਰ ਵਾਲਾ ਕਾਰਡ ਜਮ੍ਹਾਂ ਕਰਵਾਉਣ ਲਈ ਕਤਾਰ ’ਚ ਜਾ ਲੱਗੇ। ਉਨ੍ਹਾਂ ਦੇ ਕਾਰਡ ’ਤੇ ਲੜੀ ਨੰਬਰ 29 ਉੱਕਰਿਆ ਗਿਆ ਤੇ ਉਨ੍ਹਾਂ ਦੇ ਕੰਨ ਸਾਡੇ ਵਾਂਗੂੰ ਇਨ੍ਹਾਂ ਦੇ ਨਾਂ ਦੀ ਆਵਾਜ਼ ਸੁਣਨ ਲਈ ਕਮਰਾ ਨੰਬਰ 708ਏ ਦੇ ਦਰਵਾਜ਼ੇ ’ਤੇ ਟੰਗੇ ਗਏ।
ਅਕਸਰ ਉੱਥੇ ਖੜ੍ਹੇ ਕਈ ਮਰੀਜ਼ਾਂ ਨੂੰ ਵੇਖ ਮੇਰੇ ਮੂੰਹੋਂ ਵਾਹਿਗੁਰੂ ਜੀ! ਨਿਕਲ ਜਾਂਦਾ। ਉਸ ਦਿਨ ਵੀ 3116 ਕਮਰੇ ’ਚ ਬੈਠੇ ਇੱਕ ਮਰੀਜ਼ ਆਂਟੀ ਜੀ ਨੂੰ ਵੇਖ ਮੇਰੀਆਂ ਅੱਖਾਂ ਭਰ ਆਈਆਂ। ਬੈਠਣ ਲਈ ਥਾਂ ਨਾ ਹੋਣ ਕਾਰਨ ਮੈਂ ਕਿੰਨਾ ਚਿਰ ਆਪਣੇ ਪਤੀ ਸੁਰਿੰਦਰ ਜੀ ਦੇ ਸਟਰੈਚਰ ਦਾ ਸਹਾਰਾ ਲੈ ਕੇ ਖੜ੍ਹੀ ਰਹੀ। ਫਿਰ ਆਂਟੀ ਜੀ ਦੇ ਨਾਲ ਵਾਲੀ ਸੀਟ ਖਾਲੀ ਹੋਣ ’ਤੇ ਉੱਥੇ ਜਾ ਬੈਠੀ। ਉਨ੍ਹਾਂ ਦੀ ਗਰਦਨ ਲਗਾਤਾਰ ਬਹੁਤ ਤੇਜ਼ੀ ਨਾਲ ਸੱਜੇ-ਖੱਬੇ, ਖੱਬੇ- ਸੱਜੇ ਘੁੰਮੀ ਜਾ ਰਹੀ ਸੀ। ਉਨ੍ਹਾਂ ਦੀਆਂ ਅੱਖਾਂ ਦੇ ਨਾਲ-ਨਾਲ ਪੂਰੇ ਚਿਹਰੇ ਦੀਆਂ ਮਾਸਪੇਸ਼ੀਆਂ ਆਊਟ ਆਫ ਕੰਟਰੋਲ ਸਨ। ਇਸ ਕਾਰਨ ਅੱਖਾਂ ਦੀਆਂ ਪਲਕਾਂ ਵੀ ਤੇਜ਼ੀ ਨਾਲ ਝਪਕੀਆਂ ਜਾ ਰਹੀਆਂ ਸਨ। ਕੋਲ ਬੈਠੀ ਮੈਂ ਹਾਲੇ ਉਨ੍ਹਾਂ ਨਾਲ ਗੱਲ ਕਰਨ ਬਾਰੇ ਸੋਚ ਹੀ ਰਹੀ ਸਾਂ ਕਿ ਉਹ ਮੇਰੇ ਵੱਲ ਵੇਖਦੇ ਹੋਏ ਆਖਣ ਲੱਗੇ, ‘‘ਡਾਕਟਰਾਂ ਦੇ ਵੱਸ ਰੱਬ ਭੁੱਲ ਕੇ ਨਾ ਪਾਵੇ... ਭਾਵੇਂ ਸੰਝ ਸਵੇਰ ਕੋਈ ਸੌ ਜੁੱਤੀ ਮਾਰ ਕੇ ਇੱਕ ਗਿਣੇ।’’
ਇਹ ਸੁਣ ਕੇ ਮੇਰਾ ਮਨ ਉਨ੍ਹਾਂ ਦੀ ਪੀੜ ਵਿੱਚ ਭਿੱਜ ਗਿਆ। ਇੰਨੇ ਨੂੰ ਸਭ ਦਾ ਧਿਆਨ ਮਰੀਜ਼ਾਂ ਦੇ ਨਾਂ ਬੋਲਣ ਵਾਲੇ ਕਰਮਚਾਰੀ ਵੱਲ ਤੁਰ ਪਿਆ। ਉਹ ਇੱਕ ਕਸ਼ਮੀਰੀ ਔਰਤ ਨਾਲ ਉੱਚੀ-ਉੱਚੀ ਬਹਿਸ ਰਿਹਾ ਸੀ। ਉਹ ਔਰਤ ਉਸ ਨੂੰ ਕਾਰਡ ਫੜਨ ਦੀ ਬੇਨਤੀ ਕਰ ਰਹੀ ਸੀ ਤੇ ਉਹ ਡੌਰੂ ਵਾਂਗੂੰ ਨਾਂਹ ਵਿੱਚ ਸਿਰ ਮਾਰਦਾ ਹੋਇਆ ਆਖਣ ਲੱਗਿਆ, ‘‘ਨਹੀਂ, ਮੈਡਮ! ਅਬ ਮੈਂ ਕਾਰਡ ਨਹੀਂ ਲੂੰਗਾ... ਪਹਿਲੇ ਆਪ ਨੇ ਕਾਰਡ ਵਾਪਿਸ ਕਿਊਂ ਲੀਆ? ...ਮੈਨੇ ਬੋਲਾ ਥਾ ਕਿ ਜਲਦੀ ਨੰਬਰ ਆ ਜਾਏਗਾ... ਤਬ ਤੋ ਆਪ ਕਸ਼ਮੀਰ ਤੁਰੇ ਹੁਏ ਥੇ... ਜਾਓ ਅਬ ਅਪਨੇ ਕਸ਼ਮੀਰ... ਆਪ ਕੋ ਕਸ਼ਮੀਰ ਬੁਲਾ ਰਹਾ ਹੈ।’’
