ਮੌਜਾਂ ਹੀ ਮੌਜਾਂ: ‘ਪਾਵਰਫੁੱਲ’ ਕਿਸਾਨਾਂ ਨੂੰ ਖੇਤਾਂ ਲਈ 24 ਘੰਟੇ ਸਪਲਾਈ..!
ਚਰਨਜੀਤ ਭੁੱਲਰ
ਚੰਡੀਗੜ੍ਹ, 21 ਅਗਸਤ
ਪੰਜਾਬ ਦੇ ਕਰੀਬ ਨੌ ਹਜ਼ਾਰ ਰਸੂਖਵਾਨ ਕਿਸਾਨਾਂ ਨੂੰ ਮੌਜਾਂ ਹੀ ਮੌਜਾਂ ਹਨ। ਇਨ੍ਹਾਂ ਨੂੰ ਖੇਤੀ ਸੈਕਟਰ ਲਈ 24 ਘੰਟੇ ਬਿਜਲੀ ਮਿਲ ਰਹੀ ਹੈ। ਸਮੁੱਚੇ ਪੰਜਾਬ ’ਚ ਖੇਤੀ ਸੈਕਟਰ ਨੂੰ ਝੋਨੇ ਦੇ ਸੀਜ਼ਨ ’ਚ ਬਿਜਲੀ ਅੱਠ ਘੰਟੇ ਮਿਲਦੀ ਹੈ ਪਰ ਇਨ੍ਹਾਂ ਨੌ ਹਜ਼ਾਰ ਕਿਸਾਨਾਂ ਨੂੰ ਦਿਨ-ਰਾਤ ਬਿਜਲੀ ਮਿਲਦੀ ਹੈ। ਪਾਵਰਕੌਮ ਕੋਲ ਇੰਨੀ ਤਾਕਤ ਨਹੀਂ ਜਾਪਦੀ ਕਿ ਉਹ ਇਨ੍ਹਾਂ ‘ਪਾਵਰਫੁੱਲ’ ਕਿਸਾਨਾਂ ਨੂੰ ਹੱਥ ਪਾ ਸਕੇ। ਇਨ੍ਹਾਂ ਕਿਸਾਨਾਂ ਦੀਆਂ ਖੇਤੀ ਮੋਟਰਾਂ ਸ਼ਹਿਰੀ ਫੀਡਰਾਂ ਜਾਂ 24 ਘੰਟੇ ਬਿਜਲੀ ਸਪਲਾਈ ਵਾਲੇ ਫੀਡਰਾਂ ਨਾਲ ਜੁੜੀਆਂ ਹੋਈਆਂ ਹਨ।
ਪਾਵਰਕੌਮ ਨੇ ਅੰਦਾਜ਼ਾ ਲਾਇਆ ਹੈ ਕਿ ਇਨ੍ਹਾਂ ਨੌ ਹਜ਼ਾਰ ਖੇਤੀ ਮੋਟਰਾਂ ਕਾਰਨ ਸਾਲਾਨਾ ਕਰੀਬ 100 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ। ਅਧਿਕਾਰਤ ਤੌਰ ’ਤੇ ਇਨ੍ਹਾਂ ਖੇਤੀ ਮੋਟਰਾਂ ਨੂੰ ਸਿਰਫ਼ ਅੱਠ ਘੰਟੇ ਬਿਜਲੀ ਸਪਲਾਈ ਮਿਲਣੀ ਚਾਹੀਦੀ ਹੈ ਪਰ ਇਨ੍ਹਾਂ ਕਿਸਾਨਾਂ ’ਤੇ ਸਿਆਸੀ ਹੱਥ ਹੋਣ ਕਰ ਕੇ ਖੇਤੀ ਮੋਟਰਾਂ ਦਿਨ-ਰਾਤ ਚੱਲ ਰਹੀਆਂ ਹਨ। ਇਕੱਲੇ ਤਰਨ ਤਾਰਨ ਜ਼ਿਲ੍ਹੇ ਵਿਚ ਹੀ ਕਰੀਬ ਪੰਜ ਹਜ਼ਾਰ ਮੋਟਰਾਂ ਹਨ, ਜਿਨ੍ਹਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਅਧਿਕਾਰੀ ਆਖਦੇ ਹਨ ਕਿ ਜਦੋਂ ਪੰਜਾਬ ਵਿਚ 2010-11 ਵਿਚ ਖੇਤੀ ਫੀਡਰਾਂ ਨੂੰ ਅਲੱਗ ਕੀਤਾ ਗਿਆ ਸੀ ਤਾਂ ਇਨ੍ਹਾਂ ਰਸੂਖਵਾਨਾਂ ਕਿਸਾਨਾਂ ਦੀਆਂ ਖੇਤੀ ਮੋਟਰਾਂ ਨੂੰ ਖੇਤੀ ਫੀਡਰਾਂ ਨਾਲ ਜੋੜਨ ਨਹੀਂ ਦਿੱਤਾ ਗਿਆ ਸੀ। ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਪਾਵਰਕੌਮ ਦੇ ਅਧਿਕਾਰੀ ਇਨ੍ਹਾਂ ਰਸੂਖਵਾਨਾਂ ਅੱਗੇ ਨਿਹੱਥੇ ਹੋ ਗਏ ਸਨ। ਪਾਵਰਕੌਮ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੇ ਜਦੋਂ ਵੀ ਇਨ੍ਹਾਂ ਖੇਤੀ ਮੋਟਰਾਂ ਨੂੰ 24 ਘੰਟੇ ਸਪਲਾਈ ਨਾਲੋਂ ਕੱਟ ਕੇ ਖੇਤੀ ਫੀਡਰਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਸਿਆਸਤਦਾਨ ਅੜਿੱਕਾ ਬਣ ਗਏ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਹਲਕਾ ਪੱਟੀ ਇਸ ਮਾਮਲੇ ਵਿਚ ਸਭ ਤੋਂ ਅੱਗੇ ਹੈ। ਇਨ੍ਹਾਂ ਰਸੂਖਵਾਨ ਕਿਸਾਨਾਂ ਦੀ ਪਿੱਠ ’ਤੇ ਅੱਜ ਵੀ ਮੌਕੇ ਦੇ ਸਿਆਸਤਦਾਨ ਖੜ੍ਹੇ ਹਨ, ਜਿਸ ਕਰ ਕੇ ਅਧਿਕਾਰੀ ਅੱਜ ਵੀ ਬੇਵੱਸ ਹਨ। ਇਸੇ ਤਰ੍ਹਾਂ ਕੰਡੀ ਖੇਤਰ ਵਿਚ ਵੀ ਅਜਿਹਾ ਚੱਲ ਰਿਹਾ ਹੈ। ਖਰੜ ਅਤੇ ਜ਼ੀਰਕਪੁਰ ਦੇ ਆਸ ਪਾਸ ਵੀ ਅਜਿਹਾ ਹੀ ਮਾਹੌਲ ਹੈ। ਬਾਘਾ ਪੁਰਾਣਾ ਹਲਕੇ ’ਚ ਵੀ 24 ਘੰਟੇ ਬਿਜਲੀ ਸਪਲਾਈ ਨਾਲ ਖੇਤੀ ਮੋਟਰਾਂ ਜੁੜੀਆਂ ਹੋਈਆਂ ਹਨ।
ਲਹਿਰਾ ਮੁਹੱਬਤ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਦੇ ਕਸਬਾ ਫੂਲ ਵਿਚ ਵੀ ਦਰਜਨਾਂ ਖੇਤੀ ਮੋਟਰਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਪਾਵਰਕੌਮ ਵੱਲੋਂ ਅਜਿਹੇ ਕੁਨੈਕਸ਼ਨਾਂ ਦਾ ਵੇਰਵਾ ਤਿਆਰ ਕੀਤਾ ਗਿਆ ਹੈ। ਪੰਜਾਬ ਦਾ ਕੋਈ ਕੋਨਾ ਇਸ ਤੋਂ ਬਚਿਆ ਨਹੀਂ ਹੈ। ਪੰਜਾਬ ਵਿਚ ਕੁੱਲ 12 ਹਜ਼ਾਰ ਫੀਡਰ ਹਨ, ਜਿਨ੍ਹਾਂ ’ਚੋਂ 6600 ਖੇਤੀ ਫੀਡਰ ਹਨ। ਮੌਜੂਦਾ ਹਕੂਮਤ ਅੱਗੇ ਇਹ ਵੱਡੀ ਚੁਣੌਤੀ ਵੀ ਹੈ ਕਿ ਰਸੂਖਵਾਨਾਂ ਕਿਸਾਨਾਂ ਦੇ ਗੱਠਜੋੜ ਨੂੰ ਕਿਵੇਂ ਤੋੜਿਆ ਜਾਵੇ। ਸਰਹੱਦੀ ਖੇਤਰ ਵਿਚ ਇਸ ਤਰ੍ਹਾਂ ਦਾ ਰੁਝਾਨ ਸਭ ਤੋਂ ਜ਼ਿਆਦਾ ਹੈ। ਪੰਜਾਬ ਵਿਚ ਕਰੀਬ 14 ਲੱਖ ਖੇਤੀ ਕੁਨੈਕਸ਼ਨ ਹਨ, ਜਿਨ੍ਹਾਂ ’ਚੋਂ 9 ਹਜ਼ਾਰ ਕਿਸਾਨ ਦਿਨ ਰਾਤ ਸਪਲਾਈ ਲੈ ਰਹੇ ਹਨ ਜਦੋਂ ਕਿ ਬਾਕੀ ਕਿਸਾਨ ਆਖਦੇ ਹਨ ਕਿ ਉਨ੍ਹਾਂ ਦੀ ਕੀ ਕਸੂਰ ਹੈ।
