For the best experience, open
https://m.punjabitribuneonline.com
on your mobile browser.
Advertisement

ਹਾਥਰਸ ਕਾਂਡ ਦੇ ਪੀੜਤਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ: ਰਾਹੁਲ ਗਾਂਧੀ

06:32 AM Jul 06, 2024 IST
ਹਾਥਰਸ ਕਾਂਡ ਦੇ ਪੀੜਤਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ  ਰਾਹੁਲ ਗਾਂਧੀ
ਕਾਂਗਰਸ ਆਗੂ ਰਾਹੁਲ ਗਾਂਧੀ ਹਾਥਰਸ ਘਟਨਾ ਦੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ
Advertisement

ਹਾਥਰਸ (ਉੱਤਰ ਪ੍ਰਦੇਸ਼), 5 ਜੁਲਾਈ
ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਹਾਥਰਸ ਵਿੱਚ ਭਗਦੜ ਘਟਨਾ ਦੇ ਪੀੜਤ ਪਰਿਵਾਰਾਂ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਪੀੜਤਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਮਾਮਲਾ ਸੰਸਦ ਵਿੱਚ ਵੀ ਉਠਾਉਣਗੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਮੁੜ ਨਾ ਵਾਪਰੇ। ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਪੀਲ ਕੀਤੀ ਕਿ ਉਹ ਪੀੜਤਾਂ ਨੂੰ ਜਲਦੀ ਤੋਂ ਜਲਦੀ ਅਤੇ ਖੁੱਲ੍ਹੇ ਦਿਲ ਨਾਲ ਜ਼ਿਆਦਾ ਤੋਂ ਜ਼ਿਆਦਾ ਮੁਆਵਜ਼ਾ ਰਾਸ਼ੀ ਜਾਰੀ ਕਰਨ। ਉੱਧਰ, ਮੁੱਖ ਮੁਲਜ਼ਮ ਦੇਵਪ੍ਰਕਾਸ਼ ਮਧੁਕਰ ਨੇ ਦਿੱਲੀ ਵਿੱਚ ਪੁਲੀਸ ਕੋਲ ਆਤਮਸਮਰਪਣ ਕਰ ਦਿੱਤਾ। ਰਾਹੁਲ ਨੇ ਸਤਿਸੰਗ ਵਿੱਚ ਭਗਦੜ ਮਚਣ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਘਟਨਾ ਵਿੱਚ 121 ਵਿਅਕਤੀਆਂ ਦੀ ਮੌਤ ਹੋ ਗਈ ਸੀ। ਹਾਥਰਸ ਜਾਂਦੇ ਹੋਏ ਰਾਹੁਲ ਗਾਂਧੀ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਅਲੀਗੜ੍ਹ ਵਿੱਚ ਵੀ ਰੁਕੇ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ। ਹਾਥਰਸ ’ਚ ਅੱਜ ਸਵੇਰੇ ਮੀਡੀਆ ਨਾਲ ਗੱਲਬਾਤ ਦੌਰਾਨ ਗਾਂਧੀ ਨੇ ਕਿਹਾ, ‘‘ਇਹ ਕਾਫੀ ਮੰਦਭਾਗੀ ਗੱਲ ਹੈ ਕਿ ਐਨੇ ਲੋਕ ਦੁਖੀ ਹੋਏ, ਐਨੇ ਲੋਕਾਂ ਦੀਆਂ ਜਾਨਾਂ ਗਈਆਂ।’’ ਉੱਧਰ, ਹਾਥਰਸ ਦੇ ਵਿਭਵ ਨਗਰ ਇਲਾਕੇ ਵਿੱਚ ਇਕ ਪਾਰਕ ਦੇ ਬਾਹਰ ਖੜ੍ਹੇ ਵਿਨੀਤ ਕੁਮਾਰ (26) ਨੇ ਕਿਹਾ, ‘‘ਹਰ ਕੋਈ ਸਿਆਸਤ ਕਰਨ ਵਿੱਚ ਲੱਗਾ ਹੋਇਆ ਹੈ। ਇਹ ਚੰਗੀ ਗੱਲ ਹੈ ਕਿਸੇ ਨੇ ਇੱਥੇ ਆਉਣ ਬਾਰੇ ਸੋਚਿਆ।’’ ਇਸੇ ਇਲਾਕੇ ਵਿੱਚ ਕਾਂਗਰਸੀ ਆਗੂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਕੁਮਾਰ ਇਸ ਵੇਲੇ ਕਰਮਚਾਰੀ ਚੋਣ ਕਮਿਸ਼ਨ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ਇਕੱਲਾ ਉਹੀ ਨਹੀਂ ਹੈ ਜੋ ਅਜਿਹਾ ਸੋਚਦਾ ਹੈ ਬਲਕਿ ਹੋਰਾਂ ਨੌਜਵਾਨਾਂ ਦੀਆਂ ਵੀ ਇਹੀ ਭਾਵਨਾਵਾਂ ਸਨ। ਇਕ ਹੋਰ ਨੌਜਵਾਨ ਸ਼ੁਭਮ ਭਾਰਤੀ (27) ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਹ ਚੰਗੀ ਗੱਲ ਹੈ ਕਿ ਰਾਹੁਲ ਗਾਂਧੀ ਦਾ ਇਹ ਦੌਰਾ ਭਗਦੜ ਪੀੜਤਾਂ ਨੂੰ ਮਿਲਣ ਲਈ ਸੀ। ਘੱਟੋ-ਘੱਟ ਕੋਈ ਪ੍ਰਸਿੱਧ ਸਿਆਸਤਦਾਨ ਤਾਂ ਵਿਭਵ ਨਗਰ ਵਿੱਚ ਪਹੁੰਚਿਆ। ਇਸੇ ਤਰ੍ਹਾਂ ਮਹੇਂਦਰ (26) ਨੇ ਕਿਹਾ ਕਿ ਲੋਕ ਰਾਹੁਲ ਨੂੰ ਮਿਲਣ ਲਈ ਉਤਸ਼ਾਹਿਤ ਸਨ। -ਪੀਟੀਆਈ/ਏਐੱਨਆਈ