ਉਹ ਵਿਚਾਰੀ ਮਿੰਨਤਾਂ ਤਰਲਿਆਂ ’ਤੇ ਉਤਾਰੂ ਸੀ, ‘‘ਪਲੀਜ਼! ਭਾਈ ਸਾਹਬ! ਰਖ ਲੀਜੀਏ ਕਾਰਡ... ਸੁਬਹ ਪਾਂਚ ਵਜੇ ਕੇ ਹਮ ਲਾਈਨ ਮੇਂ ਖੜ੍ਹੇ ਹੈਂ... ਫਿਰ ਕਹੀਂ ਜਾਕਰ ਕਾਰਡ ਜਮਾਂ ਹੂਆ। ਕੋਈ ਐਮਰਜੈਂਸੀ ਥੀ... ਇਸ ਲੀਏ ਕਾਰਡ ਵਾਪਿਸ ਲਿਆ। ਅਬ ਹਮਨੇ ਡਿਸਾਈਡ ਕੀਆ ਕਿ ਡਾਕਟਰ ਕੋ ਦਿਖਾ ਕਰ ਹੀ ਜਾਏਂਗੇ। ਪਲੀਜ਼, ਆਪ ਹਮਾਰਾ ਕਾਰਡ ਰਖ ਲੀਜੀਏ।’’
ਪਰ ਉਹ ਤਾਂ ਕੁਝ ਵੀ ਮੰਨਣ ਤੇ ਸੁਣਨ ਨੂੰ ਤਿਆਰ ਹੀ ਨਹੀਂ ਸੀ। ਜਦੋਂ ਹੋਰ ਮਰੀਜ਼, ਔਰਤ ਨਾਲ ਹਮਦਰਦੀ ਦਿਖਾਉਂਦਿਆਂ ਆਖਣ ਲੱਗੇ, ‘‘ਭਾਈ! ਲੈ ਲੈ ਕਾਰਡ... ਇੱਥੇ ਕਿਹੜਾ ਕੋਈ ਖ਼ੁਸ਼ੀ ਨਾਲ ਆਉਂਦਾ ਏ? ਕੀ ਪਤਾ ਕੀ ਮਜਬੂਰੀ ਹੋਣੀ ਏ!’’ ਤਾਂ ਉਹਨੇ ਆਕੜ ਜਿਹੀ ਨਾਲ ਕਾਰਡ ਲੈ ਕੇ ਰੱਖ ਲਿਆ ਤੇ ਨਾਲ ਹੀ ਕਹਿ ਵੀ ਦਿੱਤਾ, ‘‘ਕਾਰਡ ਤੋ ਮੈਂ ਲੇ ਲੇਤਾ ਹੂੰ... ਪਰ ਸਬ ਕੇ ਬਾਦ ਮੇਂ ਨੰਬਰ ਆਏਗਾ ਅਬ ਆਪਕਾ।’’
ਉਹ ਵਿਚਾਰੀ ਕੁਝ ਨਾ ਬੋਲੀ, ਪਰ ਉਹਦੇ ਚਿਹਰੇ ’ਤੇ ਤਸੱਲੀ ਦੇ ਚਿੰਨ੍ਹ ਉੱਭਰੇ ਕਿ ਚਲੋ ਕਾਰਡ ਤਾਂ ਰੱਖ ਲਿਆ। ਹੁਣ ਵਾਰੀ ਦੀ ਉਮੀਦ ਤਾਂ ਹਰੀ ਹੋ ਗਈ। ਮੈਂ ਹਾਲੇ ਉਹਦੇ ਬਾਰੇ ਸੋਚ ਹੀ ਰਹੀ ਸਾਂ ਕਿ ਆਂਟੀ ਜੀ ਆਖਣ ਲੱਗੇ, ‘‘ਕੀ ਪਤਾ ਵਿਚਾਰੀ ਕਿੰਨੀਆਂ ਕੁ ਮਜਬੂਰੀਆਂ ਦੇ ਜਾਲ ’ਚ ਫਸੀ ਹੋਈ ਏ! ਪਰ ਇੱਥੇ ਦੇ ਕਰਮਚਾਰੀ ਤਾਂ ਰੋਜ਼-ਰੋਜ਼ ਰੋਂਦਿਆਂ-ਕੁਰਲਾਉਂਦਿਆਂ ਮਰੀਜ਼ਾਂ ਨੂੰ ਵੇਖ ਪੱਥਰ ਬਣ ਗਏ ਜਾਪਦੇ ਨੇ।’’
ਮੈਥੋਂ ਉਨ੍ਹਾਂ ਦੀ ਹਾਂ ’ਚ ਹਾਂ ਮਿਲਾਉਂਦਿਆਂ ਪੁੱਛੇ ਬਗੈਰ ਰਿਹਾ ਨਾ ਗਿਆ, ‘‘ਤੁਹਾਨੂੰ ਇਹ ਸਮੱਸਿਆ ਕਿਵੇਂ ਆਈ? ਕੀ ਸ਼ੁਰੂ ਤੋਂ ਹੀ...’’