ਪੰਜ ਧਾਰਮਿਕ ਸਥਾਨਾਂ ਵੱਲੋਂ ਸਿੱਧੀ ਕੁੰਡੀ
ਮਜੀਠਾ ਹਲਕੇ ਦੇ ਪਿੰਡ ਨੰਗਲੀ ਵਿਚ ਅੱਜ ਪੰਜ ਧਾਰਮਿਕ ਸਥਾਨ ਬਿਜਲੀ ਚੋਰੀ ਕਰਦੇ ਫੜੇ ਗਏ ਹਨ। ਪਾਵਰਕੌਮ ਦੀ ਟੀਮ ਨੇ ਅੱਜ ਇਸ ਪਿੰਡ ’ਚ ਜਦੋਂ ਚੈਕਿੰਗ ਕੀਤੀ ਤਾਂ ਪਿੰਡ ਦੇ ਛੇ ਧਾਰਮਿਕ ਸਥਾਨਾਂ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਅਤੇ ਇਨ੍ਹਾਂ ’ਚੋਂ ਪੰਜ ਧਾਰਮਿਕ ਸਥਾਨਾਂ ਨੇ ਤਾਂ ਬਿਜਲੀ ਚੋਰੀ ਵਾਸਤੇ ਸਿੱਧੀ ਕੁੰਡੀ ਲਗਾਈ ਹੋਈ ਸੀ। ਪਾਵਰਕੌਮ ਨੇ ਇਨ੍ਹਾਂ ਧਾਰਮਿਕ ਸਥਾਨਾਂ ਨੂੰ 4.73 ਲੱਖ ਦਾ ਜੁਰਮਾਨਾ ਕੀਤਾ ਹੈ। ਚਾਲੂ ਵਰ੍ਹੇ ਦੌਰਾਨ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 19 ਧਾਰਮਿਕ ਸਥਾਨ ਬਿਜਲੀ ਚੋਰੀ ਕਰਦੇ ਫੜੇ ਗਏ ਹਨ, ਜਿਨ੍ਹਾਂ ਨੂੰ 28 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।
ਡੇਰੇ ਵਾਲਿਆਂ ਨੇ ਲਾਇਆ ਸੋਲਰ ਪਲਾਂਟ
ਤਰਨ ਤਾਰਨ ਜ਼ਿਲ੍ਹੇ ’ਚੋਂ ਇੱਕ ਚੰਗੀ ਖ਼ਬਰ ਵੀ ਸਾਹਮਣੇ ਆਈ ਹੈ। ਪਾਵਰਕੌਮ ਨੇ ਇਸ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਮਈ 2022 ਵਿਚ ਛਾਪਾ ਮਾਰ ਕੇ ਇੱਕ ਡੇਰੇ ’ਚ ਬਿਜਲੀ ਚੋਰੀ ਫੜੀ ਸੀ ਅਤੇ 26 ਲੱਖ ਦਾ ਜੁਰਮਾਨਾ ਕੀਤਾ ਸੀ। ਪਾਵਰਕੌਮ ਦੀ ਸਖ਼ਤੀ ਮਗਰੋਂ ਡੇਰਾ ਪ੍ਰਬੰਧਕਾਂ ਨੇ 28 ਜੁਲਾਈ 2023 ਨੂੰ 200 ਕਿਲੋਵਾਟ ਦਾ ਸੋਲਰ ਪਲਾਂਟ ਲਗਾ ਲਿਆ ਹੈ, ਜਿਸ ਨਾਲ ਪਾਵਰਕੌਮ ਨੂੰ ਰਾਹਤ ਮਿਲੀ ਹੈ ਕਿ ਘੱਟੋ ਘੱਟ ਭਵਿੱਖ ਵਿਚ ਬਿਜਲੀ ਚੋਰੀ ਦਾ ਖ਼ਤਰਾ ਖ਼ਤਮ ਹੋ ਗਿਆ ਹੈ। ਇਹ ਵੱਖਰੀ ਗੱਲ ਹੈ ਕਿ ਇਸ ਡੇਰੇ ਵੱਲ ਅੱਜ ਵੀ ਪਾਵਰਕੌਮ ਦੇ ਲੱਖਾਂ ਦੇ ਬਕਾਏ ਖੜ੍ਹੇ ਹਨ।