Advertisement

ਹਾਥਰਸ ਕਾਂਡ ਦੇ ਪੀੜਤ ਪਰਿਵਾਰ ਨੂੰ ਮਿਲਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਪ੍ਰਸ਼ਾਸਨ ਦੀਆਂ ਗਲਤੀਆਂ ਨੂੰ ਦੱਸਿਆ ਘਟਨਾ ਦਾ ਕਾਰਨ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਸਿਆਸਤ ਨਹੀਂ ਕਰਨਾ ਚਾਹੁੰਦੇ ਪਰ ਪ੍ਰਸ਼ਾਸਨ ਨੇ ਵੀ ਗਲਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ, ‘‘ਮੈਂ ਸਿਆਸੀ ਨਜ਼ਰੀਏ ਤੋਂ ਨਹੀਂ ਬੋਲਣਾ ਚਾਹੁੰਦਾ ਹਾਂ ਪਰ ਪ੍ਰਸ਼ਾਸਨ ਵੱਲੋਂ ਕੁਝ ਗ਼ਲਤੀਆਂ ਹੋਈਆਂ ਹਨ। ਕੁਝ ਗ਼ਲਤੀਆਂ ਹੋਈਆਂ ਹਨ ਜਿਨ੍ਹਾਂ ਦੀ ਪਛਾਣ ਕਰਨੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਸਤਿਸੰਗ ਮੌਕੇ ਉੱਥੇ ਪੁਲੀਸ ਮੌਜੂਦ ਨਹੀਂ ਸੀ, ਜਿਸ ਕਾਰਨ ਭਗਦੜ ਮਚੀ।

Advertisement

ਸਿਟ ਨੇ 90 ਬਿਆਨ ਦਰਜ ਕੀਤੇ

ਹਾਥਰਸ: ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਹਾਥਰਸ ਭਗਦੜ ਘਟਨਾ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਹੁਣ ਤੱਕ ਇਸ ਸਬੰਧ ਵਿੱਚ 90 ਬਿਆਨ ਦਰਜ ਕੀਤੇ ਹਨ। ਇਹ ਜਾਣਕਾਰੀ ਅੱਜ ਸਿਟ ਦੀ ਮੁਖੀ ਅਤੇ ਪੁਲੀਸ ਦੀ ਵਧੀਕ ਡਾਇਰੈਕਟਰ ਜਨਰਲ ਅਨੁਪਮ ਕੁਲਸ਼ੇਤਰਾ ਨੇ ਦਿੱਤੀ। ਪੀਟੀਆਈ ਨਾਲ ਗੱਲਬਾਤ ਦੌਰਾਨ ਏਡੀਜੀਪੀ ਕੁਲਸ਼ੇਤਰਾ ਨੇ ਕਿਹਾ, ‘‘ਹੁਣ ਤੱਕ 90 ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਇਕ ਮੁੱਢਲੀ ਰਿਪੋਰਟ ਦਾਖ਼ਲ ਕੀਤੀ ਜਾ ਚੁੱਕੀ ਹੈ ਜਦਕਿ ਵਿਸਥਾਰਤ ਰਿਪੋਰਟ ਲਈ ਕੰਮ ਚੱਲ ਰਿਹਾ ਹੈ। ਪੁਲੀਸ ਜਾਂਚ ਦੀ ਸਥਿਤੀ ਸਬੰਧੀ ਅਧਿਕਾਰੀ ਨੇ ਕਿਹਾ ਕਿ ਜਾਂਚ ਦਾ ਦਾਇਰਾ ਵਧ ਗਿਆ ਹੈ ਕਿਉਂਕਿ ਹੋਰ ਸਬੂਤ ਸਾਹਮਣੇ ਆਏ ਹਨ।’’ ਉਨ੍ਹਾਂ ਕਿਹਾ, ‘‘ਹੁਣ ਤੱਕ ਮਿਲੇ ਸਬੂਤਾਂ ਤੋਂ ਪ੍ਰੋਗਰਾਮ ਦੇ ਪ੍ਰਬੰਧਕਾਂ ਦੀ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ।’’ -ਪੀਟੀਆਈ

Advertisement
Author Image

sanam grng

View all posts

Advertisement