ਮੇਰਾ ਵਾਕ ਪੂਰਾ ਹੋਣ ਤੋਂ ਪਹਿਲਾਂ ਹੀ ਉਹ ਆਖਣ ਲੱਗੇ, ‘‘ਮੈਂ ਅਪ੍ਰੇਸ਼ਨ ਕਰਾਇਆ ਤਾ ਪਿੱਤੇ ਦਾ... ਅੱਜ ਤੋਂ ਦਸ ਸਾਲ ਪਹਿਲਾਂ। ਪੱਥਰੀ ਤਾਂ ਨਿਕਲ ਗਈ... ਪਰ ਜਾਂਦੀ-ਜਾਂਦੀ ਆਹ ਨਵੀਂ ਬਿਮਾਰੀ ਗਲ ਪਾ ਗਈ। ਪਤਾ ਨੀ ਡਾਕਟਰਾਂ ਤੋਂ ਕੋਈ ਨਸ ਵੱਢੀ ਗਈ ਜਾਂ ਕੀ ਹੋਇਆ? ਰੱਬ ਜਾਣੇ... ਸਾਡੇ ਉੱਥੇ ਲਾਗੇ ਮੈਂ ਗਿੱਲ ਡਾਕਟਰ ਨੂੰ ਦਿਖਾਇਆ... ਉਹਦੀ ਦਵਾਈ ਜੇ ਮੈਂ ਖਾਂਦੀ ਤਾਂ ਮੇਰੀ ਗਰਦਨ ਤੇ ਮੂੰਹ ਮੈਨੂੰ ਟਿਕਣ ਨੀ ਦਿੰਦੇ... ਐਦਾਂ ਈ ਝੂਟੇ ਖਾਈ ਜਾਂਦੇ ਨੇ... ਜੇ ਦਵਾਈ ਨਹੀਂ ਖਾਂਦੀ ਤਾਂ ਮੈਂ ਬੈੱਡ ਤੋਂ ਥੱਲੇ ਪੈਰ ਵੀ ਨੀ ਧਰ ਸਕਦੀ। ਹੁਣ ਜੇ ਦਵਾਈ ਖਾਂਦੀ ਤਾਂ ਮਰਦੀ, ਨਹੀਂ ਖਾਂਦੀ ਤਾਂ ਮਰਦੀ... ਹੁਣ ਸਭ ਪਾਸੇ ਤੋਂ ਧੱਕੇ-ਧੁੱਕੇ ਖਾ ਕੇ ਆਈ ਏਥੇ।’’
‘‘ਤੁਸੀਂ ’ਕੱਲੇ ਆਏ ਹੋ?’’ ਮੈਂ ਪੁੱਛਿਆ।
‘‘ਮੈਥੋਂ ’ਕੱਲੀ ਤੋਂ ਕਿੱਥੇ ਸਾਂਭ ਹੁੰਦਾ ਆਪਣਾ ਆਪ... ਮੇਰੇ ਨਾਲ ਮੇਰੀ ਕੁੜੀ ਆਈ ਨਾਲੇ ਮੇਰਾ ਮੁੰਡਾ। ਕੁੜੀ ਪੜ੍ਹਦੀ ਏ ਕਾਲਜ ’ਚ। ਅੱਜ ਉਹਦੀ ਛੁੱਟੀ ਕਰਾਈ। ਮੁੰਡਾ ਮੇਰਾ ਫਾਰਮਾ ਕੰਪਨੀ ’ਚ ਲੱਗਿਆ ਹੋਇਆ। ਉਹਨੇ ਵੀ ਛੁੱਟੀ ਕਰੀ। ਹੁਣ ਦੇਖੋ! ਕਦ ਵਾਜ ਪੈਂਦੀ ਏ... ਹੈਨ ਤਾਂ ਧੱਕੇ ਈ ਪਰ ਕੀ ਕਰੀਏ?’’
ਉਹਦੀਆਂ ਗੱਲਾਂ ਸੁਣ ਮੇਰਾ ਮਨ ਉਦਾਸੀ ਨਾਲ ਝੰਬਿਆ ਗਿਆ ਤੇ ਮੈਂ ਸੋਚਾਂ ’ਚ ਪੈ ਗਈ ਕਿ ਕਈ ਵਾਰ ਬੰਦਾ ਸੱਚਮੁੱਚ ਕਿੰਨਾ ਬੇਵੱਸ ਹੋ ਜਾਂਦਾ ਕਿ ਆਪਣੇ ਆਪ ਨੂੰ ਵੀ ਸਾਂਭ ਨਹੀਂ ਸਕਦਾ!
ਸਭ ਨੂੰ ਆਪੋ-ਆਪਣਾ ਲਾਹਾ ਕਿ ਛੇਤੀ ਡਾਕਟਰ ਨੂੰ ਵਿਖਾ ਕੇ ਚੱਲੀਏ ਆਪੋ-ਆਪਣੇ ਘਰਾਂ ਨੂੰ। ਕੋਈ ਸਾਢੇ ਕੁ ਗਿਆਰਾਂ ਵਜੇ ਸੁਰਿੰਦਰ ਪਾਲ ਸਿੰਘ ਆਵਾਜ਼ ਮੇਰੇ ਕੰਨਾਂ ’ਚ ਪਈ, ਮੈਂ ਭੱਜ ਕੇ ਆਵਾਜ਼ ਦੇਣ ਵਾਲੇ ਕਰਮਚਾਰੀ ਮੂਹਰੇ ਜਾ ਖੜ੍ਹੀ ਤੇ ‘ਸੁਰਿੰਦਰ ਪਾਲ ਸਿੰਘ’ ਆਖਿਆ ਤਾਂ ਉਹ ਮੇਰੇ ਵੱਲ ਵੇਖਦਾ ਹੋਇਆ, ‘‘ਸੁਰਿੰਦਰ ਪਾਲ ਸਿੰਘ? ...ਇਧਰ ਲਾਈਨ ਮੇਂ ਆਓ... ਕਹਾਂ ਹੈ ਪੇਅਸ਼ੈਂਟ?’’
‘‘ਪੇਅਸ਼ੈਂਟ ਸਟਰੈਚਰ ’ਤੇ।’’
‘‘ਠੀਕ ਐ! ਯੇ ਲੋ... ਆਪ ਕਾ ਕਾਰਡ ਮੈਨੇ ਉਪਰ ਹੀ ਰਖ ਲੀਆ... ਆਪ ਕੋ ਜਲਦੀ ਹੀ ਬੁਲਾ ਲੇਂਗੇਂ।’’
ਉਹਦੀ ਗੱਲ ਸੁਣ ਮੈਂ ਸ਼ੁਕਰ ਮਨਾਇਆ ਕਿ ਚੱਲੋ ਛੇਤੀ ਵਾਰੀ ਆ ਜਾਵੇਗੀ। ਪੰਦਰਾਂ-ਵੀਹ ਮਿੰਟਾਂ ਬਾਅਦ ਮੈਂ ਇਨ੍ਹਾਂ ਦੇ ਨਾਂ ਦੀ ਫਾਈਲ ਚੁੱਕੀ ਡਾਕਟਰ ਮੂਹਰੇ ਬੈਠੀ ਸਾਂ। ਡਾਕਟਰ ਸਾਹਿਬ ਨੇ ਬਹੁਤ ਗੌਰ ਨਾਲ ਇਨ੍ਹਾਂ ਦੀਆਂ ਸਾਰੀਆਂ ਰਿਪੋਰਟਾਂ ਵੇਖੀਆਂ ਤੇ ਆਪਣੇ ਕਮਰੇ ’ਚੋਂ ਬਾਹਰ ਆ, ਸਟਰੈਚਰ ’ਤੇ ਪਏ ਮੇਰੇ ਪਤੀ ਦਾ ਚੈੱਕ-ਅੱਪ ਕੀਤਾ। ਅਸੀਂ ਉੱਥੋਂ ਬਾਰਾਂ ਕੁ ਵਜੇ ਵਿਹਲੇ ਹੋ ਗਏ।
ਹੁਣ ਅਸੀਂ ਇਨ੍ਹਾਂ ਨੂੰ ਲੈ ਕੇ ਚੌਥੀ ਮੰਜ਼ਿਲ ਦੇ ਕਮਰਾ ਨੰਬਰ 708ਏ ਵੱਲ ਤੁਰ ਪਏ। ਉੱਥੇ ਐਨੀ ਕੁ ਭੀੜ ਸੀ ਕਿ ਜਿਸ ਨੂੰ ਵੇਖ ਕੇ ਚੰਗਾ ਭਲਾ ਬੰਦਾ ਬੌਂਦਲ ਜਾਵੇ। ਕੋਈ ਮਰੀਜ਼ ਸਟਰੈਚਰ ਤੇ ਕੋਈ ਵ੍ਹੀਲਚੇਅਰ ’ਤੇ ਆਪਣਿਆਂ ਨਾਲ ਤੰਦਰੁਸਤ ਹੋਣ ਦੀ ਆਸ ਨਾਲ। ਵੇਖ ਮਨ ਨੁੂੰ ਅਜੀਬ ਜਿਹੇ ਭੈਅ ਨੇ ਘੇਰ ਲਿਆ। ਨਰੇਸ਼ ਭਾਅਜੀ ਆਖਣ ਲੱਗੇ, ‘‘ਭੈਣ ਜੀ! ਤੁਸੀਂ ਹਾਲੇ ਭਾਅਜੀ ਨੂੰ ਉੱਧਰ ਹਾਲ ’ਚ ਲੈ ਜਾਓ... ਜਦੋਂ ਆਪਣੀ ਵਾਰੀ ਆਉਣ ਵਾਲੀ ਹੋਈ ਮੈਂ ਫੋਨ ਕਰਦਾਂ।’’
ਮੈਂ ਤੇ ਬਾਗੀ ਇਨ੍ਹਾਂ ਨੂੰ ਲੈ ਕੇ ਹਾਲ ’ਚ ਆ ਗਏ। ਮੇਰੀ ਸਿਹਤ ਪਿਛਲੇ ਦਿਨ ਤੋਂ ਥੋੜ੍ਹੀ ਢਿੱਲੀ ਸੀ। ਹੁਣ ਦੀ ਭੱਜ-ਦੌੜ ’ਚ ਭੁੱਲ ਹੀ ਗਈ ਸੀ ਜਾਂ ਕਹਿ ਲਓ ਸਮਾਂ ਨਹੀਂ ਸੀ ਆਪਣੀ ਪੀੜ ਨੂੰ ਮਹਿਸੂਸ ਕਰਨ ਲਈ, ਪਰ ਹੁਣ ਮੁੜ ਉਡੀਕ ਕਰਨ ਲੱਗੀ ਨਰੇਸ਼ ਭਾਅ ਜੀ ਦੇ ਫੋਨ ਦੀ ਤਾਂ ਆਪਣੀ ਪੀੜ ਸਹਾਰਨੀ ਔਖੀ ਲੱਗਣ ਲੱਗੀ। ਮੈਨੂੰ ਇੰਜ ਲੱਗਿਆ ਜਿਖੇਂ ਮੈਥੋਂ ਖੜ੍ਹਿਆ ਵੀ ਨਹੀਂ ਜਾ ਰਿਹਾ। ਕਿੰਨੀ ਕਮਾਲ ਦੀ ਗੱਲ ਐ! ਜਦੋਂ ਅਸੀਂ ਆਪਣਿਆਂ ਲਈ ਭੱਜ-ਦੌੜ ਕਰ ਰਹੇ ਹੁੰਦੇ ਹਾਂ, ਉਦੋਂ ਸਾਡੀਆਂ ਆਪਣੀਆਂ ਖ਼ੁਦ ਦੀਆਂ ਪੀੜਾਂ ਕਿੰਨੀਆਂ ਬੌਣੀਆਂ ਬਣ ਜਾਂਦੀਆਂ ਨੇ। ਨਰੇਸ਼ ਭਾਅਜੀ ਦਾ ਫੋਨ ਉਡੀਕਦਿਆਂ-ਉਡੀਕਦਿਆਂ ਚਾਰ ਵੱਜ ਗਏ। ਐਨੇ ਨੂੰ ਮੇਰੀ ਨਿਗਾਹ ਇੱਕ ਆਪਣੇ ਹਾਣ ਦੀ ਔਰਤ ’ਤੇ ਪਈ ਜਿਹਦੀਆਂ ਅੱਖਾਂ ’ਚੋਂ ਲਗਾਤਾਰ ਹੰਝੂ ਡੁੱਲ੍ਹ ਰਹੇ ਸਨ। ਉਹ ਉਨ੍ਹਾਂ ਨੂੰ ਆਪਣੇ ਹੱਥਾਂ ਦੀਆਂ ਤਲੀਆਂ ਨਾਲ ਪੂੰਝ-ਪੂੰਝ ਜਿੰਨਾ ਸੁਕਾਉਣ ਦੀ ਕੋਸ਼ਿਸ਼ ਕਰਦੀ, ਉਹ ਓਨੇ ਹੀ ਉੱਛਲ-ਉੱਛਲ ਕੇ ਅੱਖਾਂ ਦੀਆਂ ਕਟੋਰੀਆਂ ’ਚੋਂ ਬਾਹਰ ਆਉੰਦੇ। ਮੇਰਾ ਦਿਲ ਕਰੇ ਮੈਂ ਉਹਦੇ ਕੋਲ ਜਾ ਉਹਦਾ ਦੁੱਖ ਵੰਡਾਵਾਂ। ਮੈਂ ਕਿੰਨੀ ਚਿਰ ਸੋਚਦੀ ਰਹੀ ਕਿ ਪਤਾ ਨਹੀਂ ਉਹਦੇ ਕਿਹੜੇ ਪਿਆਰੇ ਦਾ ਦੁੱਖ ਉਹਦੇ ਕਾਲਜੇ ਨੂੰ ਚੀਰ ਰਿਹਾ ਹੈ? ਐਨੇ ਨੂੰ ਇਨ੍ਹਾਂ ਨੇ ਪਾਣੀ ਮੰਗਿਆ ਤੇ ਜਦੋਂ ਤੱਕ ਮੈਂ ਇਨ੍ਹਾਂ ਨੂੰ ਪਾਣੀ ਪਿਲਾਇਆ ਉਹ ਪਤਾ ਨਹੀਂ ਕਿੱਧਰ ਚਲੇ ਗਈ।
ਘੰਟੇ ਕੁ ਬਾਅਦ ਮੁੜ ਮੈਨੂੰ ਉਹ ਨਜ਼ਰ ਆਈ ਉਹਦੇ ਆਪਣਿਆਂ ਨਾਲ। ਉਹਦੇ ਨਾਲ ਉਹਦਾ ਇੱਕ ਰਿਸ਼ਤੇਦਾਰ ਵ੍ਹੀਲਚੇਅਰ ਖਿੱਚੀ ਜਾ ਰਿਹਾ ਸੀ ਤੇ ਉਹ ਰਿਪੋਰਟਾਂ ਵਾਲੀ ਫਾਈਲ ਸਾਂਭੀ ਨਾਲ-ਨਾਲ ਤੁਰੀ ਹੋਈ ਸੀ। ਉਹਨੇ ਆਪਣੇ ਉਸ ਪਿਆਰੇ ਨੂੰ ਜਿਸ ਲਈ ਉਹਦੀਆਂ ਅੱਖਾਂ ’ਚ ਦਰਦ ਸੀ, ਜਿਹੜਾ ਬੇਵੱਸ ਵ੍ਹੀਲਚੇਅਰ ’ਤੇ ਸੀ ਨੂੰ ਦੂਸਰੇ ਰਿਸ਼ਤੇਦਾਰ ਨਾਲ ਲਿਫਟ ’ਚ ਭੇਜ ਦਿੱਤਾ ਤੇ ਆਪ ਮੁੜ ਉੱਥੇ ਖੜ੍ਹ ਰੋਣ ਲੱਗੀ। ਉਹਨੂੰ ਇੰਜ ਰੋਂਦੀ ਵੇਖ ਨਵੰਬਰ ਦੇ ਦਿਨ ਮੇਰੀਆਂ ਅੱਖਾਂ ਮੂਰੇ ਘੁੰਮਣ ਲੱਗੇ ਜਦੋਂ ਮੈਂ ਵੀ ਹਸਪਤਾਲ ਦੇ ਖੂੰਜਿਆਂ ’ਚ ਖੜ੍ਹ ਇੰਜ ਰੋਂਦੀ ਹੁੰਦੀ ਸਾਂ ਚੋਰੀ-ਚੋਰੀ। ਇਸ ਵਾਰ ਆਪਮੁਹਾਰੇ ਮੇਰੇ ਕਦਮ ਉਹਦੇ ਵੱਲ ਤੁਰ ਪਏ। ਮੇਰੇ ਦਿਲਾਸਾ ਦਿੰਦਿਆਂ ਉਹ ਹੋਰ ਫੁੱਟ ਪਈ ਤੇ ਹਟਕੋਰਿਆਂ ਭਿੱਜੇ ਸੰਘ ਨਾਲ ਉਹਨੇ ਦੱਸਿਆ ਕਿ ਮੇਰੇ ਪਤੀ ਬਿਮਾਰ ਨੇ। ਐਨੇ ਨੂੰ ਉਹਨੂੰ ਕਿਸੇ ਦਾ ਫੋਨ ਆ ਗਿਆ ਤੇ ਉਹ ਫੋਨ ਕੰਨ ਨਾਲ ਲਾ ਪਰ੍ਹੇ ਚਲੇ ਗਈ। ਮੈਂ ਕਿੰਨੀ ਦੂਰ ਤੱਕ ਉਹਨੂੰ ਵੇਖਦੀ ਰਹੀ ਤੇ ਮੁੜ ਇਨ੍ਹਾਂ ਕੋਲ ਆ ਖੜ੍ਹੀ।
ਬਾਗੀ ਨੂੰ ਫੋਨ ਲਾਇਆ ਤਾਂ ਪਹਿਲਾਂ ਵਾਲਾ ਜੁਆਬ ਮਿਲਿਆ ਕਿ ਆਪਣੀ ਵਾਰੀ ਤਾਂ ਹਾਲੇ ਦੂਰ ਐ। ਵਾਰੀ ਨੂੰ ਉਡੀਕਦਿਆਂ-ਉਡੀਕਦਿਆਂ ਅਸੀਂ ਸਾਢੇ ਕੁ ਛੇ ਵਜੇ ਅਸੀਂ ਕਮਰਾ ਨੰਬਰਬ 708ਏ ਅੱਗੇ ਖੜ੍ਹੇ ਸਾਂ। ਹੁਣ ਸਾਡੇ ਅੱਗੇ ਤਿੰਨ ਮਰੀਜ਼ ਸਨ। ਪਹਿਲੇ ਮਰੀਜ਼ ਦੀਆਂ ਰਿਪੋਰਟਾਂ ਵੇਖਦਿਆਂ-ਵੇਖਦਿਆਂ ਡਾਕਟਰ ਸਾਹਿਬ ਨੂੰ ਅੱਧਾ ਘੰਟਾ ਲੱਗ ਗਿਆ। ਦੂਸਰਾ ਮਰੀਜ਼ ਦਸ ਮਿੰਟਾਂ ’ਚ ਵਿਹਲਾ ਹੋ ਗਿਆ। ਐਨੇ ਨੂੰ ਇੱਕ ਬਜ਼ੁਰਗ ਮਾਈ ਜਿਸ ਦੀ ਉਮਰ ਸੱਠ-ਪੈਂਹਠ ਸਾਲ ਦੇ ਕਰੀਬ ਸੀ, ਇੱਕ ਅੱਖ ’ਚ ਮੋਤੀਆ ਸੀ, ਦੂਸਰੀ ਦੀ ਨਿਗਾਹ ਵੀ ਘੱਟ ਹੀ ਜਾਪਦੀ ਸੀ ਤੇ ਲਾਠੀ ਸਹਾਰੇ ਤੁਰਦੀ ਹੋਈ ਸਾਡੇ ਬਰਾਬਰ ਆ ਖੜ੍ਹੀ। ਉਹਨੂੰ ਵੇਖ ਮੁੜ ਸੋਚਾਂ ਦੀਆਂ ਕੀੜੀਆਂ ਮੇਰੇ ਮਨ ਨੂੰ ਕੁਤਰਣ ਲੱਗੀਆਂ।
‘‘ਵਿਚਾਰੀ ਮਾਈ! ਇਸ ਉਮਰ ’ਚ ਧੱਕੇ ਖਾਂਦੀ ਏ। ਕਾਹਦਾ ਮਾਣ ਧੀਆਂ-ਪੁੱਤਾਂ ’ਤੇ ਜਿਹੜੇ ਆਪਣੇ ਮਾਂ-ਪਿਓ ਨਾਲ ਤੁਰ ਨਹੀਂ ਸਕਦੇ? ਜੇ ਇਹਦੇ ਨਾਲ ਕੋਈ ਹੁੰਦਾ ਤਾਂ ਵਿਚਾਰੀ ਨੂੰ ਥੋੜ੍ਹਾ ਸਹਾਰਾ ਹੁੰਦਾ।’’
ਮੇਰੀਆਂ ਸੋਚਾਂ ਦੀਆਂ ਤੰਦਾਂ ਛੇਤੀ ਹੀ ਟੁੱਟ ਗਈਆਂ ਜਦੋਂ ਨਾਂ ਬੋਲਣ ਵਾਲਾ ਕਰਮਚਾਰੀ ਮਾਤਾ ਨੂੰ ਪੁੱਛਣ ਲੱਗਿਆ, ‘‘ਮਾਂ ਜੀ! ਆਪ ਕੇ ਸਾਥ ਕੌਣ ਹੈ?’’
‘‘ਪੁੱਤ! ਮੈਂ ਤਾਂ ’ਕੱਲੀਓ ਆਂ... ਮੇਰੇ ਨਾਲ ਤਾਂ ਕੋਈ ਨੀ।’’
‘‘ਮਾਂ ਜੀ! ਕਿਆ ਨਾਮ ਹੈ?’’
ਨਾਲ ਹੀ ਡਾਕਟਰ ਸਾਹਿਬ ਵੱਲ ਵੇਖਦਾ ਹੋਇਆ, ‘‘ਸਰ! ਪਹਿਲੇ ਇਨਹੇ ਦੇਖ ਲੇਂ... ਕਿੱਥੇ ਬੇਚਾਰੀ ਧੱਕੇ ਖਾਏਗੀ ਅੱਧੀ ਰਾਤ ਨੂੰ?’’
ਮੁੜ ਮਾਈ ਨੂੰ ਪੁੱਛਣ ਲੱਗਿਆ, ‘‘ਮਾਤਾ ਜੀ! ਕਿੱਥੋਂ ਆਏ?’’ ਹੁਣ ਉਹ ਹਿੰਦੀ ਛੱਡ ਬੜੀ ਵਧੀਆ ਪੰਜਾਬੀ ਬੋਲਣ ਲੱਗਿਆ।
ਮੈਨੂੰ ਉਸ ਕਰਮਚਾਰੀ ਦੀ ਉਸ ਮਾਈ ਲਈ ਹਮਦਰਦੀ ਚੰਗੀ ਲੱਗੀ ਪਰ ਮੇਰੇ ਤੋਂ ਮੂਹਰੇ ਵਾਲੀ ਔਰਤ ਮਰੀਜ਼ ਨੇ ਰੌਲ਼ਾ ਪਾ ਲਿਆ, ‘‘ਅਸੀਂ ਵੀ ਤਾਂ ਸਵੇਰੇ ਸਾਝਰੇ ਦੇ ਖੜ੍ਹੇ ਹਾਂ ਲਾਈਨ ’ਚ... ਅਸੀਂ ਵੀ ਘਰ ਜਾਣਾ ਏ... ਐਦਾਂ ਕਿੱਦਾ ਇਨ੍ਹਾਂ ਦਾ ਕਾਰਡ ਉੱਪਰ ਰੱਖ ਦਿੱਤਾ?’’
ਕਰਮਚਾਰੀ ਬੀਬੀ ਨੂੰ ਸ਼ਾਂਤ ਕਰਦਿਆਂ ਆਖਣ ਲੱਗਾ, ‘‘ਅਰੇ ਭਾਈ! ਮਾਤਾ ਜੀ ਕੀ ਉਮਰ ਤੋ ਦੇਖੋ... ਕਹੀਂ ਗਿਰ ਜਾਏਗੀ... ਚੋਟ-ਵੋਟ ਲਗ ਜਾਏਗੀ।’’
ਐਨੇ ਨੂੰ ਉਕਤ ਔਰਤ ਮਰੀਜ਼ ਦੇ ਮੁੰਡਾ ਤੇ ਕੁੜੀ ਵੀ ਇੱਕੋ ਸਾਹ ‘‘ਹਮਨੇ ਭੀ ਜਾਨਾ ਹੈ... ਡੇਢ ਸੌ ਕਿਲੋਮੀਟਰ... ਕੋਈ ਹਮਾਰੇ ਬਾਰੇ ਮੇਂ ਭੀ ਸੋਚੋ।’’
ਮੈਨੂੰ ਉਨ੍ਹਾਂ ਦੀ ਬਹਿਸ ਹੈਰਾਨੀ ’ਚ ਪਾ ਰਹੀ ਸੀ ਕਿ ਜਿੱਥੇ ਸਵੇਰ ਦੇ ਖੜ੍ਹੇ ਉੱਥੇ ਹੁਣ ਦਸ-ਪੰਦਰਾਂ ਮਿੰਟਾਂ ’ਚ ਕੀ ਫ਼ਰਕ ਪੈਣ ਲੱਗਿਆ ਹੈ? ਇਨਸਾਨੀਅਤ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ।
ਡਾਕਟਰ ਸਾਹਿਬ ਰੌਲ਼ਾ-ਰੱਪਾ ਖਤਮ ਕਰਨ ਲਈ ਔਰਤ ਮਰੀਜ਼ ਦਾ ਕਾਰਡ ਵੇਖਣ ਲੱਗੇ। ਉਸ ਤੋਂ ਬਾਅਦ ਮਾਈ ਦੀ ਵਾਰੀ ਆਈ। ਡਾਕਟਰ ਸਾਹਿਬ ਬੜੀ ਹਮਦਰਦੀ ਤੇ ਸਤਿਕਾਰ ਨਾਲ ਬੋਲੇ, ‘‘ਮਾਤਾ ਜੀ! ਯੇ ਕਾਰਡ ਕਿਸ ਕਾ ਹੈ?’’
ਮਾਤਾ ਭਰੇ ਮਨ ਨਾਲ ਆਖਣ ਲੱਗੀ, ‘‘ਮੇਰੇ ਪੁੱਤ ਦਾ ਐ... ਉਹ ਮੰਜੇ ’ਤੇ ਆ... ਘਰ ’ਚ ਹੋਰ ਕੋਈ ਨਹੀਂ ਆਉਣ ਵਾਲਾ ਤਾਂ ਕਰਕੇ ਮੈਂ ਆਈ।’’
ਡਾਕਟਰ ਸਾਹਿਬ ਨੇ ਬੜੀ ਤਸੱਲੀ ਨਾਲ ਸਾਰੀਆਂ ਰਿਪੋਰਟਾਂ ਵੇਖੀਆਂ ਤੇ ਹੋਰ ਟੈਸਟ ਤੇ ਦਵਾਈਆਂ ਲਿਖ ਦਿੱਤੀਆਂ। ਮਾਈ ਰਿਪੋਰਟਾਂ ਸਾਂਭਦੀ-ਸਾਂਭਦੀ ਲਾਠੀ ਸਹਾਰੇ ਕਮਰੇ ’ਚੋਂ ਬਾਹਰ ਆ ਗਈ। ਮੈਂ ਸੋਚਣ ਲੱਗੀ, ਮਾਈ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਜਿਹੜੀ ਔਲਾਦ ਨੇ ਉਹਦੇ ਬੁਢਾਪੇ ਦਾ ਸਹਾਰਾ ਬਣਨਾ ਏ, ਉਸੇ ਔਲਾਦ ਦੀਆਂ ਦਵਾਈਆਂ ਉਹਨੂੰ ਇੰਜ ਬੁਢਾਪੇ ’ਚ ਢੋਣੀਆਂ ਪੈਣਗੀਆਂ!
ਹੁਣ ਜਾ ਕੇ ਕਿਤੇ ਸਾਡੀ ਵਾਰੀ ਆਈ। ਡਾਕਟਰ ਸਾਹਿਬ ਨੇ ਸਾਰੀਆਂ ਟੈਸਟ ਰਿਪੋਰਟਾਂ ਵੇਖ, ਪਹਿਲੀਆਂ ਦਵਾਈਆਂ ਵੀ ਚਾਲੂ ਰੱਖਣ ਦੀ ਸਲਾਹ ਦੇ ਕੇ ਇਨ੍ਹਾਂ ਦਾ ਚੈੱਕ-ਅੱਪ ਕੀਤਾ। ਅਸੀਂ ਸਵੇਰੇ ਛੇ ਵਜੇ ਦੇ ਘਰੋਂ ਨਿਕਲੇ ਹੋਏ ਰਾਤੀ ਸਾਢੇ ਕੁ ਨੌਂ ਵਜੇ ਘਰ ਪੁੱਜੇ।
ਘਰ ਪਹੁੰਚਣ ਦੀ ਦੇਰ ਸੀ ਕਿ ਮੇਰਾ ਦਰਦ ਮੁੜ ਰੜਕਣ ਲੱਗਿਆ ਤੇ ਮੇਰੀ ਭੁੱਖ ਵੀ ਮਰ ਗਈ। ਸੱਚਮੁੱਚ! ਅਸੀਂ ਆਪਣਿਆਂ ਲਈ ਆਪਣੇ ਆਪ ਨੂੰ ਹੀ ਭੁੱਲ ਜਾਂਦੇ ਹਾਂ... ਪਹਿਲਾਂ ਕਦੇ ਸੋਚਿਆ ਨਹੀਂ ਸੀ ਕਿ ਕਦੇ ਐਦਾਂ ਵੀ ਹੁੰਦਾ ਏ। ਜਦੋਂ ਇਹ ਨਵੰਬਰ ਵਿੱਚ ਹਸਪਤਾਲ ਦਾਖ਼ਲ ਸਨ ਉਦੋਂ ਥੋੜ੍ਹੇ ਦਿਨਾਂ ’ਚ ਹੀ ਇਨ੍ਹਾਂ ਦੀ ਫ਼ਿਕਰ ਨਾਲ ਮੇਰਾ ਆਪਣਾ ਭਾਰ ਚਾਰ-ਪੰਜ ਕਿਲੋ ਘਟ ਗਿਆ ਤੇ ਮੇਰਾ ਸਾਰਾ ਸਰੀਰ ਹਰ ਵੇਲੇ ਦਰਦ ਨਾਲ ਵਿੰਨ੍ਹਿਆ ਰਹਿੰਦਾ। ਹੁਣ ਜਦੋਂ ਇਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਣ ਲੱਗਿਆ ਤਾਂ ਡਾਕਟਰ ਦੀ ਸਲਾਹ ਨਾਲ ਆਪਣੇ ਟੈਸਟ ਕਰਵਾਏ ਤਾਂ ਪਤਾ ਲੱਗਿਆ ਵਿਟਾਮਿਨ ਡੀ ਤੇ ਆਇਰਨ ਦੀ ਘਾਟ ਹੈ। ਸੱਚਮੁੱਚ! ਅਸੀਂ ਆਪਣਿਆਂ ਦੀਆਂ ਫ਼ਿਕਰਾਂ ਨਾਲ ਵੀ ਆਪਣੇ ਕਈ ਬਿਮਾਰੀਆਂ ਸਹੇੜ ਲੈਂਦੇ ਹਾਂ। ਅਜਿਹਾ ਸਮਾਂ ਇਮਤਿਹਾਨ ਦਾ ਵੀ ਹੁੰਦਾ ਏ, ਜਦੋਂ ਪਤਾ ਲੱਗਦਾ ਏ ਕਿ ਕੌਣ ਸਾਡੇ ਨਾਲ ਖੜ੍ਹਦਾ ਤੇ ਕੌਣ ਪਾਸਾ ਵੱਟ ਕੋਲੋਂ ਦੀ ਲੰਘ ਗਿਆ।
ਸੰਪਰਕ: 98143-85918